* ਦੋ ਸ਼ੱਕੀ ਕੇਸਾਂ ਵਿੱਚ ਵੀ ਰਿਪੋਰਟ ਆਈ ਨੈਗੇਟਿਗ, ਹੁਣ ਤੱਕ ਲਏ ਜਾ ਚੁਕੇ ਹਨ 13 ਸੈਂਪਲ
* ਸਿਹਤ ਵਿਭਾਗ ਕਰੋਨਾ ਵਾਇਰਸ ਤੋਂ ਬਚਾਅ ਦੇ ਨਾਲ ਨਾਲ ਕਰਫਿੳੂ ਦੇ ਮੱਦੇਨਜ਼ਰ ਲੋੜੀਂਦੀਆਂ ਸੇਵਾਵਾਂ ਦੇਣ ’ਚ ਜੁਟਿਆ
ਬਰਨਾਲਾ, 27 ਮਾਰਚ 2020
ਕਰੋਨਾ ਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਪਿਛਲੇ ਦਿਨੀਂ ਜਿੱਥੇ ਜਾਗਰੂਕਤਾ ਗਤੀਵਿਧੀਆਂ ਭਖਾਈਆਂ ਹਨ, ਉਥੇ ਕਰਫਿੳੂ ਦੇ ਮੱਦੇਨਜ਼ਰ ਸਿਹਤ ਸੇਵਾਵਾਂ ਦੇਣ ਅਤੇ ਸਮੇਂ ਸਮੇਂ ’ਤੇ ਸ਼ੱਕੀ ਕੇਸਾਂ ਤੇ ਬਾਹਰੋਂ ਆਉਣ ਵਾਲੇ ਪਰਿਵਾਰਾਂ ਨੂੰ ਇਕਾਂਤਵਾਸ ਕਰਨ ਅਤੇ ਹਰ ਤਰਾਂ ਦੀ ਮੈਡੀਕਲ ਸਹੂਲਤ ਦਿਵਾਉਣ ਵਿੱਚ ਵੀ ਵਿਭਾਗ ਦਾ ਅਮਲਾ ਜੁਟਿਆ ਹੋਇਆ ਹੈ।
ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਅਜੇ ਤੱਕ ਜ਼ਿਲਾ ਬਰਨਾਲਾ ਵਿੱਚ ਕਰੋਨਾ ਵਾਇਰਸ ਦਾ ਕੋਈ ਪਾਜ਼ੇਟਿਵ ਕੇਸ ਨਹੀਂ ਹੈ। ਉਨਾਂ ਕਿਹਾ ਕਿ ਸ਼ੱਕੀ ਕੇਸਾਂ ’ਤੇ ਪੂਰੀ ਨਜ਼ਰ ਰੱਖਣ ਦੇ ਨਾਲ ਨਾਲ ਉਨਾਂ ਨੂੰ ਮੈਡੀਕਲ ਸਹਾਇਤਾ ਅਤੇ ਸਬੰਧਤ ਪਰਿਵਾਰਾਂ ਨੂੰ ਇਕਾਂਤਵਾਸ ਕਰਨ ਦੀਆਂ ਸੇਵਾਵਾਂ ਸਮੇਂ ਸਮੇਂ ’ਤੇ ਸਿਹਤ ਅਮਲਾ ਨਿਭਾਅ ਰਿਹਾ ਹੈ। ਉਨਾਂ ਕਿਹਾ ਕਿ ਹੁਣ ਤੱਕ 13 ਮਰੀਜ਼ਾਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨਾਂ ਵਿੱਚੋਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਹੈ।
ਉਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਾਰੇ ਜ਼ਿਲੇ ਵਿੱਚ ਸ਼ੱਕੀ ਮਰੀਜ਼ਾਂ ਦੀ ਪਛਾਣ, ਬਾਹਰਲੇ ਦੇਸ਼ ਤੋਂ ਪਰਤਣ ਵਾਲਿਆਂ ਦੀ ਪਛਾਣ ਤੇ ਉੁਨਾਂ ਨੂੰ ਇਕਾਂਤਵਾਸ ਕਰਨ ਲਈ ਜ਼ਰੂਰੀ ਸੇਵਾਵਾਂ ਲਗਾਤਾਰ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਕਰੋਨਾ ਵਾਇਰਸ ਤੋਂ ਬਚਾਅ ਰਹੇ। ਉਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਹਰ ਇਕ ਨਾਗਰਿਕ ਨੂੰ ਆਪਣੇ ਜ਼ਿੰਮੇਵਾਰੀ ਸਮਝਦੇ ਹੋਏ ਘਰਾਂ ਵਿੱਚ ਰਹਿਣਾ ਚਾਹੀਦਾ ਹੈ ਤਾਂ ਜੋ ਕੋਈ ਹੋਰ ਵਿਅਕਤੀ ਕਰੋਨਾ ਵਾਇਰਸ ਪੀੜਤ ਦੇ ਸੰਪਰਕ ਵਿੱਚ ਨਾ ਆਵੇ ਤੇ ਕਰੋਨਾ ਵਾਇਰਸ ਤੋਂ ਬਚਿਆ ਜਾ ਸਕੇ।
ਉਨਾਂ ਦੱਸਿਆ ਕਿ ਕਰੋਨਾ ਵਾਇਰਸ ਤੋਂ ਬਚਾਅ ਲਈ ਪਿਛਲੇ ਦਿਨੀਂ ਚਲਾਈ ਜਾਗਰੂਕਤਾ ਮੁਹਿੰਮ ਤਹਿਤ ਪੈਂਫਲੇਟ, ਪੋਸਟਰ, ਬੈਨਰ, ਹੋਰਡਿੰਗਜ਼, ਸਿਹਤ ਵਰਕਰਾਂ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਚੁੱਕਾ ਹੈ ਕਿ ਸਾਨੂੰ ਘਰ ਵਿੱਚ ਰਹਿ ਕੇ ਆਪਣੇ ਹੱਥਾਂ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਲਈ ਵਾਰ ਵਾਰ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਚੰਗੀ ਤਰਾਂ ਧੋਵੋ ਜਾਂ ਅਲਕੋਹਲ ਯੁਕਤ ਹੈਂਡ ਸੈਨੀਟਾਇਜ਼ਰ ਦੀ ਵਰਤੋਂ ਕਰੋ, ਹਰੇਕ ਵਿਅਕਤੀ ਤੋਂ ਇਕ ਮੀਟਰ ਦੀ ਦੂਰੀ ਬਣਾ ਕੇ ਰੱਖੋ, ਖਾਂਸੀ ਕਰਦੇ ਜਾਂ ਛਿੱਕਣ ਵੇਲੇ ਨੱਕ ਅਤੇ ਮੂੰਹ ਨੂੰ ਢਕ ਕੇ ਰੱਖੋ, ਕਿਸੇ ਵੀ ਵਿਅਕਤੀ ਨੂੰ ਗਲੇ ਨਾ ਮਿਲੋ ਅਤੇ ਹੱਥ ਨਾ ਮਿਲਾਓ ਅਤੇ ਦੂਜੇ ਵਿਅਕਤੀਆਂ ਦੁਆਰਾ ਵਰਤੀਆਂ ਗਈਆਂ ਆਮ ਵਰਤੋਂ ਵਾਲੀਆਂ ਚੀਜਾਂ (ਦਰਵਾਜੇ ਦਾ ਕੁੰਡਾ, ਹੈਂਡਲ, ਪੈਨ ਆਦਿ) ਨੂੰ ਛੂਹਣ ਤੋਂ ਪਰਹੇਜ਼ ਕਰੋ। ਜੇਕਰ ਛੂਹ ਵੀ ਲਿਆ ਤਾਂ ਬਾਅਦ ਵਿੱਚ ਸਾਬਣ ਤੇ ਪਾਣੀ ਨਾਲ ਚੰਗੀ ਤਰਾਂ ਹੱਥ ਧੋ ਲਏ ਜਾਣੇ ਚਾਹੀਦੇ ਹਨ।
ਉਨਾਂ ਕਿਹਾ ਕਿ ਹੋਰ ਜਾਣਕਾਰੀ ਲਈ ਪੰਜਾਬ ਸਰਕਾਰ ਵੱਲੋਂ ਨੈਸ਼ਨਲ ਕਾਲ ਸੈਂਟਰ ਅਧੀਨ ਜਾਰੀ ਨੰਬਰ 011 2397 8046 ਤੋਂ ਇਲਾਵ ਜ਼ਿਲਾ ਕੰਟਰੋਲ ਰੂਮ ਅਧੀਨ 01679-234777, 98721-95649, 76528-95649, 99153-05649 ’ਤੇ ਸੰਪਰਕ ਕੀਤਾ ਜਾ ਸਕਦਾ ਹੈ।