ਪੰਜਾਬ ਸਰਕਾਰ ਤੁਹਾਡੇ ਦੁਆਰ- M L A ਕੋਹਲੀ ਦੀ ਦੇਖ-ਰੇਖ ‘ਚ ਲੱਗਿਆ ਜਨ ਸੁਵਿਧਾ ਕੈਂਪ

Spread the love

ਰਾਜੇਸ਼ ਗੋਤਮ , ਪਟਿਆਲਾ, 4 ਜੂਨ 2023
     ਸੂਬਾ ਵਾਸੀਆਂ ਨੂੰ ਘਰਾਂ ਨੇੜੇ ਸਰਕਾਰੀ ਸਹੂਲਤਾਂ ਅਤੇ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ‘ਪੰਜਾਬ ਸਰਕਾਰ ਤੁਹਾਡੇ ਦੁਆਰ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਲਗਾਏ ਜਾ ਰਹੇ ਜਨ ਸੁਵਿਧਾ ਕੈਂਪਾਂ ਦਾ ਲੋਕਾਂ ਨੂੰ ਵੱਡਾ ਲਾਭ ਹੋ ਰਿਹਾ ਹੈ। ਇਹ ਪ੍ਰਗਟਾਵਾ ਪਟਿਆਲਾ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਅੱਜ ਇਥੇ ਬਲੌਸਮ ਇਨਕਲੇਵ ਵਿਖੇ ਲਗਾਏ ਗਏ ਜਨ ਸੁਵਿਧਾ ਕੈਂਪ ਮੌਕੇ ਕੀਤਾ।
ਇਸ ਕੈਂਪ ਦਾ ਨਿਰੀਖਣ ਕਰਦਿਆਂ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਕਿਹਾ ਕਿ ਪਟਿਆਲਾ ਸ਼ਹਿਰ ‘ਚ ਅੱਜ ਇਹ 16ਵਾਂ ਜਨ ਸੁਵਿਧਾ ਕੈਂਪ ਲਗਾਇਆ ਗਿਆ ਹੈ, ਜਿਥੇ ਇਲਾਕਾ ਨਿਵਾਸੀਆਂ ਨੂੰ ਸਰਕਾਰੀ ਸਹੂਲਤ ਉਨ੍ਹਾਂ ਦੇ ਘਰਾਂ ਨੇੜੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਥੇ ਹੀ ਇਨ੍ਹਾਂ ਕੈਂਪਾਂ ਰਾਹੀਂ ਲੋਕਾਂ ਨੂੰ ਵੱਖ ਵੱਖ ਸਰਕਾਰੀ ਸਕੀਮਾਂ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅਜਿਹੇ ਜਨ ਸੁਵਿਧਾ ਕੈਂਪ ਲਗਾਤਾਰ ਸ਼ਹਿਰ ਅੰਦਰ ਲਗਾਏ ਜਾ ਰਹੇ ਹਨ।
ਅਜੀਤਪਾਲ ਕੋਹਲੀ ਨੇ ਦੱਸਿਆ ਕਿ ਇਸ ਜਨ ਸੁਵਿਧਾ ਕੈਂਪ ਵਿੱਚ ਪੰਜਾਬ ਸਰਕਾਰ ਦੇ ਲਗਭੱਗ 9 ਮਹਿਕਮੇ ਹਾਜ਼ਰ ਰਹੇ। ਇਹਨਾਂ ਅਧੀਨ ਆਉਣ ਵਾਲੇ ਮਸਲੇ ਨਿਪਟਾਉਣ ਸਮੇਤ ਸਰਕਾਰੀ ਸਕੀਮਾਂ ਦੇ ਲਾਭ ਲੋਕਾਂ ਨੂੰ ਪ੍ਰਦਾਨ ਕਰਵਾਉਣ ਲਈ ਬਣਦੀ ਕਾਰਵਾਈ ਮੌਕੇ ਉਪਰ ਹੀ ਕੀਤੀ ਗਈ।
     ਵਿਧਾਇਕ ਕੋਹਲੀ ਨੇ ਦੱਸਿਆ ਕਿ ਇਸ ਕੈਂਪ ਵਿੱਚ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਬੁਢਾਪਾ, ਵਿਧਵਾ, ਅਨਾਥ, ਅਪਾਹਜ ਪੈਨਸ਼ਨ ਤੋਂ ਇਲਾਵਾ ਜਲ ਸਪਲਾਈ ਵਿਭਾਗ ਵਲੋਂ ਪੀਣ ਦੇ ਪਾਣੀ ਦੀ ਸਮੱਸਿਆ, ਨਵੇਂ ਕਨੈਕਸ਼ਨ, ਪਖਾਨੇ, ਮਿਉਂਸਪਲ ਕਾਰਪੋਰੇਸ਼ਨ ਵਲੋਂ ਸੜਕ, ਗਲੀਆਂ, ਨਾਲੀਆਂ, ਪ੍ਰਾਪਰਟੀ ਟੈਕਸ ਭਰਨਾ ਸਮੇਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ, ਲੇਬਰ ਵਿਭਾਗ, ਲੇਬਰ ਕਾਰਡ, ਸਿਹਤ ਵਿਭਾਗ ਵਲੋਂ ਸਿਹਤ ਜਾਂਚ, ਵੈਕਸੀਨ, ਅਪੰਗਤਾ ਸਰਟੀਫ਼ਿਕੇਟ, ਸਿਹਤ ਬੀਮਾ ਜਦਕਿ ਰੋਜ਼ਗਾਰ ਦੇ ਮੌਕਿਆਂ ਸੰਬੰਧੀ ਜਾਣਕਾਰੀ ਅਤੇ ਹੁਨਰ ਵਿਕਾਸ ਯੋਜਨਾਵਾਂ ਬਾਰੇ ਸ਼ਿਕਾਇਤਾਂ ਸੁਣੀਆਂ ਗਈਆਂ।
    ਇਸੇ ਤਰ੍ਹਾਂ ਮਾਲ ਵਿਭਾਗ ਵਲੋਂ ਫਰਦ ਬਦਰ, ਇੰਤਕਾਲ, ਸਕੂਲ ਵਿਭਾਗ ਸਮੇਤ ਵੱਖ ਵੱਖ ਕਿਸਮ ਦੇ ਸਰਕਾਰੀ ਲੋਨ, ਬੀਮੇ ਆਦਿ ਦੇ ਬਹੁਤੇ ਕੰਮ ਮੌਕੇ ਉਤੇ ਹੀ ਨਿਪਟਾਏ ਗਏ। ਇਸ ਮੌਕੇ ਐਸ.ਡੀ.ਐਮ ਡਾ. ਇਸਮਤ ਵਿਜੇ ਸਿੰਘ, ਨਾਇਬ ਤਹਿਸੀਲਦਾਰ ਪਵਨਦੀਪ ਸਿੰਘ, ਵੀਰਪਾਲ ਕੌਰ ਚਹਿਲ, ਸੋਨੀਆ ਦਾਸ, ਮੋਨਿਕਾ ਸ਼ਰਮਾ, ਸੁਨੀਤਾ, ਅੰਗਰੇਜ ਸਿੰਘ, ਸਰਜੀਵਨ ਕੁਮਾਰ, ਗਗਨਦੀਪ ਸਿੰਘ, ਸੁਮਨ ਤੇ ਹਰਸ਼ਪਾਲ ਰਾਹੁਲ ਸਮੇਤ ਹੋਰ ਪਤਵੰਤੇ ਮੌਜੂਦ ਸਨ।


Spread the love
Scroll to Top