ਪੰਜਾਬੀਏ ਜ਼ੁਬਾਨੇ ਨੀ ਰਕਾਨੇ’ ਤੈਨੂੰ ਦੇ ਕੇ ਬੇਦਾਵਾ  ਤੇਰੇ ਪੁੱਤਾਂ ਨੇ  ਕੀਤੀ ਏਂ ਪਰਾਈ

Spread the love

ਅਸ਼ੋਕ ਵਰਮਾ , ਬਠਿੰਡਾ 29 ਮਈ 2023 
     ਪੰਜਾਬ ਦੇ ਨੌਜਵਾਨਾਂ  ਨੇ ਦੁਨੀਆ ਭਰ ‘ਚ ਆਪਣੀ ਭਾਸ਼ਾਈ ਤੇ ਵਿਰਾਸਤੀ  ਖੁਸ਼ਬੂ ਕਾਰਨ  ਸਰਵੋਤਮ ਮੰਨੀ ਜਾਂਦੀ ਪੰਜਾਬੀ ਭਾਸ਼ਾ ਅਤੇ ਮਾਂ ਬੋਲੀ ਪੰਜਾਬੀ ਪਤਾਲਾਂ ਵਿੱਚ ਧੱਕ ਦਿੱਤਾ ਹੈ। ਦਸਵੀਂ ਜਮਾਤ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੇ ਪੇਪਰ ਨੇ ਅਜਿਹਾ ਮੁੜ੍ਹਕਾ ਲਿਆਂਦਾ ਕਿ ਉਹ ਨਤੀਜੇ ਦੌਰਾਨ ਠੁੱਸ ਹੋ ਕੇ ਰਹਿ ਗਏ ਹਨ। ਰੌਚਕ ਪਹਿਲੂ ਇਹ ਵੀ ਹੈ ਕਿ ਪੰਜਾਬੀਆਂ ਲਈ ਔਖਾ ਮੰਨੇ ਜਾਂਦੇ ਵਿਸ਼ੇ ਅੰਗਰੇਜ਼ੀ ਅਤੇ ਹਿਸਾਬ ਵਿੱਚੋਂ ਫੇਲ ਹੋਣ ਵਾਲਿਆਂ ਦੀ ਗਿਣਤੀ ਪੰਜਾਬੀ ਨਾਲੋਂ  ਘੱਟ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਪੰਜਾਬ ਪੰਜਾਬੀ ਭਾਸ਼ਾ ਦੇ ਅਧਾਰ ਤੇ ਬਣਿਆ ਸੂਬਾ ਹੈ ।
      ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਦੇ ਨਤੀਜਿਆਂ ਦੀ ਪੁਣਛਾਣ ਕਰੀਏ ਤਾਂ ਇਹੋ ਤੱਥ ਸਾਹਮਣੇ ਆਏ ਹਨ। ਸਿੱਖਿਆ ਬੋਰਡ ਵੱਲੋਂ ਜਾਰੀ ਦਸਵੀਂ ਕਲਾਸ ਦੇ ਨਤੀਜਿਆਂ ਅਨੁਸਾਰ ਐਤਕੀਂ 2 ਲੱਖ 81 ਹਜ਼ਾਰ 267 ਵਿਦਿਆਰਥੀਆਂ ਨੇ ਪੰਜਾਬੀ ਦੇ ਲਾਜ਼ਮੀ ਵਿਸ਼ੇ ਦੀ ਪ੍ਰੀਖਿਆ ਦਿੱਤੀ ਸੀ । ਇਨ੍ਹਾਂ ਵਿੱਚੋਂ 2 ਲੱਖ 79 ਹਜ਼ਾਰ 2 ਵਿਦਿਆਰਥੀ ਪਾਸ ਹੋਏ ਹਨ। ਇਸ ਤਰ੍ਹਾਂ ਪਾਸ ਅਤੇ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਦਾ  ਆਪਸੀ  ਅੰਤਰ  2265 ਬਣਦਾ ਹੈ ਜਦੋਂਕਿ ਪਿਛਲੇ ਸਾਲ ਦਸਵੀਂ ਦੀ ਪ੍ਰੀਖਿਆ ਚੋਂ ਪੰਜਾਬੀ ਵਿਸ਼ੇ ਦੇ ਕਰੀਬ ਤਿੰਨ ਗੁਣਾ ਘੱਟ ਸਿਰਫ 722 ਵਿਦਿਆਰਥੀ ਹੀ  ਫੇਲ੍ਹ ਹੋਏ ਸਨ।  ਮਾਂ ਬੋਲੀ ਅਤੇ ਆਮ ਬੋਲਚਾਲ ਵਾਲੀ ਭਾਸ਼ਾ ਪੰਜਾਬੀ ਵਿੱਚੋਂ ਫੇਲ੍ਹ ਹੋਣ ਵਾਲਿਆਂ ਦੀ ਗਿਣਤੀ ਚਿੰਤਾ ਦਾ ਵਿਸ਼ਾ ਜ਼ਰੂਰ ਹੈ।
     ਅਧਿਆਪਕਾਂ ਨੇ ਵੀ ਮੰਨਿਆ ਕਿ  ਪੰਜਾਬੀ ਵਿਸ਼ਾ ਵਿਦਿਆਰਥੀਆਂ ਲਈ ਜੱਦੋਜਹਿਦ ਵਾਲਾ ਸਾਬਤ ਹੋਇਆ  ਹੈ। ਨਾਗਰਿਕ ਚੇਤਨਾ ਮੰਚ ਦੇ ਆਗੂ ਅਤੇ ਸੇਵਾ-ਮੁਕਤ ਪ੍ਰਿੰਸੀਪਲ ਬੱਗਾ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਤਾਂ ਪੰਜਾਬੀ ਭਾਸ਼ਾ ਵਿੱਚੋਂ ਕੋਈ ਫ਼ੇਲ੍ਹ ਹੀ ਨਹੀਂ ਹੋਣਾ ਚਾਹੀਦਾ। ਉਨ੍ਹਾਂ ਆਖਿਆ ਕਿ ਜੇਕਰ ਪੰਜਾਬ ਦੀ ਜਵਾਨੀ ਨੂੰ ਪੰਜਾਬੀ ਨਾਲ ਵੀ ਜੂਝਣਾ ਪੈ ਰਿਹਾ ਹੈ  ਤਾਂ ਇਸ ਦਾ ਮਤਲਬ ਪ੍ਰਾਇਮਰੀ ਸਕੂਲ ਤੋਂ ਬੱਚਿਆਂ ਦੀ ਨੀਂਹ ਕੱਚੀ ਹੋਣਾ  ਹੈ। ਮਸਲਾ ਮਾਤ-ਭਾਸ਼ਾ ਨਾਲ ਜੁੜਿਆ ਹੋਣ ਕਰਕੇ ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬੀ ਭਾਸ਼ਾ ਵਿੱਚ ਪ੍ਰਪੱਕ ਹੋਣ ਦੀ ਸਲਾਹ ਅਤੇ ਸਿੱਖਿਆ ਵਿਭਾਗ ਨੂੰ ਇਸ ਦਿਸ਼ਾ ਵਿੱਚ ਗੰਭੀਰਤਾ ਨਾਲ ਵਿਚਾਰ ਕਰਨ ਦੀ ਨਸੀਹਤ ਦਿੱਤੀ ਹੈ।
       ਹੁਣ ਇੱਕ ਨਜ਼ਰ ਅੰਗਰੇਜ਼ਾਂ ਦੀ ਭਾਸ਼ਾ ਵੱਲ ਮਾਰੀਏ ਤਾਂ ਨਜ਼ਰ ਆਉਂਦਾ ਹੈ ਕਿ ਪੰਜਾਬ ਵਿੱਚ ਔਖਾ ਮੰਨੇ ਜਾਂਦੇ ਅੰਗਰਜ਼ੀ ਚੋਂ 2176 ਵਿਦਿਆਰਥੀ ਫੇਲ੍ਹ ਹੋਏ  ਜੋਕਿ ਪੰਜਾਬੀ ਨਾਲੋਂ ਘੱਟ ਹੈ। ਅੰਗਰੇਜ਼ੀ ਦੀ 2 ਲੱਖ 81ਹਜਾਰ 318 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ  ਜਿਨ੍ਹਾਂ ਵਿੱਚੋਂ 2 ਲੱਖ 79 ਹਜ਼ਾਰ 142 ਵਿਦਿਆਰਥੀ ਪਾਸ ਹੋਏ ਹਨ। ਹਿਸਾਬ ਵਿਸ਼ੇ ਚੋਂ ਸਿਰਫ਼ 730 ਵਿਦਿਆਰਥੀ ਹੀ ਫੇਲ੍ਹ ਹੋਏ ਹਨ। ਇਸ ਵਿਸ਼ੇ ਨਾਲ ਸਬੰਧਤ 2ਲੱਖ 81 ਹਜ਼ਾਰ 244 ਵਿਦਿਆਰਥੀ ਇਮਤਿਹਾਨ ਵਿੱਚ ਬੈਠੇ ਸਨ ਜਿਨ੍ਹਾਂ ਵਿੱਚੋਂ  2 ਲੱਖ 80 ਹਜ਼ਾਰ 514 ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ ਹੈ।  ਪਿਛਲੇ ਸਾਲ ਨਾਲੋਂ ਗਣਿਤ ਵਿੱਚੋਂ ਫੇਲ੍ਹ ਹੋਣ ਵਾਲਿਆਂ ਦਾ ਅੰਕੜਾ ਜਿਆਦਾ ਹੈ। 
      ਹਿੰਦੀ ਵਿਸ਼ੇ ਵਿਚੋਂ ਪੰਜਾਬੀ ਨਾਲੋਂ ਘੱਟ 1041 ਵਿਦਿਆਰਥੀ ਫੇਲ੍ਹ ਹੋਏ ਹਨ। ਇਸ ਵਿਸ਼ੇ ਦੇ 2ਲੱਖ 80 ਹਜ਼ਾਰ 876 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ  ਜਿਨ੍ਹਾਂ ਚੋਂ 2 ਲੱਖ 79 ਹਜ਼ਾਰ 835 ਵਿਦਿਆਰਥੀ ਸਫ਼ਲ ਹੋਏ ਹਨ। ਸੰਸਕ੍ਰਿਤ ਵਿਸ਼ੇ ਚੋਂ ਫੇਲ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਸਿਰਫ਼ 4 ਹੈ। ਸੰਸਕ੍ਰਿਤ ਵਿਸ਼ੇ ਦੀ ਪ੍ਰੀਖਿਆ ਸਿਰਫ  2864 ਵਿਦਿਆਰਥੀਆਂ ਨੇ ਦਿੱਤੀ ਜਿਨ੍ਹਾਂ ਚੋਂ  2860 ਵਿਦਿਆਰਥੀ ਪਾਸ ਹੋਏ ਹਨ।  ਸਾਇੰਸ ਵਿਸ਼ੇ ਵਿੱਚ 2 ਹਜ਼ਾਰ 114 ਵਿਦਿਆਰਥੀਆਂ ਦੇ ਪੱਲੇ ਅਸਫ਼ਲਤਾ ਪਈ ਹੈ।  ਇਸ ਵਿਸ਼ੇ ਦੇ 2 ਲੱਖ81 ਹਜ਼ਾਰ 262 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ  ਜਿਨ੍ਹਾਂ ਵਿੱਚੋਂ 2 ਲੱਖ 79 ਹਜ਼ਾਰ 138 ਵਿਦਿਆਰਥੀ ਪਾਸ ਹੋਏ ਹਨ। 
 ਪੰਜਾਬੀ ਭਾਸ਼ਾ ਚੋਂ ਫੇਲ੍ਹ ਹੋਣਾ ਵੱਡੀ ਤ੍ਰਾਸਦੀ 
