ਫਿਰ ਟਿੱਚ ਬਟਨਾਂ ਦੀ ਜੋੜੀ ਵਾਂਗ ਜੁੜਨ ਲੱਗੇ  ਭਾਜਪਾ ਤੇ ਅਕਾਲੀ !

Spread the love

 ਅਸ਼ੋਕ ਵਰਮਾ , ਬਠਿੰਡਾ 4 ਜੁਲਾਈ 2023
   ਕੀ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਪੰਜਾਬ ਦੀ ਰਾਜਨੀਤੀ ਵਿੱਚ ਇਕ ਵਾਰ ਫਿਰ ਗੱਠਜੋੜ ਕਰਨ ਦੀ ਤਿਆਰੀ ‘ਚ ਹਨ? ਅਹਿਮ ਸਿਆਸੀ ਹਲਕਿਆਂ ਦੀ ਮੰਨੀਏ ਤਾਂ ਦੋਹਾਂ ਧਿਰਾਂ ਵਿਚਕਾਰ ਇਸ ਸਬੰਧ ‘ਚ ਸਹਿਮਤੀ ਬਣ ਗਈ ਹੈ। ਸੂਤਰ ਦੱਸਦੇ ਹਨ ਕਿ ਜਲਦੀ ਹੀ ਅਕਾਲੀ ਦਲ ਤੇ ਭਾਜਪਾ ਵਿਚਕਾਰ ਗਠਜੋੜ ਦਾ ਐਲਾਨ ਕੀਤਾ ਜਾ ਸਕਦਾ ਹੈ। ਸੂਤਰ ਆਖਦੇ ਹਨ ਕਿ  ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਦਾ ਕੰਮ ਵੀ ਮੁਕਾ ਲਿਆ  ਹੈ। ਦੋਵੇਂ ਧਿਰਾਂ ਇਸ ਗੱਲ ਤੇ ਵੀ ਸਹਿਮਤ ਹਨ ਕਿ ਪੁਰਾਣੇ ਗਿਲੇ ਸ਼ਿਕਵੇ ਭੁੱਲ ਕੇ ਸਿਆਸੀ ਜਰੂਰਤਾਂ ਨੂੰ ਦੇਖਦਿਆਂ ਪੱਕੇ ਪੈਰੀਂ ਹੋਣ ਲਈ ਪੂਰਾ ਤਾਣ ਲਾਇਆ ਜਾਵੇਗਾ।     
            ਸੂਤਰਾਂ ਮੁਤਾਬਕ ਉਹ ਮੁੱਖ ਤੌਰ ਤੇ ਦੋਵਾਂ ਧਿਰਾਂ ਦੀਆਂ ਸਿਆਸੀ ਜ਼ਰੂਰਤਾਂ  ਗਠਜੋੜ ਵਿੱਚ ਸਹਾਈ ਹੋਈਆਂ ਹਨ। ਪਹਿਲੇ ਦਿਨ ਤੋਂ ਹੀ ਗਠਜੋੜ ਦਾ ਜਨਤਕ ਅਤੇ ਜਿੱਥੇ ਰੂਪ ਵਿਚ ਵਿਰੋਧ ਕਰ ਰਹੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਵੀ ਪਾਰਟੀ ਨੇ ਲਾਂਭੇ ਕਰ ਦਿੱਤਾ ਹੈ। ਹੁਣ ਜਦੋਂ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ  ਨੇ ਪੰਜਾਬ ਦੀ ਵਾਗਡੋਰ ਕਾਂਗਰਸ ਛੱਡ ਕੇ ਬੀਜੇਪੀ ‘ਚ ਸ਼ਾਮਲ ਹੋਏ ਸੁਨੀਲ ਜਾਖੜ ਦੇ ਹੱਥ ਦੇ ਦਿੱਤੀ ਹੈ ਤਾਂ ਕੋਈ ਅੜਿਕਾ ਬਾਕੀ ਨਹੀਂ ਰਹਿ ਗਿਆ ਹੈ। ਉਂਝ ਵੀ ਜਾਖੜ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਬੇਹੱਦ ਸਤਿਕਾਰ ਕਰਦੇ ਅਤੇ ਅਕਾਲੀ ਦਲ ਦੇ ਕਾਫੀ ਨਜ਼ਦੀਕ ਮੰਨੇ ਜਾਂਦੇ ਹਨ। ਨਵੇਂ ਪ੍ਰਧਾਨ ਦੇ ਅਹੁਦਾ ਸੰਭਾਲਣ ਤੋਂ ਬਾਅਦ ਅਕਾਲੀ ਦਲ ਅਤੇ ਭਾਜਪਾ ਦਰਮਿਆਨ  ਨਹੁੰ-ਮਾਸ ਦਾ ਰਿਸ਼ਤਾ ਮੁੜ  ਬਣਨ  ਦੀ ਚਰਚਾ ਨੇ ਵੀ ਜੋਰ ਫੜਿਆ ਹੋਇਆ ਹੈ।
          ਭਰੋਸੇਯੋਗ ਸੂਤਰਾਂ ਅਨੁਸਾਰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ  ਨਜ਼ਦੀਕੀ ਟਕਸਾਲੀ ਅਕਾਲੀ ਆਗੂਆਂ ਦੀ ਸੋਚ ਬਣੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੱਡੇ ਬਾਦਲ ਨੂੰ ਸ਼ਰਧਾਂਜਲੀ ਦੇਣ ਲਈ ਆਉਣਾ ਸੱਚਮੁੱਚ ਅਹਿਮ ਅਤੇ ਇੱਕ ਮਜ਼ਬੂਤ ਸੁਨੇਹਾ  ਹੈ ਇਸ ਲਈ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਦੇ ਮੱਦੇਨਜ਼ਰ ਟੁੱਟੇ ਰਿਸ਼ਤੇ ਮੁੜ ਗੰਢਣ ਨੂੰ ਨਕਾਰਿਆ ਨਹੀਂ ਜਾਣਾ ਚਾਹੀਦਾ।   ਅੰਦਰੋ  ਅੰਦਰੀਂ ਬੀਜੇਪੀ  ਦੇ ਟਕਸਾਲੀ ਆਗੂ ਵੀ ਗਠਜੋੜ ਦੇ ਹੱਕ ਵਿਚ ਹਨ। ਇਨ੍ਹਾਂ ਆਗੂਆਂ ਦੀ ਸੋਚ ਹੈ ਜੇਕਰ ਭਾਈਵਾਲੀ ਕਾਇਮ ਹੋ ਜਾਂਦੀ ਹੈ ਤਾਂ ਇਸ ਨਾਲ ਭਾਜਪਾ ਸ਼ਾਮਲ ਹੋਏ ਵੱਡੀ ਗਿਣਤੀ ਦਲ-ਬਦਲੂਆਂ ਦਾ ਪੱਤਾ ਕੱਟਿਆ ਜਾ ਸਕਦਾ ਹੈ।  ਮਾਲਵੇ ਦੇ ਇੱਕ ਸੀਨੀਅਰ ਭਾਜਪਾ ਆਗੂ ਦਾ ਕਹਿਣਾ ਸੀ ਕਿ ਦੋਵਾਂ ਧਿਰਾਂ ਨੇ ਵੱਖ ਹੋ ਕੇ ਗੁਆਈਆਂ ਹੀ ਹੈ ਖੱਟਿਆ ਕੁਝ ਵੀ ਨਹੀਂ। 
         ਉਨ੍ਹਾਂ ਕਿਹਾ ਕਿ ਜਲੰਧਰ ਜਿਮਨੀ ਚੋਣ ਨੇ ਦੋਵਾਂ ਭਾਈਵਾਲਾਂ ਨੂੰ ਸ਼ੀਸ਼ਾ ਦਿਖਾਇਆ ਹੈ।  ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਹਨ ਉਨ੍ਹਾਂ ਨੂੰ ਦੇਖਦੇ ਭਾਰਤੀ ਜਨਤਾ ਪਾਰਟੀ ਅਤੇ  ਅਕਾਲੀ ਦਲ ਵੱਲੋਂ ਪੰਜਾਬ ‘ਚ ਮੁੜ ‘ਗੱਠਜੋੜ’ ਬਣਾਉਣ ਲਈ ਆਪਣੇ ਪੁਰਾਣੇ ਵਖਰੇਵਿਆਂ ਨੂੰ ਦਰਕਿਨਾਰ ਕਰਨਾ ਕੋਈ ਔਖਾ ਨਹੀਂ।ਭਾਵੇਂ ਭਾਜਪਾ ਦੇ  ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਦੋਵਾਂ ਸਿਆਸੀ ਧਿਰਾਂ ਵਿਚਕਾਰ ਗਠਜੋੜ ਦੀ ਸੰਭਾਵਨਾਂ ਨੂੰ ਰੱਦ ਕੀਤਾ  ਸੀ ਫਿਰ ਵੀ ਖੇਤੀ ਕਾਨੂੰਨਾਂ ਕਾਰਨ ਬਣੀ ਸਥਿਤੀ ਅਤੇ ਜ਼ਿਮਨੀ ਚੋਣ  ਹਾਰ ਜਾਣ ਤੋਂ ਬਾਅਦ   ਭਾਈਵਾਲੀ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਭਾਜਪਾ  ਨੇਤਾ ਆਖਦੇ ਹਨ ਕਿ ਅਕਾਲੀ ਦਲ ਨੇ ਉਸ ਵੇਲੇ ਭਾਜਪਾ ਦਾ ਹੱਥ ਛੱਡਿਆ ਸੀ ਜਦੋਂ ਪਾਰਟੀ ਔਖੇ ਦੌਰ ਵਿੱਚੋਂ ਦੀ ਲੰਘ ਰਹੀ ਸੀ ਫਿਰ ਵੀ ਵਕਤ ਦੀ ਜ਼ਰੂਰਤ ਹੈ ਕਿ  ਮਿਲ ਕੇ ਚੱਲਿਆ ਜਾਵੇ।
       ਪਤਾ ਲੱਗਾ ਹੈ ਕਿ  ਅਕਾਲੀ ਦਲ ਦੇ ਕਈ ਸੀਨੀਅਰ ਨੇਤਾ ਭਾਜਪਾ ਨਾਲ ਗਠਜੋੜ ਹੋਣ ਦੀ ਕਾਹਲ ਵਿੱਚ ਵੀ ਜਾਪਦੇ ਹਨ। ਇਨ੍ਹਾਂ ਆਗੂਆਂ ਦੀ ਦਲੀਲ ਹੈ ਕਿ ਕੌਮੀ ਪੱਧਰ ’ਤੇ ਭਾਜਪਾ ਦੀ ਚੜ੍ਹਤ ਹੈ ਜਦੋਂ ਕਿ  ਅਕਾਲੀ ਦਲ ਨਿਵਾਣ ’ਚੋਂ ਉੱਭਰ ਨਹੀਂ ਰਿਹਾ  ਇਸ ਲਈ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਆਪਸੀ ਸਹਿਮਤੀ ਬਣਾ ਲੈਣ ਵਿੱਚ ਕੋਈ ਹਰਜ਼ ਨਹੀਂ ਹੈ। ਦੂਜੇ  ਪਾਸੇ ਪਿਛਲੇ ਸਮੇਂ ਦੌਰਾਨ ਭਾਜਪਾ ਵਿੱਚ ਸ਼ਾਮਲ ਹੋਏ ਕਈ ਵੱਡੇ ਕਾਂਗਰਸੀ ਚਿਹਰੇ ਅੰਦਰੋਂ  ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਦੇ ਹੱਕ ਵਿਚ ਨਹੀਂ ਹਨ। ਕਾਂਗਰਸ ਤੋਂ ਭਾਜਪਾਈ ਬਣੇ ਆਗੂਆਂ ਨੂੰ ਖਤਰਾ ਸਤਾ ਰਿਹਾ ਹੈ ਕਿ ਗੱਠਜੋੜ ਹੋਣ ਦੀ ਸੂਰਤ ਵਿੱਚ ਉਨ੍ਹਾਂ ਦੀ ਟਿਕਟ ਨੂੰ ਖਤਰਾ ਬਣ ਸਕਦਾ ਹੈ। ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ  ਗੱਠਜੋੜ ਦਾ ਮਾਹੌਲ ਤਾਂ ਬਣਿਆ ਹੈ ਪਰ ਇਸ ਵਾਰ ਭਾਜਪਾ ਆਪਣਾ ਪੱਲੜਾ ਭਾਰੀ ਰੱਖੇ ਸਕਦੀ ਹੈ।
 ਸਾਲ 1996 ਵਿੱਚ ਬਣੇ  ਭਾਈਵਾਲੀ
