ਹਰਿੰਦਰ ਨਿੱਕਾ , ਬਰਨਾਲਾ 12 ਦਸੰਬਰ 2022
ਥਾਣਾ ਰੂੜੇਕੇ ਕਲਾਂ ਦੇ ਖੇਤਰ ‘ਚ ਸ਼ੱਕੀ ਅਤੇ ਭੈੜੇ ਪੁਰਸ਼ਾਂ ਦੀ ਤਲਾਸ਼ ਵਿੱਚ ਗਸ਼ਤ ਕਰ ਰਹੀ, ਪੁਲਿਸ ਪਾਰਟੀ ਨੂੰ ਉਦੋਂ ਵੱਡੀ ਸਫਲਤਾ ਮਿਲੀ, ਜਦੋਂ ਇੱਕ ਕਾਰ ਸਵਾਰ ਵਿਅਕਤੀ 32 ਬੋਰ ਦੇ ਪਿਸਤੌਲ ਅਤੇ ਕਾਰਤੂਸ਼ਾਂ ਸਣੇ ਪੁਲਿਸ ਪਾਰਟੀ ਦੇ ਅੜਿੱਕੇ ਆ ਗਿਆ। ਦੋਸ਼ੀ ਖਿਲਾਫ ਥਾਣਾ ਰੂੜੇਕੇ ਕਲਾਂ ਵਿਖੇ ਕੇਸ ਦਰਜ਼ ਕਰਕੇ,ਉਸ ਤੋਂ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਏ.ਐਸ.ਆਈ. ਸਤਨਾਮ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਜਦੋਂ ਸ਼ੱਕੀ ਤੇ ਭੈੜੇ ਪੁਰਸ਼ਾਂ ਦੀ ਤਲਾਸ਼ ਵਿੱਚ ਪੁਲ ਰਜਵਾਹਾ ਬਾਹੱਦ ਰੂੜੇਕੇ ਕਲਾਂ ਕੋਲ ਗਸ਼ਤ ਕਰ ਰਹੀ ਸੀ ਤਾਂ ਇੱਕ ਚਿੱਟੇ ਰੰਗ ਦੀ ਵਰਨਾ ਕਾਰ, ਪੁਲਿਸ ਪਾਰਟੀ ਨੂੰ ਵੇਖ ਕੇ ਪਿੱਛਾਂਹ ਵੱਲ ਨੂੰ ਮੁੜਨ ਲੱਗੀ , ਜਿਸ ਨੂੰ ਪੁਲਿਸ ਪਾਰਟੀ ਨੇ ਪਿੱਛਾ ਕਰਕੇ, ਹਿਰਾਸਤ ਵਿੱਚ ਲੈ ਲਿਆ। ਕਾਰ ਸਵਾਰ ਵਿਅਕਤੀ ਦੀ ਪਹਿਚਾਣ ਜਗਸੀਰ ਸਿੰਘ ਉਰਫ ਜੱਗਾ ਪੁੱਤਰ ਕਰਨੈਲ ਸਿੰਘ ਵਾਸੀ ਕੋਠੇ ਮੋਨੇ ਕੇ ਦਾਨਾ ਪੱਤੀ ਰੂੜੇਕੇ ਕਲਾਂ ਦੇ ਤੌਰ ਪਰ ਹੋਈ। ਦੌਰਾਨ ਏ ਤਲਾਸ਼ੀ ਪੁਲਿਸ ਪਾਰਟੀ ਨੂੰ ਕਾਰ ਸਵਾਰ ਦੇ ਕਬਜ਼ੇ ‘ਚੋਂ ਇੱਕ 32 ਬੋਰ ਦਾ ਪਿਸਤੌਲ ਅਤੇ ਪਿਸਤੌਲ ਦੇ ਮੈਗਜ਼ੀਨ ਵਿੱਚੋਂ 5 ਜਿੰਦਾ ਕਾਰਤੂਸ ਬਰਾਮਦ ਹੋਏ। ਪੁਲਿਸ ਪਾਰਟੀ ਨੇ ਦੋਸ਼ੀ ਨੂੰ ਗਿਰਫਤਾਰ ਕਰਕੇ, ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ।