ਬਦਮਾਸ਼ਾਂ ਨੂੰ ਸੂਈ ਦੇ ਨੱਕੇ ਥਾਣੀ ਕੱਢਣ ਲਈ ਲੰਗੋਟ ਕੱਸਣ ਲੱਗੀ ਬਠਿੰਡਾ ਪੁਲਿਸ

Spread the love

ਅਸ਼ੋਕ ਵਰਮਾ , ਬਠਿੰਡਾ, 19 ਜੂਨ 2023
       ਪੰਜਾਬ ਪੁਲੀਸ ਨੇ ਬਠਿੰਡਾ ਪੱਟੀ ਦੇ ਦੇ ‘ਨਾਜ਼ਕ ਜ਼ੋਨ’ ‘ਚ ਖਤਰਨਾਕ ਬਦਮਾਸ਼ਾਂ ਅਤੇ ਅਪਰਾਧੀਆਂ  ਨਾਲ ਸਿੱਝਣ ਲਈ ਲੰਗੋਟ ਕਸਣੇ ਸ਼ੁਰੂ ਕਰ ਦਿੱਤੇ ਹਨ।ਬਠਿੰਡਾ  ਪੁਲੀਸ ਗੈਂਗਸਟਰਵਾਦ ਵਰਗੇ ਗੰਭੀਰ ਖ਼ਤਰਿਆਂ ਦੇ ਮੱਦੇਨਜ਼ਰ ਪੁਲਸ ਦੇ ਅਜਿਹੇ ਦਸਤੇ ਤਿਆਰ ਕਰ ਰਹੀ ਹੈ ਜੋ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਹਰ ਵਕਤ ਤਿਆਰ ਰਹਿਣਗੇ।  ਪਿਛਲੇ ਕੁਝ ਸਮੇਂ ਦੌਰਾਨ ਪੰਜਾਬ ‘ਚ ਸਿੱਧੂ ਮੂਸੇਵਾਲਾ ਦੇ ਕਤਲ ਸਮੇਤ ਵਾਪਰੀਆਂ ਵੱਖ ਵੱਖ ਘਟਨਾਵਾਂ ਤੋਂ ਬਾਅਦ ਅਮਨ ਕਾਨੂੰਨ ਕਾਇਮ ਰੱਖਣ ਖਾਤਰ ਪੁਲੀਸ ਵੱਲੋਂ ਕੁੱਝ ਪ੍ਰੋਗਰਾਮ ਉਲੀਕੇ ਗਏ ਹਨ ਜਿਸ ਤਹਿਤ ਇਸ ਤਰ੍ਹਾਂ ਦੀਆਂ ਅੱਤਵਾਦ  ਵਿਰੋਧੀ ਟੀਮਾਂ  ਬਣਾਈਆਂ ਜਾ ਰਹੀਆਂ ਹਨ। 
         ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਆਖ ਚੁੱਕੇ ਹਨ ਕਿ ਪੰਜਾਬ ਪੁਲਿਸ ਨੂੰ ਵਕਤ  ਦੇ ਹਾਣ ਦੀ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ। ਪੰਜਾਬ ਸਰਕਾਰ ਦੇ ਇਨ੍ਹਾਂ ਕਦਮਾਂ ਤਹਿਤ ਹੀ ਹੋਂਦ ਵਿੱਚ ਆਉਣ ਵਾਲੀਆਂ ਇਨ੍ਹਾਂ ਟੀਮਾਂ  ਨੂੰ ਪੂਰੇ ਸਾਜੋ ਸਾਮਾਨ ਨਾਲ ਲੈਸ ਕੀਤਾ ਜਾ ਰਿਹਾ ਹੈ ਅਤੇ ਹਰ ਕਿਸਮ ਦੀ ਔਖੀ ਤੋਂ ਔਖੀ ਟਰੇਨਿੰਗ ਵੀ ਦਿੱਤੀ ਜਾ ਰਹੀ ਹੈl  ਸਿਖਲਾਈ ਦੌਰਾਨ ਇਨ੍ਹਾਂ ਜੁਆਨਾਂ ਨੂੰ ਬੁਲੇਟ ਪੂਰਫ ਜੈਕਟਾਂ ਨਾਲ ਲੈਸ ਕੀਤਾ ਜਾਂਦਾ ਹੈ ਅਤੇ ਐਨ ਐਸ ਜੀ ਦੇ ਕਮਾਂਡੋਆਂ ਦੀ ਤਰਜ਼ ਤੇ ਅਤੀਆਧੁਨਿਕ  ਬਾਡੀ ਪ੍ਰੋਟੈਕਟਰ ਵੀ ਦਿੱਤੇ ਗਏ ਹਨ। ਬਠਿੰਡਾ ਦੀ ਪੁਲਿਸ ਲਾਈਨ ਵਿੱਚ ਇਨ੍ਹਾਂ ਜਵਾਨਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। 
