ਭਾਨੇ ਸਿੱਧੂ ਨੂੰ ਅਦਾਲਤ ‘ਚ ਲੈ ਕੇ ਪਹੁੰਚੀ ਪੁਲਿਸ, ਅਦਾਲਤ ਨੇ ਕਿਹਾ !

Spread the love

ਹਰਿੰਦਰ ਨਿੱਕਾ , ਬਰਨਾਲਾ 16 ਮਈ 2023

     ਥਾਣਾ ਮਹਿਲ ਕਲਾਂ ਦੀ ਪੁਲਿਸ ਵੱਲੋਂ ਏ.ਐਸ.ਆਈ. ਗੁਰਮੇਲ ਸਿੰਘ ਦੀ ਸ਼ਕਾਇਤ ਦੇ ਅਧਾਰ ਤੇ ਦਰਜ਼ ਕੇਸ ਵਿੱਚ ਗਿਰਫਤਾਰ ਸੋਸ਼ਲ ਮੀਡੀਆ ਸਟਾਰ ਵਜੋਂ ਪ੍ਰਸਿੱਧ ਭਾਨਾ ਸਿੱਧੂ ਨੂੰ ਅੱਜ ਇਲਾਕਾ ਮੈਜਿਸਟ੍ਰੇਟ ਜੇ.ਐਮ.ਆਈ.ਸੀ. ਚੇਤਨ ਸ਼ਰਮਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਨਯੋਗ ਅਦਾਲਤ ਨੇ ਭਾਨੇ ਤੋਂ ਪੁੱਛਗਿੱਛ ਲਈ 4 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ। ਇਸ ਮੌਕੇ ਭਾਨਾ ਸਿੱਧੂ ਦੀ ਤਰਫੋਂ ਐਡਵੋਕੇਟ ਹਰਿੰਦਰ ਪਾਲ ਸਿੰਘ ਰਾਣੂ ਪੇਸ਼ ਹੋਏ। ਤਫਤੀਸ਼ ਅਧਿਕਾਰੀ ਡੀਐਸਪੀ ਗਮਦੂਰ ਸਿੰਘ ਚਹਿਲ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਭਾਨਾ ਸਿੱਧੂ ਨੂੰ ਕਰੜੇ ਸੁਰੱਖਿਆ ਪ੍ਰਬੰਧ ਹੇਠ ਪੁਲਿਸ ਟੀਮ ਕਰੀਬ ਸਾਢੇ 12 ਵਜੇ ਅਦਾਲਤ ਵਿੱਚ ਲੈ ਕੇ ਪਹੁੰਚੀ। ਸਰਕਾਰੀ ਵਕੀਲ ਦਿਲਪ੍ਰੀਤ ਸਿੰਘ ਸੰਧੂ ਨੇ ਮਾਨਯੋਗ ਅਦਾਲਤ ਨੂੰ ਦੱਸਿਆ ਕਿ ਪੁਲਿਸ ਨੇ ਭਾਨਾ ਸਿੱਧੂ ਤੋਂ ਉਸ ਦਾ ਮੋਬਾਇਲ ਅਤੇ ਪਾਸਪੋਰਟ ਬਰਾਮਦ ਕਰਵਾਉਣਾ ਹੈ, ਦੂਜੇ ਨਾਮਜ਼ਦ ਦੋਸ਼ੀ ਅਮਨ ਦੇ ਠਿਕਾਣਿਆਂ ਦਾ ਪਤਾ ਕਰਨਾ ਹੈ । ਇਸ ਲਈ ਭਾਨਾ ਸਿੱਧੂ ਦਾ ਪੁਲਿਸ ਰਿਮਾਂਡ ਜਰੂਰੀ ਹੈ।  ਬਚਾਅ ਪੱਖ ਦੇ ਵਕੀਲ ਹਰਿੰਦਰਪਾਲ ਸਿੰਘ ਰਾਣੂ ਨੇ ਜੋਰਦਾਰ ਬਹਿਸ ਕਰਦਿਆਂ ਪੁਲਿਸ ਵੱਲੋਂ ਮੰਗੇ ਜਾ ਰਹੇ ਅੱਠ ਦਿਨਾਂ ਰਿਮਾਂਡ ਦਾ ਵਿਰੋਧ ਕੀਤਾ।   ਮਾਨਯੋਗ ਜੱਜ ਚੇਤਨ ਸ਼ਰਮਾ ਨੇ ਦੋਵਾਂ ਧਿਰਾਂ ਦੀ ਬਹਿਸ ਉਪਰੰਤ ਸਰਕਾਰੀ ਵਕੀਲ ਦਿਲਪ੍ਰੀਤ ਸਿੰਘ ਸੰਧੂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਪੁਲਿਸ ਦੀ ਡਿਮਾਂਡ ਤੇ ਭਾਨਾ ਸਿੱਧੂ ਤੋਂ ਪੁੱਛਗਿੱਛ ਲਈ 4 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ । ਪੁਲਿਸ ਰਿਮਾਂਡ ਮਿਲਦਿਆਂ ਹੀ ਪੁਲਿਸ ਪਾਰਟੀ ਭਾਨਾ ਸਿੱਧੂ ਨੂੰ ਪੁੱਛਗਿੱਛ ਲਈ ਕਿਸੇ ਅਣਦੱਸੀ ਜਗ੍ਹਾ ਵੱਲ ਲੈ ਕੇ ਰਵਾਨਾ ਹੋ ਗਈ। 

    ਜਿਕਰਯੋਗ ਹੈ ਕਿ ਭਾਨਾ ਸਿੱਧੂ ਅਤੇ ਉਸ ਦੇ ਚਚੇਰੇ ਭਰਾ ਅਮਨਦੀਪ ਸਿੰਘ ਅਮਨਾ ਦੋਵੇਂ ਵਾਸੀ ਪਿੰਡ ਕੋਟਦੁੱਨਾ, ਜਿਲ੍ਹਾ ਬਰਨਾਲਾ ਦੇ ਖਿਲਾਫ ਪੰਜਾਬ ਪੁਲਿਸ ਦੇ ਏ.ਐਸ.ਆਈ. ਗੁਰਮੇਲ ਸਿੰਘ ਦੀ ਸ਼ਕਾਇਤ ਦੇ ਅਧਾਰ ਤੇ ਥਾਣਾ ਮਹਿਲ ਕਲਾਂ ਵਿਖੇ ਕਾਫੀ ਸੰਗੀਨ ਅਪਰਾਧਾਂ ਦੇ ਜੁਰਮ ਵਿੱਚ 11 ਮਈ 2023 ਨੂੰ ਕੇਸ ਦਰਜ ਦਰਜ਼ ਕੀਤਾ ਗਿਆ ਸੀ। ਸੋਸ਼ਲ ਮੀਡੀਆ ਤੇ ਭਾਨਾ ਸਿੱਧੂ ਵੱਲੋਂ ਕਹੀਆਂ ਕੁੱਝ ਗੱਲਾਂ ਤੋਂ ਖਫਾ ਹੋਏ ਏ.ਐਸ.ਆਈ. ਗੁਰਮੇਲ ਸਿੰਘ ਨੇ ਵੀ ਭਾਨਾ ਸਿੱਧੂ ਦੇ ਖਿਲਾਫ ਇੱਕ ਵੀਡੀਉ ਉਸ ਨੂੰ ਵਰਜਦੇ ਹੋਏ ਪਾ ਦਿੱਤੀ ਸੀ। ਗੁਰਮੇਲ ਸਿੰਘ ਦੀ ਵੀਡੀੳ ਵਾਇਰਲ ਹੋਣ ਉਪਰੰਤ ਕਾਫੀ ਲੋਹਾ- ਲਾਖਾ ਹੋਏ ਭਾਨਾ ਸਿੱਧੂ ਨੇ ਵੀ ਮੋੜਵਾਂ ਜੁਆਬ ਦਿੰਦਿਆਂ ਏ.ਐਸ.ਆਈ. ਗੁਰਮੇਲ ਸਿੰਘ ਨੂੰ ਅਤੇ ਪੰਜਾਬ ਪੁਲਿਸ ਤੋਂ ਇਲਾਵਾ ਪ੍ਰਸ਼ਾਸ਼ਨ ਤੇ ਸਰਕਾਰ ਉੱਪਰ ਵੀ ਕਾਫੀ ਤਿੱਖੇ ਸ਼ਬਦਾਂ ਦੇ ਵਾਰ ਕੀਤੇ ਸਨ। ਮੁਦਈ ਗੁਰਮੇਲ ਸਿੰਘ ਨੇ ਭਾਨਾ ਸਿੱਧੂ ਤੇ ਜਾਤੀ ਤੌਰ ਤੇ ਅਪਮਾਨਿਤ ਕਰਨ ਵਾਲੀ ਭਾਸ਼ਾ ਬੋਲਣ ਦਾ ਦੋਸ਼ ਵੀ ਲਾਇਆ ਸੀ। ਆਖਿਰ ਸੀਆਈਏ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਲੰਘੀ ਕੱਲ੍ਹ ਬਠਿੰਡਾ ਜਿਲ੍ਹੇ ਦੇ ਪਿੰਡ ਗੁੰਮਟੀ ਦੇ ਜੰਗਲ ਵਿਚੋਂ ਕਾਫੀ ਮਸ਼ੱਕਤ ਤੋਂ ਬਾਅਦ ਗਿਰਫਤਾਰ ਕਰ ਲਿਆ ਗਿਆ ਸੀ।      


Spread the love
Scroll to Top