-ਚਾਹ ਦੀਆਂ ਚੁਸਕੀਆਂ ਦੇ ਨਾਲ ਹੋਈ ਰਾਜਸੀ ਚਰਚਾ
ਬਰਨਾਲਾ
ਸਾਬਕਾ ਕਾਂਗਰਸੀ ਵਿਧਾਇਕ ਕੇਵਲ ਸਿੰਘ ਢਿੱਲੋਂ ਨਾਲ ਨਰਾਜ਼ ਹੋ ਕੇ ਬਰਨਾਲਾ ਮਾਰਕੀਟ ਕਮੇਟੀ ਦੇ ਨਵ-ਨਿਯੁਕਤ ਉਪ ਚੇਅਰਮੈਨ ਦੇ ਅਹੁਦੇ ਨੂੰ ਠੁਕਰਾ ਦੇਣ ਵਾਲੇ ਬਲਦੇਵ ਦਾਸ ਮਹੰਤ ਸੰਘੇੜਾ ਤੇ ਆਮ ਆਦਮੀ ਪਾਰਟੀ ਨੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਦੀ ਪਹਿਲ ਕਦਮੀ ਕਰਦਿਆਂ ਆਪ ਦੇ ਹਲਕਾ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੱਬੇ ਪੈਰੀਂ ਬਲਦੇਵ ਆਸ ਨੂੰ ਮਿਲਣ ਉਹਦੇ ਘਰ ਪਹੁੰਚ ਗਏ। ਭਾਂਵੇ ਵਿਧਾਇਕ ਮੀਤ ਹੇਅਰ ਨੇ ਇਸ ਨੂੰ ਸ਼ਿਸਟਾਚਾਰ ਦੇ ਤੌਰ ਤੇ ਕੀਤੀ ਗਈ ਮੁਲਾਕਾਤ ਹੀ ਕਰਾਰ ਦਿੱਤਾ। ਪਰੰਤੂ ਰਾਜਸੀ ਪੰਡਿਤਾਂ ਦੇ ਅਨੁਸਾਰ ਇਹ ਮਿਲਣੀ ਦਲ ਬਦਲੀ ਦਾ ਹੀ ਹਿੱਸਾ ਹੈ। ਪੁੱਛਣ ਤੇ ਵਿਧਾਇਕ ਹੇਅਰ ਤੇ ਕਾਂਗਰਸ ਦੇ ਬਾਗੀ ਉਪ ਚੇਅਰਮੈਨ ਬਲਦੇਵ ਦਾਸ ਨੇ ਇਸ ਮਿਲਣੀ ਦੇ ਕੋਈ ਰਾਜਸੀ ਮਾਇਨੇ ਨਾ ਕੱਢਣ ਲਈ ਹੀ ਕਿਹਾ। ਵਿਧਾਇਕ ਹੇਅਰ ਦੇ ਅਨੁਸਾਰ ਉਹ ਵੈਸੇ ਹੀ ਬਲਦੇਵ ਦਾਸ ਦੇ ਘਰ ਉਸ ਨੂੰ ਮਿਲਣ ਅਤੇ ਉਸ ਵੱਲੋਂ ਲਏ ਗਏ ਚੰਗੇ ਸਟੈਂਡ ਲਈ ਉਸਦੀ ਹੌਸਲਾ ਅਫਜ਼ਾਈ ਕਰਨ ਗਏ ਸਨ। ਉਨ੍ਹਾਂ ਕਿਹਾ ਕਿ ਚਾਹ ਦੇ ਟੇਬਲ ਤੋ ਹੋਈ ਹਲਕੀ ਜਿਹੀ ਰਾਜਸੀ ਚਰਚਾ ਦੌਰਾਨ ਬਲਦੇਵ ਦਾਸ ਨੂੰ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਪਾਰਟੀ ਦੇ ਦਰਵਾਜੇ ਖੁੱਲੇ ਹੋਣ ਲਈ ਜਰੂਰ ਸੱਦਾ ਦਿੱਤਾ ਹੈ। ਉਨ੍ਹਾਂ ਮਜਾਕੀਆਂ ਲਹਿਜੇ ਚ, ਕਿਹਾ ਕਿ ਆਗੇ ਆਗੇ ਦੇਖੀਏ ਹੋਤਾ ਹੈ ਕਿਆ। ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਦਰਅਸਲ ਕਾਂਗਰਸ ਸਰਕਾਰ ਦੀ ਤਿੰਨ ਸਾਲ ਦੀ ਕਾਰਗੁਜਾਰੀ ਨੇ ਆਮ ਲੋਕਾਂ ਦੀ ਤਰਾਂ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਨੇਤਾਂਵਾ ਦਾ ਦਿਲ ਜਰੂਰ ਤੋੜਿਆ ਹੈ। ਇਸਦਾ ਖਾਮਿਆਜ਼ਾ ਕਾਂਗਰਸ ਨੂੰ ਪਾਰਟੀ ਨੂੰ ਆਗਾਮੀ ਵਿਧਾਨ ਸਭਾ ਚੋਣਾ ਦੌਰਾਨ ਜਰੂਰ ਭੁਗਤਨਾ ਪਵੇਗਾ। ਇਸ ਮੌਕੇ ਸਮਾਜ ਸੇਵੀ ਸੰਦੀਪ ਜਿੰਦਲ ਨੋਨੀ , ਸੰਜੀਵ ਕੁਮਾਰ ਸੋਨੀ ਅਤੇ ਆਪ ਦੇ ਹੋਰ ਕਈ ਆਗੂ ਵੀ ਮੌਜੂਦ ਰਹੇ। ਵਰਨਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਬਰਨਾਲਾ ਮਾਰਕੀਟ ਕਮੇਟੀ ਦੇ ਨਵ-ਨਿਯੁਕਤ ਉਪ ਚੇਅਰਮੈਨ ਬਲਦੇਵ ਦਾਸ ਮਹੰਤ ਸੰਘੇੜਾ ਨੇ ਐਲਾਨ ਕਰ ਦਿੱਤਾ ਸੀ ਕਿ ਉਹ ਇਹ ਅਹੁਦਾ ਨਹੀਂ ਸੰਭਾਲਣਗੇ, ਕਿਉਂਕਿ ਹਲਕਾ ਵਿਧਾਇਕ ਨੇ ਪਾਰਟੀ ਚ, ਹਾਲੇ ਪਿਛਲੇ ਵਰ੍ਹੇ ਹੀ ਸ਼ਾਮਲ ਹੋਏ ਅਸ਼ੋਕ ਕੁਮਾਰ ਨੂੰ ਦੇ ਦਿੱਤਾ ਹੈ। ਜਦੋਂ ਕਿ ਉਸ ਦੀ ਪਾਰਟੀ ਨੂੰ ਕੋਈ ਦੇਣ ਨਹੀਂ ਹੈ।