Skip to content
- 2 ਦਿਨ ਹੋਰ ਵਧੀ ਪੁਲਿਸ ਰਿਮਾਂਡ ਦੀ ਮਿਆਦ, ਹੁਣ ਪੁਲਿਸ ਰਿੰਕੂ ਮਿੱਤਲ ਨੂੰ ਲੈ ਕੇ ਜਾਉ ਦਿੱਲੀ
-ਬੀਰੂ ਰਾਮ ਠਾਕੁਰ ਦਾਸ ਦੀ ਦਿੱਲੀ ਦੇ ਚਾਂਦਨੀ ਚੌਕ ਚ, ਵੀ ਹੈ ਇੱਕ ਹੋਰ ਫਰਮ - ਪੁਲਿਸ ਲਈ ਵੱਡੀ ਚੁਣੌਤੀ ਬਣਿਆ, ਨਸ਼ਾ ਤਸਕਰੀ ਦਾ ਪੂਰਾ ਸੱਚ ਸਾਹਮਣੇ ਲਿਆਉਣਾ
- ਰਿੰਕੂ ਦੀ ਚਾਲੀ ਫੁੱਟੀ, ਗਲੀ ਵਾਲੀ ਕੋਠੀ ਦੀ ਪੁਲਿਸ ਨੇ ਲਈ ਤਲਾਸ਼ੀ,ਬਰਾਮਦਗੀ ਬਾਰੇ ਪੁਲਿਸ ਮੌਨ
– ਬਰਨਾਲਾ–
ਨਸ਼ੀਲੀਆਂ ਦਵਾਈਆਂ ਦੇ ਵੱਡੇ ਸਪਲਾਇਰ ਦੇ ਰੂਪ ਵਿੱਚ ਸੀ.ਆਈ.ਏ. ਦੀ ਟੀਮ ਦੇ ਹੱਥੇ ਚੜ੍ਹੇ ,,ਬੀਰੂ ਰਾਮ ਠਾਕੁਰ ਦਾਸ ਫਰਮ ਦੇ ਸੰਚਾਲਕ ਤੇ ਦੋ ਵੱਡੀਆਂ ਸਿੱਖਿਆ ਸੰਸਥਾਵਾਂ ਦੇ ਮਾਲਿਕ ਨਰੇਸ਼ ਮਿੱਤਲ ਉਰਫ ਰਿੰਕੂ ਤੋਂ ਹੁਣ ਤੱਕ ਹੋਈ ਪੁੱਛਗਿਛ ਨਾਲ ਫਰਮ ਅਤੇ ਰਿੰਕੂ ਮਿੱਤਲ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਗਈਆਂ ਹਨ। ਸਫੈਦਪੋਸ਼ ਦੇ ਨਕਾਬ ਹੇਠ ਸਮਾਜ ਚ, ਉੱਚਾ ਰੁਤਬਾ ਕਾਇਮ ਕਰ ਚੁੱਕੇ ਨਾਮਜ਼ਦ ਦੋਸ਼ੀ ਨਰੇਸ਼ ਮਿੱਤਲ ਉਰਫ ਰਿੰਕੂ ਦੇ ਪਰਿਵਾਰ ਅਤੇ ਉਸਦੇ ਪ੍ਰਭਾਵਸ਼ਾਲੀ ਦੋਸਤਾਂ ਦੇ ਵੱਡੇ ਦਾਇਰੇ ਦੀਆਂ ਪੁਲਿਸ ਰਿਮਾਂਡ ਤੋਂ ਬਚਣ ਲਈ ਕੀਤੀਆਂ, ਸਭ ਕੋਸ਼ਿਸ਼ਾਂ ਬੁੱਧਵਾਰ ਨੂੰ ਅਸਫਲ ਹੋ ਗਈਆਂ। ਆਖਿਰ ਇਲਾਕਾ ਮੈਜਿਸਟ੍ਰੇਟ ਸੀ.ਜੇ. ਐਮ. ਵਿਨੀਤ ਕੁਮਾਰ ਨਾਰੰਗ ਨੇ ਦੋਸ਼ੀ ਰਿੰਕੂ ਦੀ ਪੁੱਛਗਿੱਛ ਲਈ ਦੋ ਦਿਨ ਦਾ ਹੋਰ ਪੁਲਿਸ ਰਿਮਾਂਡ ਦੇ ਦਿੱਤਾ। ਬਾਅਦ ਦੁਪਹਿਰ ਪੁਲਿਸ ਪਾਰਟੀ ਨੇ ਦੋਸ਼ੀ ਨੂੰ ਕਰੜੇ ਸੁਰੱਖਿਆਂ ਪ੍ਰਬੰਧ ਹੇਠ ਅਦਾਲਤ ਵਿੱਚ ਪੇਸ਼ ਕੀਤਾ। - ਹਾਈ ਪ੍ਰੋਫਾਈਲ ਕੇਸ ਹੋਣ ਅਤੇ ਦੋਸ਼ੀ ਦੇ ਧਨਾੜ ਹੋਣ ਦੇ ਬਾਵਜੂਦ ਨੂੰ ਦਰਕਿਨਾਰ ਕਰਦੇ ਹੋਏ ਸਰਕਾਰੀ ਵਕੀਲ ਦਿਲਪ੍ਰੀਤ ਸਿੰਘ ਨੇ ਬੜੀ ਦ੍ਰਿੜਤਾ ਤੇ ਇਮਾਨਦਾਰੀ ਨਾਲ ਪੁਲਿਸ ਦਾ ਪੱਖ ਅਦਾਲਤ ਤੇ ਸਾਹਮਣੇ ਪੇਸ਼ ਕੀਤਾ। ਦਿਲਪ੍ਰੀਤ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਦਾ ਨਸ਼ਾ ਤਸਕਰੀ ਦਾ ਧੰਦਾ ਦਿੱਲੀ ਤੱਕ ਵੀ ਫੈਲਿਆ ਹੋਇਆ ਹੈ। ਦਿੱਲੀ ਦੇ ਚਾਂਦਨੀ ਚੌਂਕ ਖੇਤਰ ਵਿੱਚ ਵੀ ਇਸ ਫਰਮ ਦੀ ਇੱਕ ਵੱਡੀ ਕੈਮਿਸਟ ਦੀ ਦੁਕਾਨ ਹੈ। ਇਸ ਤੋਂ ਇਲਾਵਾਂ ਦੋਸ਼ੀ ਨੇ ਆਪਣਾ ਇੱਕ ਫਲੈਟ ਵੀ ਦਿੱਲੀ ਚ, ਹੋਣ ਦਾ ਇੰਕਸ਼ਾਫ ਕੀਤਾ ਹੈ ਕਿ ਉੱਥੇ ਵੀ ਉਸ ਨੇ ਨਸ਼ੀਲੀਆਂ ਦਵਾਈਆਂ ਦਾ ਵੱਡਾ ਜਖੀਰਾ ਛੁਪਾਇਆ ਹੋਇਆ ਹੈ। ਇਨ੍ਹਾਂ ਹੀ ਨਹੀਂ, ਦੋਸ਼ੀ ਪੁਲਿਸ ਨੂੰ ਪੁਛਗਿੱਛ ਵਿੱਚ ਵੀ ਚੰਗੇ ਢੰਗ ਨਾਲ ਸਹਿਯੋਗ ਨਹੀਂ ਕਰ ਰਿਹਾ। ਇਸ ਤਰਾਂ ਦੋਸ਼ੀ ਨੂੰ ਪੰਜਾਬ ਤੋਂ ਬਾਹਰ ਉਸਦੇ ਠਿਕਾਣਿਆਂ ਤੇ ਲੈ ਜਾ ਕੇ ਤਲਾਸੀ ਲੈਣਾ ਜਰੂਰੀ ਹੋ ਗਿਆ ਹੈ। ਸਰਕਾਰੀ ਵਕੀਲ ਨੇ ਇਹ ਵੀ ਕਿਹਾ ਕਿ ਪੁਲਿਸ, ਦੋਸ਼ੀ ਦੁਆਰਾ ਨਸ਼ਿਆਂ ਤੋਂ ਬਣਾਈ ਜਾਇਦਾਦ ਦੀ ਵੀ ਪੜਤਾਲ ਕਰਨਾ ਚਾਹੁੰਦੀ ਹੈ। ਉੱਧਰ ਬਚਾਉ ਪੱਖ ਦੇ ਵਕੀਲ ਨੇ ਅਦਾਲਤ ਨੂੰ ਹੋਰ ਪੁਲਿਸ ਰਿਮਾਂਡ ਨਾ ਦੇਣ ਲਈ ਦਲੀਲਾਂ ਦਿੱਤੀਆਂ ਕਿ ਪੁਲਿਸ ਬੇਸ਼ੱਕ ਰਿੰਕੂ ਮਿੱਤਲ ਨੂੰ ਵੱਡੇ ਨਸ਼ਾ ਸਪਲਾਇਰ ਦੇ ਤੌਰ ਤੇ ਪੇਸ਼ ਕਰ ਰਹੀ ਹੈ। ਪਰੰਤੂ ਹੁਣ ਤੱਕ ਦੀ ਦੋਸ਼ੀ ਤੋਂ ਬਰਾਮਦ ਹੋਈਆਂ ਨਸ਼ੀਲੀਆਂ ਦਵਾਈਆਂ ਦੀ ਮਾਤਰਾ ਸਿਰਫ ਕਰੀਬ ਸਾਢੇ 6 ਹਜ਼ਾਰ ਹੀ ਹੈ। ਪੁਲਿਸ ਦੋਸ਼ੀ ਨੂੰ ਬਿਨਾਂ ਕੋਈ ਠੋਸ ਸਬੂਤਾਂ ਦੇ ਹੀ ਜਾਣਬੁੱਝ ਕੇ ਹੀ ਪਰੇਸ਼ਾਨ ਕਰ ਰਹੀ ਹੈ। ਅਦਾਲਤ ਨੇ ਦੋਵਾਂ ਵਕੀਲਾਂ ਦੀਆਂ ਦਲੀਲਾਂ ਨੂੰ ਸੁਨਣ ਉਪਰੰਤ ਸਰਕਾਰੀ ਵਕੀਲ ਦਿਲਪ੍ਰੀਤ ਸਿੰਘ ਦੀਆਂ ਦਲੀਲਾਂ ਨਾਲ ਸਹਿਮਤ ਹੋ ਕੇ ਰਿੰਕੂ ਮਿੱਤਲ ਦੇ ਪੁਲਿਸ ਰਿਮਾਂਡ ਦੀ ਮਿਆਦ ਦੋ ਦਿਨ ਹੋਰ ਵਧਾ ਦਿੱਤੀ।
-ਰਿੰਕੂ ਮਿੱਤਲ ਦੇ ਘਰ ਦੀ ਵੀ ਲਈ ਤਲਾਸ਼ੀ
ਸੀ.ਆਈ.ਏ. ਦੀ ਪੁਲਿਸ ਟੀਮ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਰਿੰਕੂ ਨੂੰ ਨਾਲ ਲੈ ਕੇ ਤਲਾਸ਼ੀ ਲੈਣ ਲਈ ਉਸਦੇ ਚਾਲੀ ਫੁੱਟੀ ਗਲੀ ਚ, ਸਥਿਤ ਮਕਾਨ ਵਿੱਚ ਪਹੁੰਚੀ। ਪੁਲਿਸ ਨੂੰ ਵੇਖਦਿਆਂ ਹੀ ਇਲਾਕੇ ਦੇ ਲੋਕ ਸਹਿਮ ਗਏ। ਪੁਲਿਸ ਨੇ ਕਾਫੀ ਸਮੇਂ ਤੱਕ ਮਕਾਨ ਦੀ ਤਲਾਸ਼ੀ ਕੀਤੀ। ਪ੍ਰਤੱਖ ਦਰਸ਼ੀ ਲੋਕਾਂ ਦੇ ਅਨੁਸਾਰ ਪੁਲਿਸ ਪਾਰਟੀ ਕਾਫੀ ਦਸਤਾਵੇਜ਼ ਅਤੇ ਡੱਬਿਆਂ ਵਿੱਚ ਪੈਕ ਕੀਤਾ ਸਮਾਨ ਨਾਲ ਲੈ ਕੇ ਚਲੀ ਗਈ। ਉੱਧਰ ਪੁੱਛਣ ਤੇ ਕਿਸੇ ਵੀ ਅਧਿਕਾਰੀ ਤੇ ਕਰਮਚਾਰੀ ਨੇ ਰਿੰਕੂ ਦੇ ਘਰ ਦੀ ਤਲਾਸ਼ੀ ਦੌਰਾਨ ਕੁਝ ਵੀ ਬਰਾਮਦ ਹੋਣ ਦੀ ਪੁਸ਼ਟੀ ਨਹੀ ਕੀਤੀ।
-ਨਹੀਂ ਹੋਈ ਐਸ.ਐਸ.ਪੀ. ਦੀ ਪ੍ਰੈਸ ਕਾਨਫਰੰਸ
ਭਾਂਵੇ ਮੰਗਲਵਾਰ ਨੂੰ ਐਸ.ਪੀ. ਡੀ ਵਿਰਕ ਨੇ ਦਾਵਾ ਕੀਤਾ ਸੀ ਕਿ ਬੁੱਧਵਾਰ ਨੂੰ ਜਿਲ੍ਹਾ ਪੁਲਿਸ ਮੁੱਖੀ ਇਸ ਪੂਰੇ ਮਾਮਲੇ ਦਾ ਖੁਲਾਸਾ ਪ੍ਰੈਸ ਕਾਨਫਰੰਸ ਦੌਰਾਨ ਕਰਨਗੇ। ਪਰੰਤੂ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਗਈ। ਪੁੱਛਣ ਤੇ ਐਸ.