ਬਠਿੰਡਾ ਪੁਲਿਸ ਨੇ ਥਾਣਿਆਂ ਵਿੱਚ ਡੱਕੇ ਠੇਕਾ ਮੁਲਾਜਮ

Spread the love

ਅਸ਼ੋਕ ਵਰਮਾ , ਬਠਿੰਡਾ,21 ਮਈ 2023
   ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਵਿਰੋਧ ਕਰਨ ਆਏ ਆਊਟਸੋਰਸਿੰਗ ਅਤੇ ਇਨਲਿਸਟਮੈਂਟ ਤਹਿਤ ਲੰਮੇ ਸਮੇਂ ਤੋਂ ਕੰਮ ਕਰ ਰਹੇ ਠੇਕਾ ਮੁਲਾਜਮਾਂ ਨੂੰ ਅੱਜ ਬਠਿੰਡਾ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਵੱਖ-ਵੱਖ ਥਾਣਿਆਂ ‘ਚ ਡੱਕ ਦਿੱਤਾ। ਸਭ ਤੋਂ ਪਹਿਲਾਂ ਬਠਿੰਡਾ ਪੁਲਸ ਨੇ ਠੇਕਾ ਮੁਲਾਜ਼ਮ ਦੇ ਇੱਕ ਦਰਜਨ ਮੁਲਾਜ਼ਮ ਹਿਰਾਸਤ ਵਿੱਚ ਲਏ ਅਤੇ ਥਾਣਾ ਨਥਾਣਾ ਭੇਜ ਦਿੱਤੇ। ਇਸ ਤੋਂ ਬਾਅਦ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਾ ਹੋਇਆ ਠੇਕਾ ਮੁਲਾਜ਼ਮਾਂ ਦਾ ਇਕ ਹੋਰ ਜਥਾ ਸੜਕ ਤੇ ਆ ਗਿਆ ਜਿਨ੍ਹਾਂ ਨੂੰ ਪੁਲੀਸ ਨੇ ਬੈਰੀਕੇਡ ਲਾ ਕੇ ਰੋਕ ਦਿੱਤਾ।                               
       ਇਸ ਨੂੰ ਪੁਲਿਸ ਦੇ ਵਤੀਰੇ ਦੀ ਇੰਤਹਾ ਹੀ ਕਿਹਾ ਜਾ ਸਕਦਾ ਹੈ ਕਿ ਅੱਜ ਠੇਕਾ ਮੁਲਾਜਮਾਂ ਦੇ ਇਸ ਗਰੁੱਪ ਨੂੰ ਲੋਹੜੇ ਦੀ ਗਰਮੀ ਦੌਰਾਨ ਤਪੀ ਸੜਕ ਤੇ  ਲੰਮਾ ਸਮਾਂ ਧੁੱਪੇ ਬਿਠਾਈ ਰੱਖਿਆ ਅਤੇ ਪਾਣੀ ਵੀ ਨਹੀਂ ਪੀਣ ਦਿੱਤਾ। ਮੁੱਖ ਮੰਤਰੀ ਅੱਜ ਬਠਿੰਡਾ ਪਾਵਰਕੌਮ ਦੇ ਲੇਕ ਵਿਊ ਹੋਸਟਲ ਵਿਚ ਪੁੱਜੇ ਹੋਏ ਸਨ । ਠੇਕਾ ਮੁਲਾਜ਼ਮਾਂ ਨੂੰ ਇਸ ਪ੍ਰੋਗਰਾਮ ਦੀ ਨਮ ਭਿਣਕ ਪੈ ਗਈ ਅਤੇ ਉਹ  ਵਿਰੋਧ ਲਈ ਇਕੱਠੇ ਹੋ ਗਏ ਜਿਸ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਤਾਇਨਾਤ ਕਰ ਦਿੱਤੇ। ਜਦੋਂ ਠੇਕਾ ਮੁਲਾਜ਼ਮਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਤਾਂ ਰੱਫੜ ਵਧਦਾ ਦੇਖ ਪੰਜਾਬ ਸਰਕਾਰ ਦੇ ਨੁਮਾਇੰਦੇ ਨੇ ਠੇਕਾ ਮੁਲਾਜ਼ਮ ਆਗੂਆਂ ਤੋਂ ਮੰਗ ਪੱਤਰ ਲਿਆ ਅਤੇ ਮਾਮਲੇ ਨੂੰ ਸ਼ਾਂਤ ਕਰਵਾਇਆ।
                    ਇਸ ਮੌਕੇ ਠੇਕਾ ਮੁਲਾਜ਼ਮਾਂ ਨੇ  ਆਖਿਆ ਕਿ ਆਮ ਆਦਮੀ ਪਾਰਟੀ  ਨੇ ਪਿਛਲੀਆਂ ਚੋਣਾਂ ਦੌਰਾਨ ਹਰ ਵਰਗ ਦੇ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਦੇ ਵਾਅਦੇ ਨਾਲ ਵੋਟਾਂ ਬਟੋਰ ਲਈਆਂ ਪਰ ਹੁਣ ਆਊਟਸੋਰਸਿੰਗ ਅਤੇ ਇਨਲਿਸਟਮੈਂਟ ਤਹਿਤ ਕੰਮ ਕਰਦੇ ਮੁਲਾਜ਼ਮਾਂ ਨੂੰ ਲਾਰਿਆਂ ’ਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਸੰਘਰਸ ਕਰਦੇ ਆ ਰਹੇ ਹਨ ਪਰ ਪਿਛਲੀਆਂ ਸਰਕਾਰਾਂ ਦੀ ਤਰਾਂ ਮੌਜੂਦਾ ਸਰਕਾਰ ਵੀ  ਵਾਅਦਾ ਪੂਰਾ ਕਰਨ ਤੋਂ ਭੱਜਦੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ  ਮੰਤਰੀ ਜਿੱਥੇ ਵੀ ਪ੍ਰੋਗਰਾਮ ਕਰਨਗੇ ਉਨ੍ਹਾਂ ਨੂੰ ਹਰ ਹਾਲਤ ’ਚ ਘੇਰਿਆ ਜਾਏਗਾ। 
     ਇਸ ਮੌਕੇ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾਈ ਆਗੂ ਜਗਰੂਪ ਸਿੰਘ, ਜਗਸੀਰ ਸਿੰਘ ਭੰਗੂ  ਅਤੇ ਗੁਰਵਿੰਦਰ ਸਿੰਘ ਪੰਨੂ ਆਦਿ  ਨੇ ਮਿਹਣੇ ਮਾਰੇ ਕਿ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜੋ ਉਸ ਵੇਲੇ ਸੂਬਾ ਪ੍ਰਧਾਨ  ਨੇ ਇਹਨਾਂ ਦੋ ਕੈਟਾਗਰੀਆਂ  ਦੇ ਠੇਕਾ ਮੁਲਾਜਮਾਂ ਦੀ ਸਾਰ ਲੈਣ ਦਾ ਕੀਤਾ ਵਾਅਦਾ ਰੱਦੀ ਦੀ ਟੋਕਰੀ ‘ਚ ਸੁੱਟ ਕੇ ਉਨ੍ਹਾਂ ਨਾਲ ਧਰੋਹ ਕਮਾਇਆ ਹੈ। ਉਹਨਾਂ ਆਖਿਆ ਕਿ ਸਰਕਾਰ ਹਰ ਵਾਰ ਵਾਅਦਾ ਕਰਕੇ  ਭੱਜ ਜਾਂਦੀ ਹੈ ਪਰ ਠੇਕਾ ਮਲਾਜਮ ਹਕੂਮਤ ਨੂੰ ਭੱਜਣ ਨਹੀਂ ਦੇਣਗੇ।
     
   ਉਨ੍ਹਾਂ ਦੋਸ਼ ਲਾਇਆ  ਕਿ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਵਾਂਗ ਭਗਵੰਤ ਮਾਨ  ਸਰਕਾਰ ਵੀ ਸਰਕਾਰੀ ਮਹਿਕਮਿਆਂ ਤੇ ਰੁਜ਼ਗਾਰਾਂ ਦਾ ਭੋਗ ਪਾਉਣ ਦੀਆਂ ਨੀਤੀਆਂ ਤੇ ਤੁਰਨ ਲੱਗੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨ੍ਹਾਂ ਆਖਿਆ ਕਿ ਸਰਕਾਰ ਦੀ ਬਦਨੀਅਤੀ ਦਾ ਇਸ ਤੋਂ ਵੀ ਪਤਾ ਲੱਗਦਾ ਹੈ ਕਿ  ਵਾਰ ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੁੱਕਰ ਜਾਣ ਦੀ ਨੀਤੀ ਨਾਲ ਕੇਵਲ ਡੰਗ ਟਪਾਇਆ ਜਾ ਰਿਹਾ ਹੈ।  ‘ਠੇਕਾ ਮੁਲਾਜਮ ਸੰਘਰਸ਼ ਮੋਰਚਾ’ ਦੇ ਲੀਡਰਾਂ ਨੇ ਸੰਕੇਤ ਦਿੱਤੇ ਕਿ ਉਹ ਸਾਲ 2024 ਦੀਆਂ ਚੋਣਾਂ ਤੋਂ ਪਹਿਲਾਂ  ਸੰਘਰਸ਼ ਦਾ ਮੈਦਾਨ ਪੂਰੀ ਤਰਾਂ ਭਖਾ ਦੇਣਗੇ ਅਤੇ ਮਾਨ  ਸਰਕਾਰ ਨੂੰ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਮਜਬੂਰ ਕੀਤਾ ਜਾਏਗਾ। 

Spread the love
Scroll to Top