ਨੌਕਰੀ ਲਈ ਚੁਣੇ ਸਰਕਾਰੀ ਬਹੁਤਕਨੀਕੀ ਕਾਲਜ ਬਡਬਰ ਦੇ 5 ਵਿਦਿਆਰਥੀ

Spread the love

ਰਘਵੀਰ ਹੈਪੀ , ਬਰਨਾਲਾ, 15 ਮਈ 2023
       ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ, ਬਡਬਰ (ਬਰਨਾਲਾ) ਦੇ 3 ਵਿਦਿਆਰਥੀਆਂ ਦੀ ਆਈ.ਓ.ਐਲ. ਕੈਮੀਕਲਜ਼ ਅਤੇ ਫਾਰਮਾਸਿਊਟੀਕਲ, ਲਿਮਟਿਡ ਕੰਪਨੀ ਧੌਲਾ (ਬਰਨਾਲਾ) ਵਿੱਚ ਨੌਕਰੀ ਲਈ ਚੋਣ ਹੋਈ ਹੈ। ਕੰਪਨੀ ਵਲੋਂ ਇਨ੍ਹਾਂ ਵਿਦਿਆਰਥੀਆਂ ਨੂੰ 3,00,000 ਰੁਪਏ ਦਾ ਸਾਲਾਨਾ ਪੈਕੇਜ ਦਿੱਤਾ ਜਾਵੇਗਾ ਜੋ ਕਿ ਕਾਲਜ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਮਾਣ ਵਾਲੀ ਗੱਲ ਹੈ।
      ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਕਾਲਜ ਵਿੱਚ ਚੱਲ ਰਹੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਦੀ ਆਈ.ਓ.ਐਲ. ਕੈਮੀਕਲਜ਼ ਅਤੇ ਫਾਰਮਾਸਿਊਟੀਕਲ, ਲਿਮਟਿਡ ਕੰਪਨੀ ਦੁਆਰਾ ਇੰਟਰਵਿਊ ਲਈ ਗਈ ਸੀ, ਜਿਸ ਵਿੱਚ ਕਾਲਜ ਦੇ 3 ਵਿਦਿਆਰਥੀਆਂ ਸਾਹਿਲ, ਗੁਰਕਮਲ ਸਿੰਘ ਅਤੇ ਵਿਸ਼ਾਲ ਵਰਮਾ ਦੀ ਚੋਣ ਹੋਈ ਹੈ। ਇਸ ਤੋਂ ਇਲਾਵਾ ਦੋ ਵਿਦਿਆਰਥੀਆਂ ਗੁਰਪ੍ਰਤਾਪ ਸਿੰਘ ਅਤੇ ਲਵਨੀਸ਼ ਨਾਰੰਗ ਦੀ ਸਵਰਾਜ ਇੰਜਣ ਲਿਮ:, ਮੋਹਾਲੀ ਵਿੱਚ ਵੀ ਚੋਣ ਹੋਈ ਹੈ। ਉਨ੍ਹਾਂ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਹੋਰ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਕਾਲਜ ਵਲੋਂ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦੀ ਵਧੀਆ ਕੰਪਨੀਆਂ ਵਿਚ ਪਲੇਸਮੈਂਟ ਵੱਲ ਉਚੇਚਾ ਧਿਆਨ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਦੱਸਿਆ ਕਿ ਕਾਲਜ ਦੇ ਪਾਸ ਆਊਟ ਵਿਦਿਆਰਥੀ ਪਹਿਲਾਂ ਵੀ ਦੇਸ਼ ਦੀਆਂ ਨਾਮੀ ਕੰਪਨੀਆਂ ਵਿੱਚ ਨੌਕਰੀ ਕਰ ਰਹੇ ਹਨ ਅਤੇ ਆਪਣੇ ਮਾਪਿਆਂ ਤੇ ਕਾਲਜ ਦਾ ਨਾਮ ਰੌਸ਼ਨ ਕਰਦੇ ਆ ਰਹੇ ਹਨ। ਇਸ ਮੌਕੇ ਅਫਸਰ ਇੰਚਾਰਜ ਮਕੈਨੀਕਲ ਇੰਜੀ: ਵਿਭਾਗ ਡਾ. ਹਰਜਿੰਦਰ ਸਿੰਘ, ਟੀ.ਪੀ.ਓ. ਸ੍ਰੀ ਲਵਪ੍ਰੀਤ ਸਿੰਘ, ਲੈਕਚਰਾਰ ਸ੍ਰੀ ਖੁਸ਼ਪ੍ਰੀਤ ਸਿੰਘ, ਸ੍ਰੀ ਅਮਰੀਕ ਸਿੰਘ ਅਤੇ ਸ੍ਰੀ ਦੀਪਕ ਜਿੰਦਲ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਮੌਜੂਦ ਸਨ।

Spread the love
Scroll to Top