ਪਟਿਆਲਾ ਜ਼ਿਲ੍ਹੇ ਦੇ ਚਾਰ ਬਲਾਕਾਂ ‘ਚ ਬਲਾਕ ਪੱਧਰੀ ਖੇਡਾਂ ਦਾ ਉਤਸ਼ਾਹ ਨਾਲ ਆਗਾਜ਼

Spread the love

ਪਟਿਆਲਾ ਜ਼ਿਲ੍ਹੇ ਦੇ ਚਾਰ ਬਲਾਕਾਂ ‘ਚ ਬਲਾਕ ਪੱਧਰੀ ਖੇਡਾਂ ਦਾ ਉਤਸ਼ਾਹ ਨਾਲ ਆਗਾਜ਼

ਪਟਿਆਲਾ, 2 ਸਤੰਬਰ (ਰਾਜੇਸ਼ ਗੌਤਮ)

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਮਾਨਸਿਕ ਤੇ ਸਰੀਰਕ ਪੱਖੋਂ ਸਿਹਤਮੰਦ ਬਣਾਉਣ ਲਈ ਸ਼ੁਰੂ ਕੀਤੀਆਂ ‘ਖੇਡਾਂ ਵਤਨ ਪੰਜਾਬ ਦੀਆਂ-2022’ ਤਹਿਤ ਪਟਿਆਲਾ ਜ਼ਿਲ੍ਹੇ ਦੇ ਚਾਰ ਬਲਾਕਾਂ ‘ਚ ਅੱਜ ਬਲਾਕ ਪੱਧਰੀ ਖੇਡ ਮੁਕਾਬਲਿਆਂ ਦਾ ਆਗਾਜ਼ ਬਹੁਤ ਉਤਸ਼ਾਹ ਨਾਲ ਹੋਇਆ।

ਪਟਿਆਲਾ ਦੇ ਰਾਜਾ ਭਾਲਿੰਦਰ ਸਿੰਘ ਖੇਡ ਕੰਪਲੈਕਸ ਪੋਲੋ ਗਰਾਊਂਡ ਵਿਖੇ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦੇਣ ਪੁੱਜੇ। ਖੇਡਾਂ ਦੀ ਸ਼ੁਰੂਆਤ ਮੌਕੇ ਏਸ਼ੀਅਨ ਖੇਡਾਂ ਦੇ ਮੈਡਲਿਸਟ ਪਹਿਲਵਾਨ ਗੁਰਮੁੱਖ ਸਿੰਘ ਨੇ ਖਿਡਾਰੀਆਂ ਨੂੰ ਇਨ੍ਹਾਂ ਖੇਡਾਂ ‘ਚ ਖੇਡ ਭਾਵਨਾ ਨਾਲ ਹਿੱਸਾ ਲੈਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਚੁਕਾਈ।

ਵਿਧਾਇਕ ਡਾ. ਬਲਬੀਰ ਸਿੰਘ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ‘ਚ ਹਿੱਸਾ ਲੈ ਰਹੇ ਬੱਚਿਆਂ ਤੇ ਖਿਡਾਰੀਆਂ ਦਾ ਉਤਸ਼ਾਹ ਅਤੇ ਅੱਖਾਂ ‘ਚ ਚਮਕ ਦੇਖਕੇ ਸਪੱਸ਼ਟ ਹੋ ਗਿਆ ਹੈ ਕਿ ਸਾਡੇ ਬੱਚੇ, ਨੌਜਵਾਨ, ਖਿਡਾਰੀ ਅਤੇ ਸਾਡਾ ਪੰਜਾਬ ਜਰੂਰ ਜਿੱਤੇਗਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਰੰਗਲਾ ਪੰਜਾਬ ਬਣਾਉਣ ਦਾ ਲਿਆ ਗਿਆ ਸੁਪਨਾ ਜਰੂਰ ਸਾਕਾਰ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਖੇਡਾਂ ਹਰ ਸਾਲ ਕਰਵਾਈਆਂ ਜਾਣਗੀਆਂ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪੋਲੋ ਗਰਾਂਊਂਡ ਵਿਖੇ ਖਿਡਾਰੀਆਂ ਅੰਦਰ ਉਤਸ਼ਾਹ ਭਰਦਿਆਂ ਕਿਹਾ ਕਿ ”ਸਾਡੇ ਸਾਰੇ ਬੱਚੇ ਪਟਿਆਲਾ ਅਤੇ ਪੰਜਾਬ ਲਈ ਸੁਪਰ ਸਟਾਰ ਹਨ।” ਉਨ੍ਹਾਂ ਬੱਚਿਆਂ ਨੂੰ ਇਨ੍ਹਾਂ ਖੇਡਾਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਾਰੇ ਖਿਡਾਰੀ ਜੇਤੂ ਹਨ ਅਤੇ ਉਹ ਆਪਣੇ ਸਾਥੀਆਂ ਨੂੰ ਵੀ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਤ ਕਰਨ।

