ਪੈੜ ਚਾਲ-ਹੁਣ ਦਿੱਲੀ ਦੇ ਇੱਕ ਵੱਡੇ ਨਸ਼ਾ ਸਮਗਲਰ ਦੀ ਵੀ ਖੈਰ ਨਹੀ,,,

Spread the love

  • ਪੁਲਿਸ ਰਿਮਾਂਡ ਚ, ਸਮਗਲਰ ਰਜਿੰਦਰ ਕੁਮਾਰ ਤੋਂ 23 ਲੱਖ ਡਰੱਗ ਮਨੀ , 2 ਲੱਖ 53 ਹਜ਼ਾਰ ਗੋਲੀਆਂ ਹੋਰ ਬਰਾਮਦ
  • ਰਿਕਵਰੀ ਹੋਰ ਵਧਣ ਦੀ ਉਮੀਦ-8 ਦਿਨ ਦਾ ਅਦਾਲਤ ਨੇ ਹੋਰ ਵਧਾਇਆ ਪੁਲਿਸ ਰਿਮਾਂਡ
    -ਨਸ਼ਾ ਸਮਗਲਰ ਤਾਇਬ ਕੁਰੈਸ਼ੀ,ਪ੍ਰੇਮ ਤੇ ਰੁਪੇਸ਼ ਨੂੰ ਅੱਜ ਕੀਤਾ ਜਾਵੇਗਾ ਅਦਾਲਤ ਚ, ਪੇਸ਼

  • ਬਰਨਾਲਾ ਟੂਡੇ ਬਿਊਰੋ,
    ਸਾਈਕੋਟਰੋਪਿਕ ਨਸ਼ਾ ਸਮਗਲਿੰਗ ਰੈਕਟ ਦੀਆਂ ਕੜੀਆਂ ਜੋੜ-ਜੋੜ ਕੇ ਅੱਗੇ ਵਧ ਰਹੀ ਬਰਨਾਲਾ ਪੁਲਿਸ ਨੂੰ ਇੱਕ ਤੋਂ ਬਾਅਦ ਹੋਰ ਇੱਕ ਸਫਲਤਾ ਮਿਲ ਰਹੀ ਹੈ। ਮਲੇਰਕੋਟਲਾ ਦੀ ਪ੍ਰਸਿੱਧ ਦਵਾਈਆਂ ਦੀ ਫਰਮ ,ਆਰਕੇ ਫਰਮਾ ਦੇ ਮਾਲਿਕ ਰਜਿੰਦਰ ਕੁਮਾਰ ਦੇ ਪੁਲਿਸ ਰਿਮਾਂਡ ਦੀ ਮਿਆਦ ਖਤਮ ਹੋਣ ਤੋਂ ਬਾਅਦ ਮੰਗਲਵਾਰ ਬਾਅਦ ਦੁਪਿਹਰ ਉਸ ਨੂੰ ਸੀਜੀਐਮ ਵਿਨੀਤ ਕੁਮਾਰ ਨਾਰੰਗ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸਰਕਾਰੀ ਵਕੀਲ ਦਿਲਪ੍ਰੀਤ ਸਿੰਘ ਸੰਧੂ ਨੇ ਅਦਾਲਤ ਨੂੰ ਦੱਸਿਆ ਕਿ 2 ਦਿਨ ਦੇ ਪੁਲਿਸ ਰਿਮਾਂਡ ਚ, ਰਜਿੰਦਰ ਕੁਮਾਰ ਦੀ ਪੁੱਛਗਿੱਛ ਦੌਰਾਨ ਉਸ ਦੀ ਨਿਸ਼ਾਨਦੇਹੀ ਤੇ 23 ਲੱਖ ਰੁਪਏ ਦੀ ਹੋਰ ਡਰੱਗ ਮਨੀ ਤੇ 2 ਲੱਖ 53 ਹਜ਼ਾਰ ਨਸ਼ੀਲੀਆਂ ਗੋਲੀਆਂ, 3 ਹਜ਼ਾਰ ਨਸ਼ੀਲੇ ਟੀਕੇ ਵੀ ਬਰਾਮਦ ਹੋਏ ਹਨ। ਉੱਨ੍ਹਾਂ ਦੱਸਿਆ ਕਿ ਦੋਸ਼ੀ ਪਹਿਲਾਂ ਤਾਇਬ ਕੁਰੈਸ਼ੀ ਨਿਵਾਸੀ ਮਥੁਰਾ ਤੋਂ ਨਸ਼ੀਲੀਆਂ ਦਵਾਈਆਂ ਖਰੀਦ ਕੇ ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਅੱਗੇ ਸਪਲਾਈ ਕਰਦਾ ਸੀ। ਪਰੰਤੂ ਕੁਝ ਸਮਾਂ ਪਹਿਲਾਂ ਰਜਿੰਦਰ ਕੁਮਾਰ ਦਿੱਲੀ ਅਤੇ ਦਿੱਲੀ ਦੇ ਨਾਲ ਲੱਗਦੇ ਉਤਰ ਪ੍ਰਦੇਸ਼ ਦੇ ਖੇਤਰ ਦੇ ਇੱਕ ਹੋਰ ਵੱਡੇ ਸਮਗਲਰ ਤੋਂ ਨਸ਼ੀਲੀਆਂ ਦਵਾਈਆਂ ਖਰੀਦਣ ਲੱਗ ਪਿਆ ਸੀ। ਹੁਣ ਪੁਲਿਸ ਦੋਸ਼ੀ ਨੂੰ ਉਸ ਵੱਡੇ ਸਮਗਲਰ ਦੇ ਠਿਕਾਣੇ ਤੇ ਲੈ ਜਾਣਾ ਚਾਹੁੰਦੀ ਹੈ। ਇਸ ਲਈ ਦੋਸ਼ੀ ਦਾ ਜਿਆਦਾ ਦਿਨ ਦਾ ਰਿਮਾਂਡ ਲੈਣ ਦੀ ਜਰੂਰਤ ਹੈ। ਮਾਨਯੋਗ ਅਦਾਲਤ ਨੇ ਸਰਕਾਰੀ ਵਕੀਲ ਦਿਲਪ੍ਰੀਤ ਸਿੰਘ ਸੰਧੂ ਦੀਆਂ ਠੋਸ ਦਲੀਲਾਂ ਤੇ ਪੇਸ਼ ਕੀਤੇ ਤੱਥਾਂ ਨਾਲ ਸਹਿਮਤ ਹੋ ਕੇ ਦੋਸ਼ੀ ਦਾ 8 ਦਿਨ ਦਾ ਲੰਬਾ ਪੁਲਿਸ ਰਿਮਾਂਡ ਦੇ ਦਿੱਤਾ। ਇਸ ਤਰਾਂ ਨਾਲ ਪੁਲਿਸ ਨੂੰ ਇੱਕ ਹੋਰ ਵੱਡੇ ਸਮਗਲਰ ਨੂੰ ਕਾਬੂ ਕਰਨ ਅਤੇ ਨਸ਼ੀਲੇ ਪਦਾਰਥ ਬਰਾਮਦ ਕਰਨ ਵਿੱਚ ਸਫਲਤਾ ਮਿਲੇਗੀ। ਵਰਨਣਯੋਗ ਹੈ ਕਿ ਪੁਲਿਸ ਹੁਣ ਤੱਕ ਦੋਸ਼ੀ ਰਜਿੰਦਰ ਕੁਮਾਰ ਤੋਂ ਕੁੱਲ 58 ਲੱਖ ਸੱਠ ਹਜਾਰ ਰੁਪਏ ਡਰੱਗ ਮਨੀ ਅਤੇ 4 ਲੱਖ 13 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕਰ ਚੁੱਕੀ ਹੈ।
    -ਉੱਧਰ 2 ਦਿਨ ਦੇ ਪੁਲਿਸ ਰਿਮਾਂਡ ਦੀ ਮਿਆਦ ਖਤਮ ਹੋਣ ਤੇ ਬੁੱਧਵਾਰ ਨੂੰ ਫਿਰ ਨਸ਼ਾ ਸਮਗਲਰ ਤਾਇਬ ਕੁਰੈਸ਼ੀ, ਨਰੇਸ਼ ਕੁਮਾਰ ਰਿੰਕੂ ਮਿੱਤਲ ਦੇ ਸਾਥੀ ਕੈਮਿਸਟ ਪ੍ਰੇਮ ਉਰਫ ਨੀਟੂ ਤੇ ਰੁਪੇਸ਼ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਵਰਨਣਯੋਗ ਹੈ ਕਿ ਪੁਲਿਸ ਹੁਣ ਤੱਕ ਰੈਕਟ ਦੇ ਮੁਖੀ ਅਤੇ ਬੀਰੂ ਰਾਮ ਠਾਕੁਰ ਦਾਸ ਫਰਮ ਬਰਨਾਲਾ ਦੇ ਸੰਚਾਲਕ ਨਰੇਸ਼ ਕੁਮਾਰ ਰਿੰਕੂ ਮਿੱਤਲ ਸਮੇਤ ਰੈਕਟ ਦੇ ਕੁੱਲ 8 ਮੈਂਬਰਾਂ ਨੂੰ ਗਿਰਫਤਾਰ ਕਰ ਚੁੱਕੀ ਹੈ। ਕਾਬੂ ਕੀਤੇ ਦੋਸ਼ੀਆਂ ਚੋਂ ਤਿੰਨ ਨਿਆਂਇਕ ਹਿਰਾਸਤ ਵਿੱਚ ਬਰਨਾਲਾ ਜੇਲ੍ਹ ਚ, ਵੀ ਬੰਦ ਹਨ। ਜਦੋਂ ਕਿ ਤਾਇਬ ਕੁਰੈਸ਼ੀ, ਪ੍ਰੇਮ ਕੁਮਾਰ ਨੀਟੂ, ਰੁਪੇਸ਼ ਕੁਮਾਰ,ਹਰਦੀਪ ਬੱਬੂ ਤੇ ਰਜਿੰਦਰ ਕੁਮਾਰ ਮਲੇਰਕੋਟਲਾ ਪੁਲਿਸ ਰਿਮਾਂਡ ਵਿੱਚ ਹਨ। ਪੁਲਿਸ ਹੁਣ ਤੱਕ ਇਸ ਕੇਸ ਵਿੱਚ ਸ਼ਾਮਿਲ ਸਾਰੇ ਦੋਸ਼ੀਆਂ ਤੋਂ 44 ਲੱਖ ,13 ਹਜਾਰ ਤੋਂ ਵਧੇਰੇ ਨਸ਼ੀਲੀਆਂ ਗੋਲੀਆਂ,ਕੈਪਸੂਲ ਤੇ ਟੀਕਿਆਂ ਦੀ ਵੱਡੀ ਬਰਾਮਦਗੀ ਕਰ ਚੁੱਕੀ ਹੈ।

Spread the love
Scroll to Top