         ਪਤਾ ਲੱਗਾ ਹੈ ਕਿ  ਅਧਿਕਾਰੀ ਇੰਨ੍ਹਾਂ ਜਵਾਨਾਂ ਨੂੰ ਖਾਸ ਆਪਰੇਸ਼ਨਾਂ ਮੌਕੇ ਅਤਿਵਾਦੀ ਅਨਸਰਾਂ , ਗੈਂਗਸਟਰਾਂ ਤੇ ਖ਼ਤਰਨਾਕ ਅਪਰਾਧੀਆਂ ਨਾਲ ਨਜਿੱਠਣ ਦੀਆਂ ਬਰੀਕੀਆਂ ਸਬੰਧੀ ਸਮਝਾ ਰਹੇ ਹਨ। ਇਸ ਦੇ ਨਾਲ ਹੀ ਕਿਸੇ ਕਿਸਮ ਦੇ ਦੰਗੇ ਭੜਕਣ ਦੀ ਸੂਰਤ ਵਿੱਚ ਬੇਕਾਬੂ  ਹੋਈ ਭੀੜ ਤੇ ਕਾਬੂ ਪਾਉਣ ਵਰਗੇ ਨੁਕਤਿਆਂ ਤੋਂ ਵੀ ਜਾਣੂ ਕਰਵਾਇਆ ਜਾ ਰਿਹਾ ਹੈ।ਪੁਲਸ ਦੇ ਮਾਹਿਰ ਇਨ੍ਹਾਂ ਜਵਾਨਾਂ ਨੂੰ ‘ਦੰਗਾ ਰੋਕੂ ਅਭਿਆਸ’ ਵੀ ਕਰਵਾ ਰਹੇ ਹਨ ਜਿਸ ਤਹਿਤ  ਮੁਲਾਜ਼ਮਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਕਿ ਕਿਸ ਤਰਾਂ ਸਾਜੋ ਸਮਾਨ ਦੀ ਘੱਟ ਤੋਂ ਘੱਟ ਵਰਤੋਂ ਕਰਕੇ ਵਧੇਰੇ ਨਤੀਜੇ ਲੈਣੇ ਹਨ।ਇਸ ਮੌਕੇ ਹਮਲਾ ਹੋਣ ਦੀ ਸੂਰਤ ’ਚ ਬਚਾਓ ਕਿਵੇਂ ਕਰਨਾ ਹੈ ਤੇ ਭੀੜ ਖਿਡਾਉਣ ਦੇ ਢੰਗ ਤਰੀਕੇ ਵੀ ਦੱਸੇ ਜਾਂਦੇ ਹਨ।                               
       ਮਹੱਤਵਪੂਰਨ ਤੱਥ ਇਹ ਵੀ ਹੈ ਕਿ ਸਿਖਲਾਈ ਦੇ ਨਾਲੋ ਨਾਲ ਟ੍ਰੇਨਿੰਗ ਹਾਸਲ ਕਰਨ ਵਾਲੇ ਇਹਨਾਂ ਜੁਆਨਾਂ ਦਾ ਦਮ-ਖਮ ਵੀ ਪਰਖਿਆ ਜਾ ਰਿਹਾ ਹੈ। ਇਸ ਅਭਿਆਸ ਤਹਿਤ ਇੱਕ ਪਾਸੇ ਪੁਲਿਸ ਦੀ ਟੀਮ ਆਪਣੇ ਸਾਜ਼ੋ ਸਮਾਨ ਨਾਲ ਆਉਦੀ ਹੈ ਜਦੋਂ ਕਿ ਦੂਜੇ ਪਾਸੇ ਸਾਦੇ ਕੱਪੜਿਆਂ ਵਿੱਚ ਪੁਲਸ ਮੁਲਾਜ਼ਮਾਂ ਵੱਲੋਂ ਦੰਗਾ ਕਰਨ ਵਾਲਿਆਂ ਦੀ ਤਰ੍ਹਾਂ ਹੱਲਾ ਬੋਲਿਆ ਜਾਂਦਾ ਹੈ। ਸੂਤਰ ਦੱਸਦੇ ਹਨ ਕਿ ਇਸ ਸਿਖਲਾਈ ਤੋਂ ਪਿੱਛੋਂ  ਇਨ੍ਹਾਂ ਟੀਮਾਂ ਨੂੰ ਜਾਂਬਾਜ ਕਮਾਂਡੋਆਂ ਦੀ ਤਰਜ ਤੇ ਟ੍ਰੇਨਿੰਗ ਦੇਣ ਤੇ ਵੀ ਵਿਚਾਰ ਚੱਲ ਰਿਹਾ ਹੈ। ਸੂਤਰਾਂ ਮੁਤਾਬਕ  ਇੰਨ੍ਹਾਂ ਟੀਮਾਂ ਨੂੰ ਅਤੀਆਧੁਨਿਕ ਹਥਿਆਰ ਤੇ ਵਾਹਨ ਚਲਾਉਣ ਤੋਂ ਇਲਾਵਾ ਕਿਸੇ ਵੀ ਕਿਸਮ ਦੇ ਵੱਡੇ ਆਪਰੇਸ਼ਨ ਦੌਰਾਨ ਅਹਿਮ ਭੂਮਿਕਾ ਨਿਭਾਉਣ ਦੀ ਟਰੇਨਿੰਗ ਦੇਣ ਦਾ ਪ੍ਰੋਗਰਾਮ ਵੀ ਹੈ।
