ਵਧੀਕ ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਦੇ ਸੁਚੱਜੇ ਨਿਬੇੜੇ ਲਈ ਜਾਗਰੂਕਤਾ ਵੈਨਾਂ ਰਵਾਨਾ
ਸੋਨੀ ਪਨੇਸਰ , ਬਰਨਾਲਾ, 21 ਸਤੰਬਰ 2022
ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਪਰਮਵੀਰ ਸਿੰਘ ਵੱਲੋਂ ਝੋਨੇ ਦੀ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕਤਾ ਲਈ ਤਿੰਨ ਵੈਨਾਂ ਅੱਜ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੋਂ ਰਵਾਨਾ ਕੀਤੀਆਂ ਗਈਆਂ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਅੰਦਰ ਝੋਨੇ ਦੀ ਫਸਲ ਪੱਕਣ ਨੇੜੇ ਹੈ ਅਤੇ ਪਹਿਲੀ ਅਕਤੂਬਰ ਤੋਂ ਮੰਡੀਆਂ ’ਚ ਫਸਲ ਦੀ ਸਰਕਾਰੀ ਖਰੀਦ ਵੀ ਸ਼ੁਰੂ ਹੋ ਜਾਵੇਗੀ। ਉਨਾਂ ਕਿਹਾ ਕਿ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਤਿੰਨੇ ਬਲਾਕਾਂ ਬਰਨਾਲਾ, ਸਹਿਣਾ ਤੇ ਮਹਿਲ ਕਲਾਂ ਵਿੱਚ ਜਾਗਰੁਕਤਾ ਵੈਨਾਂ ਚਲਾਈਆਂ ਗਈਆਂ ਹਨ, ਜੋ ਪਿੰਡ ਪਿੰਡ ਜਾ ਕੇ ਪਰਾਲੀ ਦੇ ਵਾਤਾਵਰਣ ਪੱਖੀ ਨਿਬੇੜੇ ਦਾ ਹੋਕਾ ਦੇਣਗੀਆਂ।
ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲੇ ਵਿੱਚ ਵੱਖ ਵੱਖ ਟੀਮਾਂ ਵੀ ਬਣਾਈਆਂ ਗਈਆਂ ਹਨ, ਜੋ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰ ਰਹੀਆਂ ਹਨ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਵਰਿੰਦਰ ਕੁਮਾਰ ਨੇ ਦੱਸਿਆ ਕਿ ਪਿੰਡ ਪਿੰਡ ਕਿਸਾਨ ਜਾਗਰੂਕਤਾ ਕੈਂਪ ਲਗਾ ਕੇ ਅਤੇ ਸਕੂਲਾਂ ਵਿੱਚ ਸੈਮੀਨਾਰਾਂ ਰਾਹੀਂ ਪਰਾਲੀ ਦੇ ਨਿਬੇੜੇ ਲਈ ਮੁਹਿੰਮ ਚਲਾਈ ਗਈ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਨੂੰ ਸ਼ੁੱਧ ਰੱਖਣ ਅਤੇ ਧਰਤੀ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਲਈ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਈ ਜਾਵੇ। ਇਸ ਮੌਕੇ ਐਸਡੀਐਮ ਗੋਪਾਲ ਸਿੰਘ ਅਤੇ ਖੇਤੀਬਾੜੀ ਵਿਭਾਗ ਦਾ ਸਟਾਫ ਮੌਜੂਦ ਸੀ।
Pingback: ਪਰਾਲੀ ਦੇ ਵਾਤਾਵਰਣ ਪੱਖੀ ਨਿਬੇੜੇ ਦਾ ਹੋਕਾ ਦੇਣਗੀਆਂ ਜਾਗਰੂਕਤਾ ਵੈਨਾਂ