ਪਟਿਆਲਾ ਦੀ ਧੀ ਕਨਿਕਾ ਅਹੂਜਾ ਨੂੰ ਡੀ.ਸੀ. ਸਾਕਸ਼ੀ ਸਾਹਨੀ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਚੁਣੇ ਜਾਣ ਲਈ ਵਧਾਈ ਦਿੱਤੀ

Spread the love

ਰਿਚਾ ਨਾਗਪਾਲ, ਪਟਿਆਲਾ, 18 ਜੁਲਾਈ 2023

 ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਪਟਿਆਲਾ ਦੀ ਧੀ ਅਤੇ ਪ੍ਰਤਿਭਾਸ਼ਾਲੀ ਨੌਜਵਾਨ ਕ੍ਰਿਕਟਰ ਕਨਿਕਾ ਆਹੂਜਾ ਨੂੰ ਚੀਨ ਵਿੱਚ ਹੋਣ ਵਾਲੀਆਂ ਆਗਾਮੀ ਏਸ਼ੀਆਈ ਖੇਡਾਂ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਚੁਣੇ ਜਾਣ ’ਤੇ ਵਧਾਈ ਦਿੱਤੀ ਹੈ।ਉਨ੍ਹਾਂ ਨੇ ਕਨਿਕਾ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ, ਉਸਨੂੰ ਪਟਿਆਲਾ ਦੀਆਂ ਲੜਕੀਆਂ ਲਈ ਚਾਨਣ ਮੁਨਾਰਾ ਦੱਸਿਆ ਹੈ।

      ਆਰਸੀਬੀ ਦੀ ਨੁਮਾਇੰਦਗੀ ਕਰਨ ਵਾਲੀ ਮਹਿਲਾ ਪ੍ਰੀਮੀਅਰ ਲੀਗ ਦੀ ਇੱਕ ਉੱਘੀ ਖਿਡਾਰਨ ਅਤੇ ਪਟਿਆਲਾ ਵਾਸੀ ਸੁਰਿੰਦਰ ਕੁਮਾਰ ਦੀ ਧੀ ਕਨਿਕਾ ਆਹੂਜਾ, ਪੰਜਾਬ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਵੀ ਹੈ। ਉਹ ਪਟਿਆਲਾ ਦੀ ਕ੍ਰਿਕਟ ਹੱਬ ਅਕੈਡਮੀ ਵਿਖੇ ਕੋਚ ਕਮਲ ਸੰਧੂ ਤੋਂ 2013 ਤੋਂ ਕੋਚਿੰਗ ਪ੍ਰਾਪਤ ਕਰ ਰਹੀ ਹੈ।ਇਸ ਮੌਕੇ ਇਹ ਦੋਵੇਂ ਵੀ ਡਿਪਟੀ ਕਮਿਸ਼ਨਰ ਨੂੰ ਮਿਲਣ ਪੁੱਜੇ ਹੋਏ ਸਨ।

   ਡਿਪਟੀ ਕਮਿਸ਼ਨਰ ਨੇ ਕਨਿਕਾ ਆਹੂਜਾ ਨੂੰ ਹਾਰਦਿਕ ਵਧਾਈ ਦਿੰਦਿਆਂ ਕਿਹਾ ਕਿ ਕਨਿਕਾ  ਦੀ ਭਾਰਤੀ ਕ੍ਰਿਕਟ ਟੀਮ ਵਿੱਚ ਚੋਣ ਪਟਿਆਲਾ ਸ਼ਹਿਰ, ਪੰਜਾਬ ਅਤੇ ਸਮੁੱਚੇ ਦੇਸ਼ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਕਨਿਕਾ ਆਹੂਜਾ ਨੂੰ ਉਸ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਉਹ ਕ੍ਰਿਕਟ ਦੇ ਅੰਤਰਰਾਸ਼ਟਰੀ ਖੇਤਰ ਵਿੱਚ ਉੱਤਮ ਪ੍ਰਦਰਸ਼ਨ ਕਰਨ ਲਈ ਆਪਣੀ ਯੋਗਤਾਵਾਂ ਦਾ ਬਿਹਤਰ ਪ੍ਰਦਰਸ਼ਨ ਕਰੇਗੀ।

       ਸਾਕਸ਼ੀ ਸਾਹਨੀ ਨੇ ਕਿਹਾ ਕਿ , “ਕਨਿਕਾ ਆਹੂਜਾ ਦੀਆਂ ਪ੍ਰਾਪਤੀਆਂ ਉਸਦੀ ਸਖਤ ਮਿਹਨਤ, ਸਮਰਪਣ ਅਤੇ ਬੇਮਿਸਾਲ ਪ੍ਰਤਿਭਾ ਦਾ ਪ੍ਰਮਾਣ ਹਨ। “ਮੈਨੂੰ ਭਰੋਸਾ ਹੈ ਕਿ ਉਹ ਏਸ਼ੀਆਈ ਖੇਡਾਂ ਵਿੱਚ ਦੇਸ਼ ਦਾ ਮਾਣ ਵਧਾਏਗੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਟੀਮ ਇੰਡੀਆ ਸਾਡੇ ਦੇਸ਼ ਲਈ ਸੋਨੇ ਦਾ ਤਗ਼ਮਾ ਲੈ ਕੇ ਆਵੇ।

       ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੂਰਾ ਸ਼ਹਿਰ ਪਟਿਆਲਾ, ਪੰਜਾਬ ਅਤੇ ਦੇਸ਼, ਏਸ਼ੀਅਨ ਖੇਡਾਂ ਵਿੱਚ ਕਨਿਕਾ ਆਹੂਜਾ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬੇਸਬਰੀ ਨਾਲ ਉਡੀਕ ਕਰਦੇ ਹੋਏ ਉਸਦਾ ਦਿਲੋਂ ਸਮਰਥਨ ਕਰ ਰਿਹਾ ਹੈ। ਉਸਦੀ ਸਫ਼ਲਤਾ ਪਟਿਆਲਾ ਸ਼ਹਿਰ ਦੀਆਂ ਉਭਰਦੀਆਂ ਕ੍ਰਿਕਟ ਖਿਡਾਰਨਾਂ ਲਈ ਪ੍ਰੇਰਨਾ ਸਰੋਤ ਦਾ ਕੰਮ ਕਰੇਗੀ।


Spread the love
Scroll to Top