ਪਟਿਆਲਾ ਲੈਬ ਜਾਂਚ ਲਈ ਭੇਜੇ ਸੈਂਪਲ- ਐਸ.ਐਮ.ਓ.
22 ਏਕੜ ਖੇਤਰ ਕੀਤਾ ਸੀਲ, ਗਲੀਆਂ ਦੇ ਮੇਨ ਗੇਟਾਂ ਨੂੰ ਜੜੇ ਜ਼ਿੰਦੇ ਕੋਰੋਨਾ ਵਾਇਰਸ ਦਾ ਖਤਰਾ ਹੁਣ ਬਰਨਾਲਾ ਵਾਸ਼ੀਆਂ ਦੇ ਸਿਰ ਤੇ ਵੀ ਵਧੇਰੇ ਮੰਡਰਾਉਣ ਲੱਗ ਪਿਆ ਹੈ। ਸ਼ਹਿਰ ਦੇ 2 ਤੇ ਪੇਂਡੂ ਖੇਤਰ ਦਾਜ ਇੱਕ ਯਾਨੀ ਕੁੱਲ ਤਿੰਨ ਮਰੀਜ਼ਾਂ ਨੂੰ ਕੋਰੋਨਾ ਵਾਇਰਸ ਦੇ ਸ਼ੱਕ ਕਾਰਨ ਹਸਪਤਾਲ ਭਰਤੀ ਕੀਤਾ ਗਿਆ ਹੈ। ਬਰਨਾਲਾ ਦਾ ਖਾਸ ਸਮਝਿਆ ਜਾਂਦਾ 22 ਏਕੜ ਖੇਤਰ ਇਹਤਿਆਤ ਦੇ ਤੌਰ ਤੇ ਸੀਲ ਕਰ ਦਿੱਤਾ ਗਿਆ। ਖੇਤਰ ਦੀਆਂ ਸਾਰੀਆਂ ਕਰਾਸ ਗਲੀਆਂ ਦੇ ਗੇਟਾਂ ਨੂੰ ਪ੍ਰਸ਼ਾਸਨ ਦੀ ਹਿਦਾਇਤ ਤੇ ਤਾਲੇ ਜੜ੍ਹ ਦਿੱਤੇ ਹਨ। ਇਲਾਕੇ ਵਿੱਚ ਮੂੰਹ ਤੇ ਮਾਸਕ ਪਹਿਨੇ ਸੁਰੱਖਿਆ ਕਰਮਚਾਰੀ ਤਾਇਨਾਤ ਕਰ ਦਿੱਤੇ ਹਨ। ਐਸ.ਐਮ.ਓ. ਡਾ. ਜੋਤੀ ਕੌਂਸਲ ਨੇ ਦੱਸਿਆ ਕਿ ਕੋਰੋਨਾ ਦਾ ਇੱਕ ਸ਼ੱਕੀ ਮਰੀਜ਼ ਠੁੱਲੇਵਾਲ ਪਿੰਡ ਤੋਂ ਦਾਖਿਲ ਹੈ ਜਦੋਂ ਕਿ ਬਰਨਾਲਾ ਦੇ 22 ਏਕੜ ਖੇਤਰ ‘ਚ ਰਹਿਣ ਵਾਲੀ ਮਰੀਜ਼ ਨੂੰ ਵੀ ਦਾਖਿਲ ਕੀਤਾ ਗਿਆ ਹੈ। ਤੀਸਰਾ ਮਰੀਜ਼ ਐਚ.ਡੀ.ਐਫ.ਸੀ. ਬੈਂਕ ਖੇਤਰ ਦੇ ਏਰੀਏ ਦਾ ਰਹਿਣ ਵਾਲਾ ਹੈ। ਐਸ.ਐਮ.ਓ. ਨੇ ਕਿਹਾ ਕਿ ਤਿੰਨੋਂ ਮਰੀਜ਼ਾਂ ਦੀ ਜਾਂਚ ਲਈ ਸੈਂਪਲ ਲੈ ਕੇ ਪਟਿਆਲਾ ਰਜਿੰਦਰਾ ਹਸਪਤਾਲ ਭੇਜ ਦਿੱਤੇ ਹਨ। ਰਿਪੋਰਟ ਮਿਲਣ ਤੇ ਹੀ ਪੁਸ਼ਟੀ ਹੋ ਸਕੇਗੀ। ਉਨ੍ਹਾਂ ਲੋਕਾਂ ਨੂੰ ਘਬਰਾਉਣ ਦੀ ਬਜਾਇ ਕੋਰੋਨਾ ਵਾਇਰਸ ਤੋਂ ਸੇਹਤ ਵਿਭਾਗ ਦੁਆਰਾ ਸੁਝਾਏ ਸੁਝਾਅ ਅਮਲੀ ਰੂਪ ‘ਚ ਲਾਗੂ ਕਰਨ ਦੀ ਲੋੜ ਹੈ। ਵਰਨਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਤਿੰਨੋਂ ਸ਼ੱਕੀ ਮਰੀਜ਼ ਦੁਬਈ ਤੋਂ ਵਾਪਿਸ ਆਏ ਹੋਏ ਹਨ। ਉੱਧਰ 22 ਏਕੜ ਇਲਾਕਾ ਹੀ ਸੀਲ ਕੀਤੇ ਜਾਣ ਬਾਰੇ ਐਸ.ਐਮ.ਓ. ਡਾ. ਕੌਂਸਲ ਨੇ ਕਿਹਾ ਕਿ 22 ਏਕੜ ਖੇਤਰ ਦੇ ਘਰਾਂ ‘ਚ ਕੰਮ ਕਰਦੀ ਮੇਡ ਨੂੰ ਕੋਰੋਨਾ ਵਾਇਰਸ ਦੇ ਸ਼ੱਕ ਵਜੋ ਹਸਪਤਾਲ ਭਰਤੀ ਕੀਤਾ ਗਿਆ ਹੈ। ਇਹ ਮੇਡ ਕਲੋਨੀ ਦੇ ਕਈ ਘਰਾਂ ਵਿੱਚ ਕੰਮ ਕਰਦੀ ਸੀ। ਇਸ ਲਈ ਪੂਰੇ ਇਲਾਕੇ ਨੂੰ ਹੀ ਸੀਲ ਕਰਨਾ ਮਜ਼ਬੂਰੀ ਬਣ ਗਿਆ ਹੈ।