ਸਾਕਸ਼ੀ ਸਾਹਨੀ ਨੇ ਦੱਸਿਆ ਕਿ ਖਿਡਾਰੀਆਂ ਵਿੱਚ ਖੇਡਾਂ ਵਿੱਚ ਹਿੱਸਾ ਲੈਣ ਦੀ ਉਤਸੁਕਤਾ ਦੇਖਦਿਆਂ ਪੰਜਾਬ ਸਰਕਾਰ ਨੇ ਬਲਾਕ ਪੱਧਰ ਦੀਆਂ ਛੇ ਖੇਡਾਂ ਵਾਲੀਬਾਲ, ਅਥਲੈਟਿਕਸ, ਫੁਟਬਾਲ, ਕਬੱਡੀ ਨੈਸ਼ਨਲ ਸਟਾਈਲ, ਖੋ ਖੋ ਤੇ ਰੱਸਾਕਸ਼ੀ ਨੂੰ ਛੱਡ ਕੇ ਬਾਕੀ 22 ਖੇਡਾਂ ਦੇ ਜ਼ਿਲ੍ਹਾ ਤੇ ਸੂਬਾ ਪੱਧਰ ਦੇ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ ਦੀ ਤਰੀਕ 8 ਸਤੰਬਰ ਤੱਕ ਵਧਾ ਦਿੱਤੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਪਟਿਆਲਾ ਜ਼ਿਲ੍ਹੇ ਦੇ ਚਾਰ ਬਲਾਕਾਂ, ਪਟਿਆਲਾ ਸ਼ਹਿਰੀ ਦੀਆਂ ਖੇਡਾਂ ਪੋਲੋ ਗਰਾਊਂਡ ਵਿਖੇ, ਪਟਿਆਲਾ ਦਿਹਾਤੀ ਦੀਆਂ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਤੇ ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਸਰੀਰਕ ਸਿੱਖਿਆ ਕਾਲਜ, ਨਾਭਾ ਬਲਾਕ ਦੀਆਂ ਸਰਕਾਰੀ ਰਿਪੂਦਮਨ ਕਾਲਜ ਅਤੇ ਭੁੱਨਰਹੇੜੀ ਬਲਾਕ ਦੀਆਂ ਸ਼ਹੀਦ ਊਧਮ ਸਿੰਘ ਖੇਡ ਸਟੇਡੀਅਮ ਵਿਖੇ ਸ਼ੁਰੂ ਹੋਈਆਂ ਹਨ ਜੋਕਿ 4 ਸਤੰਬਰ ਤੱਕ ਚੱਲਣਗੀਆਂ। ਜਦੋਂਕਿ ਬਾਕੀ 6 ਬਲਾਕਾਂ ਦੀਆਂ ਖੇਡਾਂ 5, 6 ਅਤੇ 7 ਸਤੰਬਰ ਨੂੰ ਹੋਣਗੀਆਂ।

ਜ਼ਿਲ੍ਹਾ ਖੇਡ ਅਫ਼ਸਰ ਸਾਸ਼ਵਤ ਰਾਜ਼ਦਾਨ ਨੇ ਦੱਸਿਆ ਕਿ ਇਨ੍ਹਾਂ ਖੇਡਾਂ ‘ਚ ਅਥਲੈਕਿਟਸ, ਫੁੱਟਬਾਲ, ਖੋ-ਖੋ, ਕਬੱਡੀ ਨੈਸ਼ਨਲ ਤੇ ਸਰਕਲ ਸਟਾਇਲ, ਰੱਸਾਕਸੀ ਅਤੇ ਵਾਲੀਬਾਲ ਦੇ ਮੁਕਾਬਲਿਆਂ ਵਿੱਚ ਚਾਰੇ ਬਲਾਕਾਂ ਅੰਦਰ 6 ਉਮਰ ਵਰਗਾਂ ਵਿੱਚ ਅੰਡਰ 14, ਅੰਡਰ 17, ਅੰਡਰ 21 ਅਤੇ 21 ਤੋਂ 40, ਇਸੇ ਤਰ੍ਹਾਂ 40 ਤੋਂ 50 ਅਤੇ 50 ਸਾਲ ਤੋਂ ਉਪਰ ਦੇ ਸਾਰੇ ਖਿਡਾਰੀਆਂ ਦੀਆਂ 4 ਹਜ਼ਾਰ ਤੋਂ ਵੱਧ ਅਰਜ਼ੀਆਂ ਪੁੱਜੀਆਂ ਸਨ ਇਸ ਤਰ੍ਹਾਂ ਟੀਮ ਖੇਡਾਂ ਨੂੰ ਸ਼ਾਮਲ ਕਰਕੇ 10 ਹਜ਼ਾਰ ਤੋਂ ਵੱਧ ਖਿਡਾਰੀਆਂ ਨੇ ਅੱਜ ਇਨ੍ਹਾਂ ਬਲਾਕ ਪੱਧਰ ਦੀਆਂ ਖੇਡਾਂ ਵਿੱਚ ਹਿੱਸਾ ਲਿਆ ਹੈ।


Spread the love
Scroll to Top