––ਦੋਸ਼ੀ ਨਰੇਸ਼ ਮਿੱਤਲ ਉਰਫ ਰਿੰਕੂ ਦਾ ਅਦਾਲਤ ਨੇ ਦਿੱਤਾ 2 ਦਿਨ ਦਾ ਪੁਲਿਸ ਰਿਮਾਂਡ
-ਰਿੰਕੂ ਤੋਂ ਪੁੱਛਗਿੱਛ ਦੌਰਾਨ 5 ਲੱਖ ਦੀ ਨਗਦੀ,1 ਇਨੋਵਾ ਗੱਡੀ ਤੇ 18੦੦ ਗੋਲੀਆਂ ਹੋਰ ਬਰਾਮਦ
-ਐਸ.ਪੀ. ਵਿਰਕ ਨੇ ਕਿਹਾ, ਦੋਸ਼ੀ ਦੀ ਪ੍ਰੋਪਰਟੀ ਅਟੈਚ ਕਰਵਾਉਣ ਦੀ ਵੀ ਹੋਵੇਗੀ ਕਾਰਵਾਈ
-ਦੋਸ਼ੀ ਦੇ ਮੋਬਾਇਲ ਨੰਬਰ ਦੀ ਕਾਲ ਡਿਟੇਲ ਵੀ ਖੰਗਾਲਣ ਲੱਗੀ ਪੁਲਿਸ,
-ਧੰਦੇ ਚ, ਸ਼ਾਮਿਲ ਹੋਰ ਦੋਸ਼ੀਆਂ ਦੀ ਸੂਚੀ ਹੋਰ ਵੀ ਹੋ ਸਕਦੀ ਹੈ ਲੰਬੀ
-ਬਰਨਾਲਾ
ਸ਼ਹਿਰ ਚ, ਦਵਾਈਆਂ ਦੀ ਵਿਕਰੀ ਲਈ ਪ੍ਰਸਿੱਧ ਫਰਮ ਬੀਰੂ ਰਾਮ ਠਾਕੁਰ ਦਾਸ ਦੇ ਸੰਚਾਲਕ ਅਤੇ ਦੋ ਉੱਚ ਸਿੱਖਿਆ ਸੰਸਥਾਵਾਂ ਦੇ ਮਾਲਿਕ ਨਰੇਸ਼ ਮਿੱਤਲ ਉਰਫ ਰਿੰਕੂ ਨੂੰ ਅਦਾਲਤ ਨੇ ਹੋਰ ਗੰਭੀਰਤਾ ਨਾਲ ਪੁੱਛਗਿੱਛ ਕਰਨ ਲਈ 2 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ। ਸਰਕਾਰੀ ਵਕੀਲ ਦਿਲਪ੍ਰੀਤ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਦੌਰਾਨੇ ਤਫਤੀਸ਼, ਦੋਸ਼ੀ ਦੀ ਨਿਸ਼ਾਨਦੇਹੀ ਤੇ 5 ਲੱਖ ਰੁਪਏ ਦੀ ਨਗਦੀ, ਨਸ਼ਾ ਸਪਲਾਈ ਕਰਨ ਲਈ ਵਰਤੋਂ ਚ, ਲਿਆਂਦੀ ਜਾਣ ਵਾਲੀ 1 ਇਨੋਵਾ ਗੱਡੀ ਤੇ 18 ਸੌ ਹੋਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਉੱਨ੍ਹਾ ਕਿਹਾ ਕਿ ਦੋਸ਼ੀ ਨੇ ਨਸ਼ਾ ਤਸਕਰੀ ਦਾ ਵੱਡਾ ਸਾਮਰਾਜ ਕਾਇਮ ਕੀਤਾ ਹੋਇਆ ਹੈ। ਇਸਦੇ ਧੰਦੇ ਵਿੱਚ ਸ਼ਾਮਿਲ ਹੋਰ ਵਿਅਕਤੀਆਂ ਨੂੰ ਇਸਦੀ ਨਿਸ਼ਾਨਦੇਹੀ ਤੇ ਦੂਰ ਦਰਾਜ਼ ਖੇਤਰਾਂ ਵਿੱਚੋਂ ਕਾਬੂ ਕਰਨਾ ਹੈ। ਇੱਨ੍ਹਾਂ ਹੀ ਨਹੀਂ ਦੋਸ਼ੀ ਦੇ ਹੋਰ ਠਿਕਾਣਿਆਂ ਤੋਂ ਵੀ ਨਸ਼ੀਲੀਆਂ ਦਵਾਈਆਂ ਦਾ ਵੱਡਾ ਜਖੀਰਾ ਬਰਾਮਦ ਹੋਣ ਦੀ ਵੀ ਸੰਭਾਵਨਾ ਹੈ। ਡਿਊਟੀ ਮੈਜਿਸਟ੍ਰੇਟ ਕੁਲਵਿੰਦਰ ਕੌਰ ਨੇ ਸਰਕਾਰੀ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆ ਦੋਸ਼ੀ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ। ਰਿੰਕੂ ਮਿੱਤਲ ਤੇ ਦੋਸ਼ ਹੈ ਕਿ ਇਹ ਲੰਬੇ ਅਰਸੇ ਤੋਂ ਅੰਤਰ-ਰਾਜ਼ੀ ਪੱਧਰ ਤੇ ਨਸ਼ਾ ਤਸਕਰਾਂ ਨੂੰ ਨਸ਼ੀਲੀਆਂ ਗੋਲੀਆਂ ਸਪਲਾਈ ਕਰਨ ਦਾ ਧੰਦਾ ਕਰਦਾ ਆ ਰਿਹਾ ਸੀ।
-ਦੋਸ਼ੀ ਦੀ ਕਾਲ ਡਿਟੇਲ ਖੋਹਲੇਗੀ ਗੁੱਝੇ ਭੇਦ
ਬੇਹੱਦ ਪ੍ਰਭਾਵਸ਼ਾਲੀ ਕਿਸਮ ਦੇ ਦੋਸ਼ੀ ਰਿੰਕੂ ਮਿੱਤਲ ਨਾਲ ਸਬੰਧ ਰੱਖਣ ਵਾਲਿਆਂ ਦੇ ਨਾਮ ਤੇ ਗੁੱਝੇ ਭੇਦ ਹੁਣ ਪੁਲਿਸ ਦੁਆਰਾ ਖੰਗਾਲੀ ਜਾ ਰਹੀ ਉਸਦੇ ਮੋਬਾਇਲ ਦੀ ਕਾਲ ਡਿਟੇਲ ਚੋਂ ਬਾਹਰ ਨਿੱਕਲਣਗੇ। ਪੁਲਿਸ ਦੇ ਭਰੋਸੇਯੋਗ ਸੂਤਰਾਂ ਅਨੁਸਾਰ ਐਸ.ਐਸ.ਪੀ. ਸੰਦੀਪ ਗੋਇਲ ਦੇ ਸਖਤ ਦਿਸ਼ਾ ਨਿਰਦੇਸ਼ ਤੋਂ ਬਾਅਦ ਪੁਲਿਸ ਦਾ ਸਾਈਬਰ ਵਿੰਗ ਵੀ ਮੁਸਤੈਦ ਹੋ ਗਿਆ ਹੈ। ਜਿਸਦੀ ਨਿਗਰਾਣੀ ਵੀ ਐਸ.ਪੀ. ਰੈਂਕ ਦੇ ਅਧਿਕਾਰੀ ਨੂੰ ਸੌਂਪੀ ਗਈ ਹੈ। ਸੁਤਰਾਂ ਦਾ ਦਾਵਾ ਹੈ ਕਿ ਕਾਲ ਡਿਟੇਲ ਵਿੱਚੋਂ ਨਿੱਕਲੇ ਨਾਵਾਂ ਵਾਲੇ ਵਿਅਕਤੀਆਂ ਨੂੰ ਵੀ ਪੁਲਿਸ ਦੀ ਪੁੱਛਗਿੱਛ ਵਿੱਚੋਂ ਲੰਘਣਾ ਪਵੇਗਾ।
-ਨਸ਼ਾ ਤਸਕਰ ਦੀ ਪ੍ਰੋਪਰਟੀ ਵੀ ਹੋਊ ਅਟੈਚ