      ਦੱਸਣਯੋਗ ਹੈ ਕਿ ਪੰਜਾਬ ਵਿੱਚ ਕਾਲੇ ਦਿਨਾਂ ਦੀ ਸਮਾਪਤੀ ਪਿੱਛੋਂ ਸਾਲ 1997 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੱਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਉਸ ਵੇਲੇ ਦੇ ਸਿਰਮੌਰ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹਿੰਦੂ ਸਿੱਖ ਏਕਤਾ ਦੇ ਨਾਮ ਹੇਠ ਇਸ ਗਠਜੋੜ ਨੂੰ ਅਮਲੀ ਰੂਪ ਦਿੱਤਾ ਗਿਆ ਸੀ। ਉਸ ਤੋਂ ਬਾਅਦ ਇਹ ਗਠਜੋੜ ਲਗਾਤਾਰ ਭਾਈਵਾਲੀ ਤਹਿਤ ਵੱਖ-ਵੱਖ ਤਰ੍ਹਾਂ ਦੀਆਂ ਚੋਣਾਂ ਲੜਦਾ ਆ ਰਿਹਾ ਸੀ। ਕੇਂਦਰ ‘ਚ ਸੱਤਾਧਾਰੀ ਮੋਦੀ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਪਾਸ ਕਰਨ ਕਾਰਨ ਦੋਵਾਂ ਭਾਈਵਾਲਾਂ ‘ਚ ਕੁੜੱਤਣ ਬਣ ਗਈ ਤਾਂ ਅਕਾਲੀ ਦਲ ਨੇ ਭਾਜਪਾ ਨਾਲੋਂ  ਨਾਤਾ  ਤੋੜ ਲਿਆ । ਇਸ ਤੋਂ ਬਾਅਦ ਦੋਵਾਂ ਧਿਰਾਂ ਦੇ ਰਾਹ ਵੱਖੋ-ਵੱਖਰੇ ਚੱਲੇ ਆ ਰਹੇ ਹਨ।
 ਫਿਲਹਾਲ ਕੋਈ ਗੱਲ ਨਹੀਂ: ਚੀਮਾ 
   ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਦਾ ਕਹਿਣਾ ਸੀ ਕਿ ਅਜੇ ਤੱਕ ਇਸ ਮਾਮਲੇ ਵਿੱਚ ਨਾ ਤਾਂ ਕੋਈ ਮੀਟਿੰਗ ਹੋਈ ਹੈ ਅਤੇ ਨਾ ਹੀ ਗਠਜੋੜ ਪ੍ਰਤੀ ਸਹਿਮਤੀ ਬਣੀ ਹੈ। ਉਨ੍ਹਾਂ ਇਸ ਤੋਂ ਵੱਧ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। 
 ਮੰਤਰੀ ਬਣੇਗੀ ਹਰਸਿਮਰਤ : ਆਗੂ
    ਦੂਜੇ ਪਾਸੇ ਭਾਰਤੀ ਜਨਤਾ ਪਾਰਟੀ  ਦੇ ਦੋ ਸੀਨੀਅਰ ਲੀਡਰਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਅਕਾਲੀ ਦਲ ਐਨਡੀਏ ਦਾ ਹਿੱਸਾ ਬਣਨ ਜਾ ਰਿਹਾ ਹੈ ਇਸ ਵਿਚ ਕੋਈ ਦੋ ਰਾਵਾਂ ਨਹੀਂ ਰਹਿ ਗਈਆਂ  ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ 8 ਅਤੇ ਬੀਜੇਪੀ ਪੰਜ ਹਲਕਿਆਂ ਵਿੱਚ ਚੋਣ ਲੜੇਗੀ। ਇਨ੍ਹਾਂ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਜਾਂ ਹਰਸਿਮਰਤ ਕੌਰ ਬਾਦਲ ‘ਚੋਂ ਕਿਸੇ ਇੱਕ ਨੂੰ ਕੇਂਦਰੀ ਮੰਤਰੀ ਬਣਾਏ ਜਾਣ ਦੀ ਪੇਸ਼ੀਨਗੋਈ ਵੀ ਕੀਤੀ ਹੈ।

Spread the love
Scroll to Top