ਸੀਨੀਅਰ ਸੈਕੰੰਡਰੀ ਸਕੂਲ ਹੰਡਿਆਇਆ ‘ਚ ਕਰਵਾਏ ਵਾਤਾਵਰਨ ਮੁਕਾਬਲੇ
ਰਘਵੀਰ ਹੈਪੀ , ਬਰਨਾਲਾ, 23 ਸਤੰਬਰ 2022
ਡਿਪਟੀ ਕਮਿਸ਼ਨਰ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਅਤੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਜਾਗਰੂਕ ਕਰਨ ਲਈ ਸਕੂਲੀ ਵਿਦਿਆਰਥੀਆਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਪੁੱਜੇ ਐਸਡੀਐਮ ਗੋਪਾਲ ਸਿੰਘ ਨੇ ਕਿਹਾ ਕਿ ਬੱਚੇ ਸਾਡਾ ਆਉਣ ਵਾਲਾ ਭਵਿੱਖ ਹਨ ਤੇ ਬੱਚਿਆਂ ਦਾ ਵਾਤਾਵਰਨ ਪ੍ਰਤੀ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਆਪਣੇ ਮਾਪਿਆਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਜਾਣੂ ਕਰਵਾ ਕੇ ਪ੍ਰਣ ਕਰਵਾਉਣ ਕਿ ਉਹ ਪਰਾਲੀ ਨੂੰ ਅੱਗ ਨਾ ਲਗਾ ਕੇ ਆਧੁਨਿਕ ਮਸ਼ੀਨਰੀ ਦੀ ਵਰਤੋਂ ਕਰਕੇ ਇਸ ਦਾ ਸੁਚੱਜਾ ਪ੍ਰਬੰਧਨ ਕਰਨਗੇ।ਮੁੱਖ ਖੇਤੀਬਾੜੀ ਅਫਸਰ ਡਾ.ਵਰਿੰਦਰ ਕੁਮਾਰ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣਾ ਇੱਕ ਜਟਿਲ ਸਮੱਸਿਆ ਬਣ ਚੁੱਕੀ ਹੈ, ਜਦਕਿ ਪਰਾਲੀ ਦੇ ਕਈ ਤਰਾਂ ਨਾਲ ਪ੍ਰਬੰਧਨ ਕੀਤੇ ਜਾ ਸਕਦੇ ਹਨ, ਜਿਵੇਂ ਕਿ ਪਰਾਲੀ ਦੀਆਂ ਬੇਲਰ/ਰੇਕ ਨਾਲ ਗੱਠਾਂ ਬਣਾ ਕੇ ਬਾਹਰ ਕੱਢਿਆ ਜਾ ਸਕਦਾ ਹੈ। ਇਸ ਮੌਕੇ ਪੇਂਟਿੰਗ , ਭਾਸ਼ਣ ਤੇ ਕੁਇਜ਼ ਮੁਕਾਬਲੇ ਕਰਵਾਏ ਗਏ।
ਸ੍ਰੀਮਤੀ ਕਮਲਜੀਤ ਕੌਰ ਇੰਨਚਾਰਜ ਸ ਸ ਸ ਸਕੂਲ ਹੰਡਿਆਇਆ ਨੇ ਵਿਦਿਆਰਥੀਆਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ। ਮਨਦੀਪ ਸ਼ਰਮਾ (ਅਧਿਆਪਕ) ਨੇ ਸਟੇਜ ਦੀ ਭੂਮਿਕਾ ਬਖੂਬੀ ਨਿਭਾਉਂਦਿਆਂ ਬੱਚਿਆਂ ਨੂੰ ਪਰਾਲੀ ਦੇ ਧੂੰਏ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਣੂ ਕਰਵਾਇਆ। ਪੇੰਟਿੰਗ ਮੁਕਾਬਲੇ ਵਿੱਚ ਕਮਲਦੀਪ ਕੌਰ ਨੇ ਪਹਿਲਾ ਸਥਾਨ, ਹੰਸ਼ੀਕਾ ਨੇ ਦੂਸਰਾ ਸਥਾਨ ਤੇ ਖੁਸ਼ਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਭਾਸ਼ਣ ਵਿੱਚ ਪ੍ਰਭਜੋਤ ਕੌਰ ਨੇ ਪਹਿਲਾ, ਕਰਮਜੀਤ ਕੌਰ ਨੇ ਦੂਸਰਾ ਤੇ ਜੋਤੀ ਨੇ ਤੀਸਰਾ ਸਥਾਨ ਕੀਤਾ। ਕੁਇਜ਼ ਮੁਕਾਬਲੇ ਵਿੱਚ ਟੀਮ ਡੀ ਨੇ ਪਹਿਲਾ, ਟੀਮ ਸੀ ਨੇ ਦੂਸਰਾ ਤੇ ਟੀਮ ਬੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜਸਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਬੂਟਾ ਸਿੰਘ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਸਕੂਲੀ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।
Pingback: ਪਰਾਲੀ ਨੂੰ ਅੱਗ ਲਗਾ ਕੇ ਵਾਤਾਵਰਣ ਗੰਧਲਾ ਨਾ ਬਣਾਈਏ, ਬੱਚਿਆਂ ਦਾ ਭਵਿੱਖ ਬਚਾਈਏ-SDM