         ਪੰਜਾਬ ਕਈ ਸਾਲ ਪਹਿਲਾਂ ਕਾਲੇ ਦਿਨਾਂ ਦਾ ਵੱਡਾ ਸੰਤਾਪ ਹੰਢਾ ਚੁੱਕਾ ਹੈ ਤੇ ਪਿਛਲੇ ਕੁਝ ਸਮੇਂ ਦੌਰਾਨ ਗੈਂਗਸਟਰਵਾਦ ਵਰਗੇ ਖਤਰੇ ਵੀ ਵਧੇ ਹਨ।ਇਸ ਕਰਕੇ ਹੁਣ  ਪੁਲਿਸ ਕਿਸੇ ਵੀ ਕਿਸਮ ਦਾ ਖਤਰਾ ਮੁੱਲ ਲੈਣ ਦੇ ਰੌਂਅ ‘ਚ ਨਹੀਂ ਹੈ। ਗੌਰਤਲਬ ਹੈ ਕਿ ਪੰਜਾਬ ਵਿੱਚ ਵਾਪਰੀਆਂ ਕਈ ਤਰ੍ਹਾਂ ਦੀਆਂ ਘਟਨਾ ਤੋਂ ਬਾਅਦ ਇਸ ਤਰਾਂ ਦੇ ਪ੍ਰਬੰਧਾਂ ਦੀ ਜਰੂਰਤ ਮਹਿਸੂਸ ਕੀਤੀ ਜਾ ਰਹੀ ਸੀ।ਜਦੋਂ ਤੋਂ ਜ਼ਿਲ੍ਹੇ ਵਿੱਚ ਵੱਡੇ ਪੂੰਜੀ ਨਿਵੇਸ਼ ਵਾਲੀ ਰਿਫਾਈਨਰੀ ਚਾਲੂ ਹੋਈ ਹੈ ਤਾਂ ਸੁਰੱਖਿਆ ਦਾ ਤਾਮ ਝਾਮ ਵੀ ਵੱਡਾ ਹੋਇਆ ਹੈ। ਇਸ ਤੋਂ ਬਿਨਾਂ ਤੇਲ ਕੰਪਨੀਆਂ ਦੇ  ਡਿੱਪੂਆਂ, ਫੌਜ ਦੇ ਏਅਰ ਬੇਸ ਛਾਉਣੀ ਅਤੇ  ਰੇਲ ਜੰਕਸ਼ਨ ਨੇ ਵੀ ਬਠਿੰਡਾ  ਹਾਈਪ੍ਰੋਫਾਈਲ ਸ਼ਹਿਰਾਂ ਦੀ ਗਿਣਤੀ ‘ਚ ਖੜ੍ਹਾ ਕਰ ਦਿੱਤਾ ਹੈ।  ਪੰਜਾਬ ਪੁਲਿਸ ਲਈ  ਬਠਿੰਡਾ ਪੱਟੀ  ਸੁਰੱਖਿਆ ਦੇ ਪੱਖ ਤੋਂ ਹੁਣ ਕਾਫੀ ਸੰਵੇਦਨਸ਼ੀਲ ਜ਼ੋਨ ਬਣ ਗਈ ਹੈ ।
ਪੁਲੀਸ ਟੀਮਾਂ ਨੂੰ ਕਰੜੀ ਸਿਖਲਾਈ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਗੁਲਨੀਤ ਸਿੰਘ ਖੁਰਾਣਾ  ਦਾ ਕਹਿਣਾ ਸੀ ਕਿ ਇਹ ਰੁਟੀਨ ਦਾ ਪ੍ਰੋਗਰਾਮ ਹੈ । ਉਨ੍ਹਾਂ ਦੱਸਿਆ ਕਿ ਇੰਨ੍ਹਾਂ ਟੀਮਾਂ ਨੂੰ ਕਾਫੀ ਸਖਤ ਕਿਸਮ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਜਿਸ ਨਾਲ  ਇਹ ਪੁਲਿਸ ਮੁਲਾਜ਼ਮ ਹਰ ਤਰਾਂ ਦੀ ਔਕੜ ਨਾਲ ਨਿਪਟਣ ਦੇ ਕਾਬਲ ਬਣ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਵੇਲੇ ਇੰਨ੍ਹਾਂ ਦਸਤਿਆਂ ਨੂੰ ਇਸ ਵੇਲੇ ਪੰਜਾਬ ਪੁਲਿਸ ਦੇ ਮਾਹਿਰਾਂ  ਵੱਲੋਂ ਟਰੇਨਿੰਗ ਦਿੱਤੀ ਜਾ ਰਹੀ ਹੈ।

Spread the love
Scroll to Top