     ਸਾਹਿਤ ਜਾਗ੍ਰਿਤੀ ਮੰਚ ਦੇ ਆਗੂ ਡਾ ਅਜੀਤਪਾਲ ਸਿੰਘ ਦਾ ਪ੍ਰਤੀਕਰਮ ਸੀ ਕਿ ਜੋ ਸੂਬਾ ਬਣਿਆ ਹੀ ਭਾਸ਼ਾ ਦੇ ਆਧਾਰ ‘ਤੇ ਹੋਵੇ ਤਾਂ ਉੱਥੋਂ ਦੇ ਨੌਜਵਾਨ ਪੰਜਾਬੀ ਵਿੱਚੋਂ ਫੇਲ੍ਹ ਹੋ ਜਾਣ ਤਾਂ ਇਸ ਤੋਂ ਵੱਡੀ ਤ੍ਰਾਸਦੀ ਹੋਰ ਕੀ ਹੋ ਸਕਦੀ ਹੈ । ਉਨ੍ਹਾਂ ਕਿਹਾ ਕਿ  ਹੁਣ ਤੱਕ ਬਣੀਆਂ ਸਰਕਾਰਾਂ ਸੰਜੀਦਾ ਹੁੰਦੀਆਂ ਤਾਂ  ਮਾਂ ਬੋਲੀ ਨੂੰ ਆਪਣੇ ਹੀ ਦੇਸ਼ ਵਿੱਚ ਇਸ ਤਰਾਂ ਰੁਲਣਾ ਨਹੀਂ ਪੈਣਾ ਸੀ। ਉਨ੍ਹਾਂ ਆਖਿਆ ਕਿ  ਸਿਆਸੀ ਲੋਕਾਂ ਵੱਲੋਂ ਵੀ ਪੰਜਾਬੀ ਨੂੰ ਸਿਆਸੀ ਮੁਫਾਦ ਜੋਗਾ ਹੀ ਸਮਝਿਆ ਜਾਂਦਾ ਹੈ। ਉਨ੍ਹਾਂ  ਕਿਹਾ ਕਿ  ਪੰਜਾਬ ਭਾਸ਼ਾ ਦੇ  ਪੱਖ ਤੋਂ ਸੰਕਟ ‘ਚੋਂ ਲੰਘ ਰਿਹਾ ਹੈ ਇਸ ਲਈ ਮਾਂ ਬੋਲੀ  ਦੀ ਸਥਾਪਤੀ ਲਈ ਲੋਕਾਂ ਨੂੰ ਹੀ ਲਾਮਬੰਦ ਹੋਣਾ ਪਵੇਗਾ।
 ਆਪਣਾ ਵਰਤਾਰਾ ਵੀ ਪੰਜਾਬੀ ਪੱਖੀ ਨਹੀਂ
   ਪੰਜਾਬੀ ਸਾਹਿਤ ਸਭਾ ਦੇ ਆਗੂ ਸੁਰਿੰਦਰ ਪ੍ਰੀਤ ਘਣੀਆਂ ਦਾ ਕਹਿਣਾ ਸੀ ਕਿ ਸਾਡਾ ਆਪਣਾ ਵਰਤਾਰਾ ਵੀ ਪੰਜਾਬੀ ਮਾਂ ਬੋਲੀ ਦੇ ਪੱਖ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਬੱਚੇ ਉਨ੍ਹਾਂ ਪਬਲਿਕ ਸਕੂਲਾਂ ਵਿੱਚ ਪੜ੍ਹ ਰਹੇ ਹਨ ਜਿੱਥੇ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਨੂੰ ਅੱਗੇ ਰੱਖ ਕੇ ਪੰਜਾਬੀ  ਦੀਆਂ ਜੜ੍ਹਾਂ ਕੁਤਰੀਆਂ ਜਾ ਰਹੀਆਂ ਹਨ । ਉਨ੍ਹਾਂ ਆਖਿਆ ਕਿ ਦੂਸਰਾ ਮਸਲਾ ਰੁਜ਼ਗਾਰ ਦਾ ਹੈ ਜੋ  ਅੰਗਰੇਜ਼ੀ ਨਾਲ ਜੁੜਿਆ ਹੋਣ ਕਰਕੇ ਵੀ ਆਮ ਲੋਕ ਪੰਜਾਬੀ ਤੋਂ ਦੂਰ ਹੋਏ ਹਨ। ਉਨ੍ਹਾਂ ਕਿਹਾ ਕਿ ਸਿਆਸੀ ਧਿਰਾਂ ਲਈ ਵੀ ਮਾਂ ਬੋਲੀ ਕਦੇ ਕੋਈ ਮਸਲਾ ਨਹੀਂ ਰਹੀ ਇਸ ਲਈ ਉਨ੍ਹਾਂ ਤੋਂ ਵੀ ਪਹਿਰੇਦਾਰੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ।

Spread the love
Scroll to Top