ਪੱਤਰਕਾਰੀ ਦੀ ਆੜ ‘ਚ Blackmailing- ਪੁਲਿਸ ਦੇ ਹੱਥੇ ਚੜ੍ਹੇ 9 ਬਲੈਕਮੇਲਰ

Spread the love

10 ਦਿਨਾਂ ‘ਚ ਸੰਗਰੂਰ ਜਿਲ੍ਹੇ ਦੇ 4 ਥਾਣਿਆਂ ਵਿੱਚ ਦਰਜ਼ ਹੋਈਆਂ 8 ਐਫ.ਆਈ.ਆਰ.


ਅਨੁਭਵ ਦੂਬੇ , ਚੰਡੀਗੜ੍ਹ 27 ਅਗਸਤ, 2022

    ਪੱਤਰਕਾਰੀ ਦੀ ਆੜ ਅਤੇ ਪੱਤਰਕਾਰਿਤਾ ਦਾ ਰੋਹਬ ਝਾੜ ਕੇ ਲੋਕਾਂ ਨੂੰ ਕਥਿਤ ਤੌਰ ਤੇ ਬਲੈਕਮੇਲਿੰਗ ਕਰਨ ਵਾਲੇ ਪੱਤਰਕਾਰਾਂ ਖਿਲਾਫ ਸੰਗਰੂਰ ਪੁਲਿਸ ਨੇ ਵੱਡੀ ਮੁਹਿੰਮ ਵਿੱਢ ਦਿੱਤੀ ਹੈ। ਦਸ ਦਿਨਾਂ ਵਿੱਚ ਸੰਗਰੂਰ ਜਿਲ੍ਹੇ ਦੇ 4 ਵੱਖ ਵੱਖ ਥਾਣਿਆਂ ਵਿੱਚ ਅੱਠ ਕੇਸ ਦਰਜ ਕਰਕੇ, ਪੁਲਿਸ ਨੇ ਕਥਿਤ ਬਲੈਕਮੇਲਿੰਗ ਤੇ ਹੋਰ ਸੰਗੀਨ ਦੋਸ਼ਾਂ ਤਹਿਤ 9 ਸਥਾਨਕ ਪੱਤਰਕਾਰਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਹੁਣ ਤੱਕ ਗਿਰਫਤਾਰ ਕੀਤੇ ਪੱਤਰਕਾਰਾਂ ਵਿੱਚ ਕੁਲਦੀਪ ਸੱਗੂ ,ਲਵਪ੍ਰੀਤ ਸਿੰਘ ਧਾਂਦਰਾ, ਰਾਕੇਸ਼ ਕੁਮਾਰ ਗੱਗੀ , ਗੁਰਦੀਪ ਸਿੰਘ , ਹਰਦੇਵ ਸਿੰਘ @ ਸ਼ੰਮੀ, ਉਪਵਿੰਦਰ ਐਸ ਤਨੇਜਾ ,ਰਵਿੰਦਰ @ ਰਵੀ ਟਿੱਬਾ ,ਅਬਦੁਲ ਗੱਫਾਰ ਅਤੇ ਬਲਦੇਵ ਸਿੰਘ ਜਨੂਹਾ ਸ਼ਾਮਿਲ ਹਨ। ਐਸਐਸਪੀ ਸਿੱਧੂ ਨੇ ਕਿਹਾ ਕਿ ਪੱਤਰਕਾਰੀ ਦੀ ਆੜ ਹੇਠ ਉਕਤ ਪੱਤਰਕਾਰ ਕਿਸੇ ਵੀ ਮਾਮੂਲੀ ਵਾਰਦਾਤ ਨੂੰ ਤੋੜ ਮਰੋੜ ਤੇ ਵਧਾ ਚੜ੍ਹਾ ਕੇ ਪੇਸ਼ ਕਰਦੇ ਸਨ ਅਤੇ ਫਿਰ ਥਾਣਿਆਂ ਵਿੱਚ ਪਹੁੰਚ ਕੇ ਹੇਠਲੇ ਪੱਧਰ ‘ਤੇ ਪੁਲਿਸ ਵਾਲਿਆਂ ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੰਦੇ ਸਨ ।

     ਪੁਲਿਸ ਮੁਖੀ ਨੇ ਦੱਸਿਆ ਕਿ, ਇਹ ਗੱਲ ਵੀ ਉੱਭਰ ਕੇ ਸਾਹਮਣੇ ਆਈ ਹੈ ਕਿ, ਉਕਤ ਪੱਤਰਕਾਰਾਂ ਵੱਲੋਂ ਪੁਲਿਸ ਦੇ ਹੀ ਕੁੱਝ ਅਧਿਕਾਰੀਆਂ ਅਤੇ ਝਗੜਿਆਂ ਨਾਲ ਸਬੰਧਤ ਵਿਰੋਧੀ ਧਿਰਾਂ ਨੂੰ ਬਲੈਕਮੇਲ ਕਰਕੇ ਉਨ੍ਹਾਂ ਕੋਲੋਂ ਪੈਸੇ ਹੜੱਪਣ ਦੀ ਕੋਸਿਸ਼ ਤਹਿਤ ਸਿਰਫ ਆਪਣੇ ਨਿੱਜੀ ਮੁਫਾਦ ਨਾਲ ਹਮੇਸ਼ਾਂ ਆਪਣੀ ਮਰਜ਼ੀ ਅਨੁਸਾਰ ਖ਼ਬਰਾਂ ਕਰਦੇ ਸਨ। 

      ਐਸਐਸਪੀ ਨੇ ਇਹ ਵੀ ਦਾਅਵਾ ਕੀਤਾ ਕਿ, ਕਈ ਵਾਰ ਕਿਸੇ ਲਾਪਰਵਾਹੀ ਲਈ ਕਾਰਵਾਈ ਦੇ ਡਰ ਕਾਰਣ ਹੇਠਲੇ ਦਰਜੇ ਦੇ ਪੁਲਿਸ ਅਧਿਕਾਰੀ ਵੀ ਉਕਤ ਪੱਤਰਕਾਰਾਂ ਦਾ ਸ਼ਿਕਾਰ ਹੋ ਜਾਂਦੇ ਰਹੇ ਹਨ। ਇੱਥੋਂ ਤੱਕ ਕਿ ਦੂਜੇ ਹੋਰ ਵਿਭਾਗਾਂ ਦੇ ਕੁਝ ਕਥਿਤ ਤੌਰ ਤੇ ਭ੍ਰਿਸ਼ਟ ਅਧਿਕਾਰੀ ਵੀ ਉਨ੍ਹਾਂ ਦੇ ਰੁਟੀਨ / ਮਹੀਨਾਵਾਰ ਸ਼ਿਕਾਰ ਵੀ ਹੁੰਦੇ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਗਿਰਫਤਾਰ ਕੀਤੇ ਪੱਤਰਕਾਰਾਂ ਦੀ ਇੱਕ ਹੋਰ ਵਿਸ਼ੇਸ਼ਤਾ ਅਤੇ “ਟ੍ਰੇਡ ਮਾਰਕ ਮੋਡਸ ਓਪਰੇੰਡੀ“ ਅਸਲ ਮਕਸਦ ਕਾਰੋਬਾਰੀਆਂ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਅਤੇ ਇੱਥੋਂ ਤੱਕ ਕਿ ਆਮ ਲੋਕਾਂ ਨੂੰ ਵੀ ਕਿਸੇ ਨਾ ਕਿਸੇ ਬਹਾਨੇ ਡਰਾਉਣਾ / ਬਲੈਕਮੇਲ ਕਰਨਾ, ਉਹਨਾਂ ਦੇ ਵੀਡੀਓ ਬਣਾ ਕੇ , ਫਿਰ ਉਹਨਾਂ ਨੂੰ ਉਹਨਾਂ ਆਪਣੇ ਪ੍ਰਕਾਸ਼ਨ ਅਤੇ ਅਪਲੋਡ ਕਰਨ ਦੀ ਧਮਕੀ ਦੇਣਾ ਸੀ। ਜੇਕਰ ਉਨ੍ਹਾਂ ਨੂੰ ਲੋੜੀਂਦੀ ਰਕਮ ਨਹੀਂ ਮਿਲਦੀ ਸੀ ਤਾਂ ਸਬੰਧਤਾਂ ਨੂੰ ਬਦਨਾਮ ਕਰਨ ਲੱਗ ਜਾਂਦੇ ਸਨ ।

     ਸ੍ਰੀ ਸਿੱਧੂ ਨੇ ਦੱਸਿਆ ਕਿ, ਉਕਤ ਪੱਤਰਕਾਰਾਂ ਨੂੰ ਵੱਖ-ਵੱਖ ਕੇਸਾਂ ਵਿੱਚ ਗ੍ਰਿਫ਼ਤਾਰ ਕਰਕੇ ਪੁਲਿਸ ਰਿਮਾਂਡ ਦੌਰਾਨ ਹੋਈ ਪੁੱਛਗਿੱਛ ਦੌਰਾਨ ਗਿਰਫਤਾਰ ਪੱਤਰਕਾਰਾਂ ਦੇ ਕਬਜ਼ੇ ਵਿੱਚੋਂ ਲੋਕ ਸੰਪਰਕ ਵਿਭਾਗ ਵੱਲੋਂ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਜ਼ਾਰੀ ਕੀਤੇ ਜਾਣ ਵਾਲੇ , ਉਨ੍ਹਾਂ ਦੇ ਜਾਅਲੀ ਫਰਜੀ ਪੀਲੇ ਕਾਰਡ ਅਤੇ ਮੀਡੀਆ ਅਦਾਰਿਆਂ ਦੇ ਕਾਰਡਾਂ ਸਮੇਤ ਕੁੱਝ ਹੋਰ ਸਬੂਤ ਵੀ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਉਕਤ ਪੱਤਰਕਾਰਾਂ ਦੀਆਂ  “ਨਾਪਾਕ” ਗਤੀਵਿਧੀਆਂ ਸਬੰਧੀ ਆਮ ਲੋਕਾਂ ਤੋਂ ਲਗਾਤਾਰ ਫੋਨ ਵੀ ਆ ਰਹੇ ਸਨ। ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਕੁੱਝ ਅਜਿਹੀ ਕਿਸਮ ਦੇ ਪੱਤਰਕਾਰ , ਚੰਗੇ ਅਕਸ ਵਾਲੇ ਹੋਰਨਾਂ ਪੱਤਰਕਾਰਾਂ ਲਈ ਵੀ ਬਦਨਾਮੀ ਦਾ ਕਾਰਣ ਬਣਦੇ ਹਨ ਤੇ ਪੱਤਰਕਾਰਿਤਾ ਤੇ ਵੀ ਬਦਨੁਮਾ ਦਾਗ ਹੀ ਹਨ।


Spread the love
Scroll to Top