–
ਐਸ.ਪੀ.ਡੀ. ਵਿਰਕ ਨੇ ਕਿਹਾ, ਨਸ਼ਾ ਤਸਕਰ ਰਿੰਕੂ ਮਿੱਤਲ ਤੇ ਤਾਇਬ ਕਰੈਸ਼ੀ ਦਾ 2 ਦਿਨ ਦਾ ਮਿਲਿਆ ਪੁਲਿਸ ਰਿਮਾਂਡ
–-ਬਰਨਾਲਾ ਟੂਡੇ ਬਿਊਰੋ,,,
ਬਰਨਾਲਾ ਜਿਲ੍ਹੇ ਦੀ ਪਿੱਚ ਤੇ ਕਪਤਾਨੀ ਪਾਰੀ ਦੀ ਸ਼ੁਰੂਆਤ ਹੀ ਐਸਐਸਪੀ ਸੰਦੀਪ ਗੋਇਲ ਨੇ ਨਸ਼ਾ ਤਸਕਰੀ ਦੇ ਵੱਡੇ ਰੈਕਟ ਦਾ ਪਰਦਾਫਾਸ਼ ਕਰਕੇ ਕੀਤੀ। ਐਸਐਸਪੀ ਗੋਇਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਐਸਪੀ ਡੀ ਦੀ ਦੇਖ-ਰੇਖ ਵਿੱਚ ਡੀਐਸਪੀ ਡੀ ਰਮਨਿੰਦਰ ਸਿੰਘ ਦਿਉਲ ਤੇ ਸੀਆਈਏ ਦੇ ਇੰਚਾਰਜ਼ ਬਲਜੀਤ ਸਿੰਘ ਦੀ ਅਗਵਾਈ ਵਿੱਚ ਕਾਇਮ ਕੀਤੀ ਟੀਮ ਨੇ 40 ਲੱਖ ,1, ਹਜ਼ਾਰ 40 ਨਸ਼ੀਲੀਆਂ ਗੋਲੀਆਂ, ਕੈਪਸੂਲ ਅਤੇ ਟੀਕੇ ਬ੍ਰਾਮਦ ਕਰਕੇ ਪੰਜਾਬ ਭਰ ਦਾ ਵੀਹ ਲੱਖ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦਾ ਰਿਕਾਰਡ ਤੋੜ ਕੇ ਆਪਣੇ ਨਾਮ ਕਰ ਲਿਆ।
ਪੁਲਿਸ ਮੁੱਖੀ ਨੇ ਪ੍ਰੈਸ ਕਾਨਫਰੰਸ ਦੀ ਸ਼ੁਰੂਆਤ ਵਿੱਚ ਜਿੱਥੇ ਇਸ ਦਾ ਪੂਰਾ ਸਿਹਰਾ ਜਿਲ੍ਹੇ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਟੀਮ ਵਰਕ ਨੂੰ ਦਿੱਤਾ। ਉੱਥੇ ਹੀ ਉਨ੍ਹਾਂ ਇਹ ਵੀ ਕਿਹਾ ਕਿ ਸਿਰਫ ਅੱਠ ਸੌ ਗੋਲੀਆਂ ਦੀ ਬਰਾਮਦਗੀ ਅਤੇ ਰਿੰਕੂ ਮਿੱਤਲ ਸਣੇ ਕੁੱਲ ਤਿੰਨ ਦੋਸ਼ੀਆਂ ਤੋਂ ਬਰਾਮਦ ਹੋਈਆਂ ਕਰੀਬ ਨੌ ਕੁ ਹਜ਼ਾਰ ਨਸ਼ੀਲੀਆਂ ਗੋਲੀਆਂ ਦੇ ਥ੍ਹੋਡੀ ਜਿਹੀ ਰਿਕਵਰੀ ਨੂੰ ਪ੍ਰੈਸ ਵੱਲੋਂ ਇਨ੍ਹਾਂ ਜੋਰਦਾਰ ਢੰਗ ਨਾਲ ਉਠਾਇਆ ਗਿਆ ਕਿ ਪੁਲਿਸ ਤੇ ਜਿਆਦਾ ਤੋਂ ਜਿਆਦਾ ਰਿਕਵਰੀ ਕਰਨਾ ਚੁਣੌਤੀ ਬਣ ਗਿਆ। ਇਸ ਚੁਣੌਤੀ ਨੂੰ ਪੁਲਿਸ ਟੀਮ ਨੇ ਕਬੂਲ ਕਰਦੇ ਹੋਏ, ਇੱਕ ਤੋਂ ਬਾਅਦ ਇੱਕ-ਇੱਕ ਕਰਕੇ ਤਸਕਰਾਂ ਦੀ ਕੜੀ-ਜੋੜ ਰਣਨੀਤੀ ਤਿਆਰ ਕਰ ਲਈ। ਇੱਕ ਦੂਸਰੇ ਤਸਕਰ ਤੋਂ ਪ੍ਰਾਪਤ ਹੋਈ ਜਾਣਕਾਰੀ ਦੇ ਆਧਾਰ ਤੇ ਪੁਲਿਸ ਹਰ ਪਲ ਅੱਗੇ ਵੱਧਦੀ ਗਈ।
-ਐਸਐਸਪੀ ਨੇ ਮੰਨਿਆ ਵੱਡੀ ਪ੍ਰਾਪਤੀ ਮੀਡੀਆ ਦੇ ਦਬਾਅ ਦਾ ਨਤੀਜ਼ਾ
ਐਸਐਸਪੀ ਨੇ ਮੰਨਿਆ ਕਿ ਪ੍ਰੈਸ ਦੇ ਦਬਾਅ ਨੇ ਪੁਲਿਸ ਨੂੰ ਪ੍ਰਦੇਸ਼ ਦੀ ਹੁਣ ਤੱਕ ਦੀ ਵੱਡੀ ਰਿਕਵਰੀ ਕਰਨ ਦਾ ਮੌਕਾ ਪ੍ਰਦਾਨ ਕਰਵਾ ਦਿੱਤਾ। ਵਰਨਣਯੋਗ ਹੈ ਕਿ ਬਰਨਾਲਾ ਟੂਡੇ ਦੀ ਟੀਮ ਨੇ ਹੀ ਇਸ ਮੁੱਦੇ ਨੂੰ ਲਗਾਤਾਰ ਉਭਾਰਿਆ ਸੀ,ਜਦੋਂ ਮੀਡੀਆ ਦਾ ਵੱਡਾ ਹਿੱਸਾ ਤੇ ਪੁਲਿਸ ਇਸ ਨੂੰ ਸਧਾਰਣ ਕੇਸ ਹੀ ਸਮਝਦੇ ਰਹੇ। ਬਰਨਾਲਾ ਟੂਡੇ ਦੀ ਟੀਮ ਦੀ, ਇਸ ਨਸ਼ਾ ਤਸਕਰ ਵਿਰੁੱਧ ਛੇੜੀ ਮੁਹਿੰਮ ਨੂੰ ਲੋਕਾਂ ਨੇ ਸੋਸ਼ਲ ਮੀਡੀਆ ਤੇ ਵੀ ਭਰਵਾਂ ਸਹਿਯੋਗ ਦਿੱਤਾ ਅਤੇ ਐਸਐਸਪੀ ਦੀ ਵੀ ਰੱਜ ਕੇ ਤਾਰੀਫ ਕੀਤੀ।
-ਸੀਆਈਏ ਇੰਚਾਰਜ਼ ਬਲਜੀਤ ਸਿੰਘ ਨੂੰ ਮਿਲਿਆ ਮੈਨ ਆੱਫ ਦਾ ਮੈਚ
- ਐਸਐਸਪੀ ਸੰਦੀਪ ਗੋਇਲ ਨੇ ਭਾਂਵੇ ਇਸ ਪੂਰੇ ਆਪਰੇਸ਼ਨ ਦਾ ਸਿਹਰਾ ਪੂਰੀ ਪੁਲਿਸ ਟੀਮ ਨੂੰ ਦੇ ਕੇ ਹੋਰ ਵਧੀਆਂ ਢੰਗ ਨਾਲ ਕੰਮ ਕਰਨ ਲਈ ਪ੍ਰੇਰਿਆ। ਪਰੰਤੂ ਉੱਨ੍ਹਾ ਮੈਨ ਆੱਫ ਦਾ ਮੈਚ ਦਾ ਖਿਤਾਬ ਸੀਆਈਏ ਦੇ ਇੰਚਾਰਜ਼ ਇੰਸਪੈਕਟਰ ਬਲਜੀਤ ਸਿੰਘ ਨੂੰ ਹੀ ਐਲਾਨਿਆ। ਉੱਨ੍ਹਾਂ ਪਿਛਲੀ ਕਤਾਰ ਵਿੱਚ ਖੜ੍ਹੇ ਬਲਜੀਤ ਸਿੰਘ ਨੂੰ ਪੂਰੇ ਸਨਮਾਨ ਨਾਲ ਆਪਣੇ ਨਾਲ ਇੱਕ ਹੋਰ ਲਗਵਾਈ ਕੁਰਸੀ ਤੇ ਬਿਠਾ ਕੇ ਦਿੱਤਾ। ਐਸਐਸਪੀ ਨੇ ਕਿਹਾ ਕਿ ਪੂਰੇ ਆਪਰੇਸ਼ਨ ਦੀ ਸਫਲਤਾ ਦਾ ਹੀਰੋ ਬਲਜੀਤ ਸਿੰਘ ਹੀ ਹੈ। ਉੱਨ੍ਹਾਂ ਕਿਹਾ ਕਿ ਇਸ ਵੱਡੀ ਪ੍ਰਾਪਤੀ ਨਾਲ ਪੂਰੇ ਜਿਲ੍ਹੇ ਦੀ ਪੁਲਿਸ ਦਾ ਸਿਰ ਮਾਣ ਨਾਲ ਪ੍ਰਦੇਸ਼ ਭਰ ਵਿੱਚ ਉੱਚਾ ਹੋਇਆ ਹੈ। ਇਸ ਪ੍ਰੈਸ ਕਾਨਫਰੰਸ ਮੌਕੇ ਤੇ ਐਸਪੀ ਪੀਬੀਆਈ ਰੁਪਿੰਦਰ ਭਾਰਦਵਾਜ਼,ਐਸਪੀ ਐਚ ਗੁਰਦੀਪ ਸਿੰਘ, ਡੀਐਸਪੀ ਐਚ ਜਸਵੀਰ ਸਿੰਘ, ਡੀਐਸਪੀ ਰਮਨਿੰਦਰ ਸਿੰਘ ਦਿਉਲ, ਡੀਐਸਪੀ ਬਲਜੀਤ ਸਿੰਘ ਬਰਾੜ, ਡੀਐਸਪੀ ਵਰਿੰਦਰਪਾਲ ਸਿੰਘ, ਡੀਐਸਪੀ ਪਰਮਿੰਦਰ ਸਿੰਘ, ਡੀਐਸਪੀ ਰਾਜੇਸ਼ ਛਿੱਬਰ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹੇ।
- ਨਸ਼ੇ ਵਿਰੁੱਧ ਜੰਗ ਜਾਰੀ ਰੱਖਾਂਗੇ,,,
ਐਸਐਸਪੀ ਨੇ ਕਿਹਾ ਕਿ ਇਸ ਵੱਡੀ ਕਾਮਯਾਬੀ ਤੋਂ ਬਾਅਦ ਵੀ ਅਸੀਂ ਚੁੱਪ ਕਰਕੇ ਨਹੀਂ ਬੈਠਣਾ, ਇਸ ਕੇਸ ਨੂੰ ਦੀ ਐਂਡ ਨਾ ਸਮਝਿਉ, ਜੰਗ ਹੋਰ ਵੀ ਸਖਤੀ ਨਾਲ ਜਾਰੀ ਰਹੇਗੀ। ਲੋਕਾਂ ਦੀਆਂ ਉਮੀਦਾਂ ਸਾਡੇ ਤੇ ਹੋਰ ਵਧੀਆਂ ਹਨ। ਜਿੰਨ੍ਹਾਂ ਤੇ ਖਰਾ ਉਤਰਣ ਲਈ ਇਮਾਨਦਾਰੀ ,ਲਗਨ ਤੇ ਜਨੂੰਨ ਨਾਲ ਕੰਮ ਕਰਨ ਦੀ ਜਰੂਰਤ ਹੈ। - ਕੌੜਾ ਸੱਚ ਇਹ ਵੀ,,-ਪੁਲਿਸ ਰਿਮਾਂਡ ਨੂੰ ਲੈ ਕੇ ਸਸਪੈਂਸ ਰਿਹਾ ਬਰਕਰਾਰ,
ਨਸ਼ੇ ਦੀ ਵੱਡੀ ਪ੍ਰਾਪਤੀ ਦੇ ਚਾਅ ਵਿੱਚ ਖੀਵਾ ਹੋਈ ਪੁਲਿਸ ਦੇ ਅਧਿਕਾਰੀ ਤੇ ਕਰਮਚਾਰੀ ਦੋ ਦੋਸ਼ੀਆਂ ਰਿੰਕੂ ਮਿੱਤਲ ਤੇ ਤਾਇਬ ਕੁਰੈਸ਼ੀ ਦਾ ਪੇਪਰ ਵਰਕ ਕਰਨ ਲਈ ਅਵੇਸਲੇ ਹੋ ਗਏ। ਨਤੀਜ਼ਾ ਇਹ ਹੋਇਆ ਕਿ ਅਦਾਲਤੀ ਸਮੇਂ ਵਿੱਚ ਪੁਲਿਸ ਪ੍ਰੈਸ ਕਾਨਫਰੰਸ ਕਰਨ ਵਿੱਚ ਰੁੱਝ ਗਈ। ਜਦੋਂ ਜਲਦਬਾਜ਼ੀ ਵਿੱਚ ਕਰੀਬ 6 ਕੁ ਵਜੇ ਸ਼ਾਮ ਪੁਲਿਸ ਡਿਊਟੀ ਮੈਜਿਸਟ੍ਰੇਟ ਕੁਲਵਿੰਦਰ ਕੌਰ ਦੀ ਕੋਠੀ ਪਹੁੰਚੀ ਤਾਂ ਉੱਥੇ ਕੋਈ ਸਰਕਾਰੀ ਵਕੀਲ ਹੀ ਨਹੀਂ ਪਹੁੰਚਿਆਂ। ਸਰਕਾਰੀ ਵਕੀਲ ਦੀ ਗੈਰ ਮੌਜੂਦਗੀ ਵਿੱਚ ਰਿਮਾਂਡ ਪੇਪਰ ਵੀ ਸਰਕਾਰੀ ਵਕੀਲ ਤੋਂ ਫਾਰਵਰਡ ਨਹੀਂ ਕਰਵਾਇਆ ਗਿਆ। ਮੁੱਕਦੀ ਗੱਲ ਦੋਵਾਂ ਦੋਸ਼ੀਆਂ ਨੂੰ ਨਿਆਂਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਕਹਿ ਕੇ ਮੋੜ ਦਿੱਤਾ। ਪੁਲਿਸ ਸੂਤਰਾਂ ਅਨੁਸਾਰ ਖਬਰ ਲਿਖੇ ਜਾਣ ਤੱਕ ਰਿਮਾਂਡ ਸਬੰਧੀ ਨਿਰਣਾ ਲਟਕਿਆ ਰਿਹਾ। ਸਰਕਾਰੀ ਵਕੀਲ ਨੇ ਪੁੱਛਣ ਤੇ ਕੋਈ ਠੋਸ ਜਵਾਬ ਦੇਣ ਦੀ ਬਜਾਏ, ਰਿਮਾਂਡ ਸਬੰਧੀ ਕੋਈ ਜਵਾਬ ਦੇਣ ਲਈ ਗੋਲਮੋਲ ਗੱਲਾਂ ਸ਼ੁਰੂ ਕਰ ਦਿੱਤੀਆਂ। ਉੱਧਰ
ਐਸ.ਪੀ.ਡੀ. ਵਿਰਕ ਨੇ ਕਿਹਾ, ਨਸ਼ਾ ਤਸਕਰ ਰਿੰਕੂ ਮਿੱਤਲ ਤੇ ਤਾਇਬ ਕਰੈਸ਼ੀ ਦਾ 2 ਦਿਨ ਦਾ ਰਿਮਾਂਡ ਮਿਲਿਆ ਹੈ। ਪਰੰਤੂ ਕਾਨੂੰਨੀ ਮਾਹਿਰਾਂ ਦੀ ਰਾਇ ਅਨੁਸਾਰ ਸਰਕਾਰੀ ਵਕੀਲ ਦੇ ਫਾਰਵਰਡ ਕੀਤੇ ਬਿਨਾਂ ਅਦਾਲਤ ਦੋਸ਼ੀ ਦੇ ਰਿਮਾਂਡ
ਤੇ ਕੋਈ ਨਿਰਣਾ ਨਹੀ ਕਰ ਸਕਦੀ। ਇਨ੍ਹਾਂ ਹੀ ਨਹੀਂ, ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨੂੰ ਵੀ ਪੁਲਿਸ ਸਰਕਾਰੀ ਵਕੀਲ ਦੇ ਰਾਂਹੀ ਹੀ ਜੱਜ ਸਾਹਮਣੇ ਪੇਸ਼ ਕਰਦੀ ਹੈ। ਬਰਾਮਦਗੀ ਵਿੱਚੋਂ ਕੁਝ ਨਮੂਨੇ ਲੈਬ ਜਾਂਚ ਲਈ ਭੇਜ਼ੇ ਜਾਂਦੇ ਹਨ। ਜਿੰਨ੍ਹਾਂ ਨੂੰ ਸਰਕਾਰੀ ਵਕੀਲ ਪੇਸ਼ ਕਰਦਾ ਹੈ ਤੇ ਮਾਣਯੋਗ ਜੱਜ ਉੱਨ੍ਹਾਂ ਨੂੰ ਮੋਹਰਬੰਦ ਕਰਕੇ ਲੈਬ ਜਾਂਚ ਦਾ ਹੁਕਮ ਸੁਣਾਉਂਦੀ ਹੈ।