ਐਸ.ਪੀ.ਡੀ ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਦੋਸ਼ੀ ਦੁਆਰਾ ਨਸ਼ੇ ਦੇ ਕਾਲੇ ਕਾਰੋਬਾਰ ਚੋਂ ਬਣਾਈ ਉਸਦੀ ਚੱਲ-ਅਚੱਲ ਪ੍ਰੋਪਰਟੀ ਵੀ ਅਟੈਚ ਕਰਵਾਉਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਸੂਤਰਾਂ ਦੀ ਮੰਨੀਏ ਤਾਂ ਦੋਸ਼ੀ ਨੇ ਕੁਝ ਦੇਰ ਪਹਿਲਾ ਹੀ ਬੱਸ ਸਟੈਂਡ ਦੇ ਨਜ਼ਦੀਕ 2 ਕਰੌੜ ਤੋਂ ਵਧੇਰੇ ਦੀ ਪ੍ਰੋਪਰਟੀ ਦਾ ਸੌਦਾ ਕੀਤਾ ਗਿਆ ਹੈ। ਜਿਸਦੀ ਰਜਿਸ਼ਟਰੀ ਹਾਲੇ ਪੈਂਡਿੰਗ ਹੈ।
ਦੱਸਣ ਵਾਲੇ ਤਾਂ ਇਹ ਵੀ ਦੱਸਦੇ ਹਨ ਕਿ ਦੋਸ਼ੀ, ਲੋਕਾਂ ਵਿੱਚ ਬਰਨਾਲਾ ਅਦਾਲਤ ਦੇ ਇੱਕ ਜੱਜ ਦੇ ਕਰੀਬੀ ਹੋਣ ਦਾ ਦਾਵਾ ਵੀ ਮੂੰਹੋ-ਮੂੰਹ ਸ਼ਰੇਆਮ ਕਰਦਾ ਰਿਹਾ ਹੈ।
ਰਿੰਕੂ ਨੂੰ ਨਸ਼ਾ ਵੇਚਦੇ ਨੂੰ ਨਹੀਂ, ਕੈਮਰਾ ਦੇਖ ਕੇ ਆਉਣ ਲੱਗੀ ਸ਼ਰਮ, ਹੱਥ ਨਾਲ ਹੀ ਢੱਕਿਆ ਚਿਹਰਾ
- ਦੋ ਥਾਣੇਦਾਰਾਂ ਦੀ ਯਾਰੀ,,
ਇੱਨ੍ਹਾਂ ਹੀ ਨਹੀ ਰਿੰਕੂ ਮਿੱਤਲ ਦੇ ਨਾਲ ਜਿਲ੍ਹੇ ਦੇ ਦੋ ਥਾਣੇਦਾਰਾਂ ਦੀ ਯਾਰੀ ਵੀ ਖੂਬ ਚਰਚਾ ਵਿੱਚ ਹੈ। ਕਈ ਲੋਕਾਂ ਅਨੁਸਾਰ ਦੋਸ਼ੀ ਤੋਂ ਬਰਾਮਦ ਕੀਤੀ ਇਨੋਵਾ ਗੱਡੀ ਵੀ ਅਕਸਰ ਇੱਕ ਥਾਣੇਦਾਰ ਕੋਲ ਹੀ ਹੁੰਦੀ ਸੀ। ਹੁਣ ਲੋਕਾਂ ਦੀਆਂ ਨਜ਼ਰਾਂ ਇਸ ਗੱਲ ਤੇ ਵੀ ਟਿੱਕੀਆਂ ਹਨ ਕਿ ਕੀ ਪੁਲਿਸ ਅਧਿਕਾਰੀ ਕਾਲ ਡਿਟੇਲ ਚੋਂ ਸਾਹਮਣੇ ਆਏ ਰਿੰਕੂ ਦੇ ਕਰੀਬੀ ਯਾਰ ਰਹੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਵਿਰੁੱਧ ਵੀ ਕੋਈ ਐਕਸ਼ਨ ਲੈਣਗੇ। ਜਾਂ ਫਿਰ ਜਿੱਥੇ ਸਾਡਾ ਨੰਦ ਘੋਪ, ਉੱਥੇ ਗਧੀ ਮਰੀ ਦਾ ਨਹੀ ਕੋਈ ਦੋਸ਼ ਦੀ ਕਹਾਵਤ ਤੇ ਹੀ ਪੂਰਾ ਉਤਰਦੀ ਹੋਈ, ਆਪਣਿਆਂ ਨੂੰ ਬਚਾਉਣ ਦਾ ਕੋਈ ਰਾਹ ਕੱਢ ਲਵੇਗੀ। - ਵਰਨਣਯੋਗ ਹੈ ਕਿ 26 ਫਰਵਰੀ ਨੂੰ ਥਾਣਾ ਸਿਟੀ-1 ਵਿਖੇ 2 ਹਜ਼ਾਰ ਨਸ਼ੀਲੀਆਂ ਗੋਲੀਆਂ ਰੱਖਣ ਦੇ ਜੁਰਮ ਚ, ਪੁਲਿਸ ਨੇ ਮੋਹਣ ਲਾਲ ਨਿਵਾਸੀ ਉੱਪਲੀ ਨੂੰ ਗਿਰਫਤਾਰ ਕੀਤਾਸੀ। ਦੋਸ਼ੀ ਤੋਂ ਕੀਤੀ ਪੁਛਗਿੱਛ ਤੋਂ ਸਾਹਮਣੇ ਆਇਆ ਕਿ ਮੋਹਨ ਲਾਲ, ਬਲਵਿੰਦਰ ਕੁਮਾਰ ਬਰਨਾਲਾ ਤੋਂ ਨਸ਼ੀਲੀਆਂ ਗੋਲੀਆਂ ਖਰੀਦ ਕਰਦਾ ਸੀ। ਜਦੋਂ ਪੁਲਿਸ ਨੇ ਅਗਲੀ ਕੜੀ ਨੂੰ ਲੱਭਿਆ ਤਾਂ ਹੈਰਾਨੀਜਨਕ ਖੁਲਾਸਾ ਹੋਇਆ ਕਿ ਸਦਰ ਬਾਜ਼ਾਰ ਬਰਨਾਲਾ ਚ, ਬੀਰੂ ਰਾਮ ਠਾਕੁਰ ਦਾਸ ਕੈਮਿਸਟ ਦੁਕਾਨ ਦਾ ਸੰਚਾਲਕ ਨਰੇਸ਼ ਮਿੱਤਲ ਉਰਫ ਰਿੰਕੂ ਹੀ ਖੇਤਰ ਦਾ ਵੱਡਾ ਨਸ਼ਾ ਸਪਲਾਇਰ ਹੈ। ਪੁਲਿਸ ਨੇ ਦੋਸ਼ੀ ਨਰੇਸ਼ ਮਿੱਤਲ ਨੂੰ ਕਾਬੂ ਕਰਕੇ ਉਸ ਦੀ ਨਿਸ਼ਾਨਦੇਹੀ ਤੇ ਉਸਦੀ ਸਦਰ ਬਾਜਾਰ ਚ ਸਥਿਤ ਦੁਕਾਨ ਚੋਂ 3200 ਤੇ ਬਾਜਵਾ ਪੱਤੀ ਵਿਖੇ ਬਣਾਏ ਉਸਦੇ ਗੋਦਾਮ ਵਿੱਚੋਂ 1720 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸਨ। ਐਸਪੀ ਵਿਰਕ ਅਨੁਸਾਰ ਪੁਲਿਸ ਰਿਮਾਂਡ ਦੌਰਾਨ ਨਸ਼ਾ ਤਸਕਰਾਂ ਦੀ ਕੜੀ ਨਾਲ ਕੜੀ ਜੋੜ ਕੇ ਹੋਰ ਵੱਡੇ ਸਪਲਾਇਰ ਫੜ੍ਹ ਕੇ ਨਸ਼ੀਲੀਆਂ ਦਵਾਈਆਂ ਦਾ ਵੱਡਾ ਜਖੀਰਾ ਵੀ ਬਰਾਮਦ ਹੋ ਸਕਦਾ ਹੈ।
- ਮਿੱਤਲ 2 ਕਾਲਜਾਂ ਦਾ ਮਾਲਿਕ
ਦੋਸ਼ੀ ਨਰੇਸ਼ ਮਿੱਤਲ ਉਰਫ ਰਿੰਕੂ ਬਰਨਾਲਾ-ਸੰਗਰੂਰ ਰੋਡ ਤੇ ਮਾਨਾ ਪਿੰਡੀ ਵਿਖੇ ਸੈਕਰਡ ਹਾਰਟ ਕਾਲੇਜ਼ ਆਫ ਐਜੂਕੇਸ਼ਨ ਅਤੇ ਬਰਨਾਲਾ ਪੌਲੀਟੈਕਨਿਕ ਕਾਲਜ ਵੀ ਚਲਾ ਰਿਹਾ ਹੈ। ਇਸ ਤਰਾਂ ਸਮਾਜ ਦੇ ਵੱਡੇ ਰਸੂਖਦਾਰ ਵਿਅਕਤੀ ਵੱਲੋਂ ਸਿੱਖਿਆ ਉਪਲੱਭਧ ਕਰਵਾਉਣ ਦੀ ਆੜ ਵਿੱਚ ਨਸ਼ਾ ਤਸਕਰੀ ਦਾ ਧੰਦਾ ਕਰਨਾ ਬੇਹੱਦ ਗੰਭੀਰ ਤੇ ਚਿੰਤਾਜ਼ਨਕ ਹਾਲਤ ਵੱਲ ਇਸ਼ਾਰਾ ਕਰ ਰਿਹਾ ਹੈ।