ਪੀ. ਡੀ ਵਿਰਕ ਨੇ ਕਿਹਾ ਕਿ ਕੁਝ ਨਾ ਦੱਸੇ ਜਾਣ ਵਾਲੇ ਕਾਰਣ ਕਰਕੇ ਪ੍ਰੈਸ ਕਾਨਫਰੰਸ ਨਹੀਂ ਕੀਤੀ ਗਈ। ਜਲਦ ਹੀ ਪ੍ਰੈਸ ਕਾਨਫਰੰਸ ਕਰਕੇ ਪ੍ਰੈਸ ਨੂੰ ਦੱਸਿਆ ਜਾਵੇਗਾ।
-ਲੋਕਾਂ ਵਿੱਚ ਪੁਲਿਸ ਕਾਰਵਾਈ ਨੂੰ ਲੈ ਕੇ ਪੈਦਾ ਹੋਏ ਕੁਝ ਸ਼ੰਕੇ,
ਬੇਸ਼ੱਕ ਪੁਲਿਸ ਨੇ ਪਹਿਲੀ ਵਾਰ ਹੀ ਪ੍ਰਸਿੱਧ ਫਰਮ ਨੂੰ ਹੱਥ ਪਾਉਣ ਦੀ ਜੁਰੱਅਤ ਕੀਤੀ ਹੈ, ਪਰੰਤੂ ਵੱਡੇ ਸਪਲਾਇਰ ਤੋਂ ਮਾਮੂਲੀ ਰਿਕਵਰੀ ਕਈ ਤਰਾਂ ਦੇ ਸਵਾਲ ਖੜ੍ਹੇ ਕਰ ਰਹੀ ਹੈ।
-ਬਾਜ਼ਵਾ ਪੱਤੀ ਦੇ ਗੋਦਾਮ ਚੋਂ, ਸਿਰਫ 17 ਸੌ ਗੋਲੀ ਹੀ ਕਿਵੇਂ ਬਰਾਮਦ ਹੋਈ।- ਬੀਰੂ ਰਾਮ ਠਾਕੁਰ ਦਾਸ ਫਰਮ ਦੀ ਵੱਡੀ ਦੁਕਾਨ ਚੋਂ ਵੀ ਸਿਰਫ 32 ਸੌ ਗੋਲੀ ਹੀ ਬਰਾਮਦ ਹੋਈ।
-ਪੁਲਿਸ ਰਿਮਾਂਡ ਦੇ ਦੌਰਾਨ ਵੀ ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ 2 ਹਜ਼ਾਰ ਤੱਕ ਵੀ ਨਹੀ ਪਹੁੰਚੀ। - ਨਸ਼ੀਲੀਆਂ ਦਵਾਈਆਂ ਦੀ ਬਰਾਮਦਗੀ ਤੋਂ ਬਾਅਦ ਵੀ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਨਾ ਸਟਾਕ ਚੈਕ ਕੀਤਾ ਅਤੇ ਨਾ ਹੀ ਦੁਕਾਨ ਨੂੰ ਸੀਲ ਲਾਈ ਗਈ।
-ਹਰ ਕੋਈ ਬਣਾਉਣ ਲੱਗਾ ਦੂਰੀ
ਸ਼ਹਿਰ ਚ, ਬੇਹੱਦ ਪ੍ਰਭਾਵ ਤੇ ਬਾ-ਰਸੂਖ ਰੁਤਬਾ ਪ੍ਰਾਪਤ ਨਸ਼ਾ ਸਪਲਾਇਰ ਰਿੰਕੂ ਮਿੱਤਲ ਪੁਲਿਸ ਪਕੜ ਚ ਆਉਣ ਤੋਂ ਪਹਿਲਾਂ ,ਹਰ ਸਮੇਂ ਵੱਡੇ ਅਫਸਰਾਂ, ਦੋ ਨੰਬਰੀ ਟਰਮੀਨਲ ਕਾਰੋਬਾਰੀਆਂ ਚ ਘਿਰਿਆ ਰਹਿੰਦਾ ਸੀ। ਪਰੰਤੂ ਪੁਲਿਸ ਦੇ ਹੱਥੇ ਚੜ੍ਹਨ ਤੋਂ ਬਾਅਦ ਉਸ ਦੇ ਕਰੀਬੀਆਂ ਨੇ ਵੀ ਉਸ ਤੋਂ ਦੂਰੀ ਬਣਾ ਲਈ ਹੈ। ਇਸ ਦਾ ਅਦਾਜ਼ਾ ਰਿੰਕੂ ਨੂੰ ਅਦਾਲਤ ਵਿੱਚ ਪੇਸ਼ ਕਰਨ ਸਮੇਂ ਸਾਫ ਤੌਰ ਤੋ ਝਲਕਦਾ ਸੀ। ਗਿਰਫਤਾਰੀ ਦੇ ਪਹਿਲੇ ਦਿਨ ਨਾਲੋਂ ਦੂਸਰੇ ਦਿਨ ਤੇ ਫਿਰ ਤੀਸਰੇ ਦਿਨ ਰਿੰਕੂ ਦੇ ਸਮਰਥੱਕਾਂ ਦੀ ਭੀੜ ਛਟ ਗਈ।
-ਵਰਨਣਯੋਗ ਹੈ ਕਿ ਪੁਲਿਸ ਹੁਣ ਤੱਕ ਬੀਰੂ ਰਾਮ ਠਾਕੁਰ ਦਾਸ ਫਰਮ ਦੇ ਸੰਚਾਲਕ ਰਿੰਕੂ ਅਤੇ ਬਰਨਾਲਾ-ਸੰਗਰੂਰ ਰੋਡ ਤੇ ਮਾਨਾ ਪਿੰਡੀ ਧਨੌਲਾ ਵਿਖੇ ਸੈਕਰਡ ਹਾਰਟ ਕਾਲੇਜ਼ ਆਫ ਐਜੂਕੇਸ਼ਨ ਅਤੇ ਬਰਨਾਲਾ ਪੌਲੀਟੈਕਨਿਕ ਕਾਲਜ ਦੇ ਮਾਲਕ ਤੋਂ ਕਰੀਬ ਸੱਤ ਹਜ਼ਾਰ ਨਸ਼ੀਲੀਆਂ ਗੋਲੀਆਂ, ਨਸ਼ੀਲੀਆਂ ਦਵਾਈਆਂ ਦੇ ਧੰਦੇ ਚੋਂ ਕਮਾਈ 5 ਲੱਖ ਰੁਪਏ ਦੀ ਰਾਸ਼ੀ ਅਤੇ ਇੱਕ ਇਨੋਵਾ ਗੱਡੀ ਬਰਾਮਦ ਕਰ ਚੁੱਕੀ ਹੈ।
- ਛੋਟਾ ਹੋਵੇ ਜਾਂ ਵੱਡਾ,ਬਖਸ਼ਿਆਂ ਨਹੀਂ ਜਾਉ ਕੋਈ ਵੀ ਦੋਸ਼ੀ
ਐਸ.ਐਸ.ਪੀ. ਸੰਦੀਪ ਗੋਇਲ ਨੇ ਕਿਹਾ ਕਿ ਨਸ਼ਾ ਤਸਕਰੀ ਕਰਨ ਵਾਲਾ ਕੋਈ ਵੀ ਦੋਸ਼ੀ ਬਖਸ਼ਿਆਂ ਨਹੀਂ ਜਾਵੇਗਾ। ਭਾਂਵੇ ਛੋਟਾ, ਹੋਵੇ ਜਾਂ ਵੱਡਾ। ਉਨ੍ਹਾਂ ਕਿਹਾ ਕਿ ਪੁਲਿਸ ਨੇ ਜਿਸ ਤਰਾਂ ਚੈਨ ਅਨੁਸਾਰ ਦੋਸ਼ੀ ਫੜ੍ਹੇ ਹਨ। ਉਸੇ ਹੀ ਤਰਾਂ ਪੁਲਿਸ ਰਿੰਕੂ ਮਿੱਤਲ ਦੀ ਤਫਤੀਸ਼ ਦੌਰਾਨ ਸਾਹਮਣੇ ਆਏ ਹੋਰ ਵੱਡੇ ਨਸ਼ਾ ਸਪਲਾਇਰਾਂ ਨੂੰ ਵੀ ਫੜ੍ਹਨ ਦਾ ਯਤਨ ਕਰੇਗੀ। ਉੱਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਜਾਂ ਹੋਰ ਅਪਰਾਧਿਕ ਕਿਸਮ ਦੇ ਵਿਅਕਤੀਆਂ ਬਾਰੇ ਉਨ੍ਹਾਂ ਤੱਕ ਸਿੱਧੀ ਸੂਚਨਾ ਦੇਵ, ਸੂਚਨਾ ਦੇਣ ਵਾਲੇ ਦਾ ਨਾਮ ਪੂਰੀ ਤਰਾਂ ਗੁਪਤ ਰੱਖਿਆ ਜਾਵੇਗਾ।