ਮਜ਼ਦੂਰ ਦਿਵਸ:- ਲੇਬਰ ਚੌਕਾਂ ‘ਚ ਉੱਗੀ ਨਿਵੇਕਲੇ  ਮਜਦੂਰਾਂ ਦੀ ਫਸਲ

Spread the love

ਅਸ਼ੋਕ ਵਰਮਾ , ਬਠਿੰਡਾ 01 ਮਈ 2023
     ਮਜ਼ਦੂਰ ਦਿਵਸ ਦੀ ਤਲਖ ਹਕੀਕਤ ਇਹ ਵੀ ਹੈ ਕਿ ਕਦੇ ਮੁਰੱਬਿਆਂ ਦੇ ਮਾਲਕ ਰਹੇ ਕਿਸਾਨ ਅੱਜ ਦਿਹਾੜੀ ਕਰਨ ਲਈ ਮਜਬੂਰ ਹਨ  । ਸਰਕਾਰਾਂ ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਦੀ ਭਲਾਈ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਰਹੇ ਹਨ ਪਰ ਅਸਲੀਅਤ ਕੁੱਝ ਹੋਰ ਹੀ ਹੈ। ਲੇਬਰ ਚੌਕਾਂ ਵਿੱਚ ਉੱਗੀ ਇਸ ਨਵੇਕਲੀ ਕਿਸਮ ਦੇ ਮਜਦੂਰਾਂ ਦੀ ਫਸਲ ਸਰਕਾਰੀ ਦਾਅਵਿਆਂ ਦਾ ਮੂੰਹ ਚਿੜ੍ਹਾਉਂਦੀ ਨਜ਼ਰ ਆ ਰਹੀ ਹੈ। ਜਦੋਂ ਲੇਬਰ ਚੌਂਕ ਵਿੱਚ ਆ ਕੇ ਕੋਈ ਪੁੱਛਦਾ ਕਿ  “ਹੈ ਕੋਈ  ਜੱਟਾਂ ਦਾ ਮੁੰਡਾ  ਦਿਹਾੜੀ ਜਾਣ ਲਈ ” ਤਾਂ ਉਨ੍ਹਾਂ ਦਾ ਹਿਰਦਾ  ਵਲੂੰਧਰਿਆ ਜਾਂਦਾ ਹੈ ਪਰ ਬੇਵੱਸੀ ਹੋਣ ਕਰਕੇ ਚੁੱਪ ਵੱਟਣੀ ਪੈਂਦੀ  ਹੈ  ।                             
     ਕਿਸਾਨ ਤੋਂ ਮਜਦੂਰ ਬਣੇ ਅਜਿਹੇ  ਪ੍ਰੀਵਾਰਾਂ ਦੀ ਜਿੰਦਗੀ  ਨੂੰ ਫਰੋਲਦਿਆਂ ਜੋ ਤੱਥ ਬਾਹਰ ਆਏ ਹਨ ਉਸ ਤੋਂ ਪੰਜਾਬ ਦੀ ਖੇਤੀ ਦੇ ਨਖਿੱਧ ਹੋਣ ਦੀ ਸਪੱਸ਼ਟ ਤਸਵੀਰ ਸਾਹਮਣੇ ਆਉਂਦੀ ਹੈ।  ਸਮਾਜਿਕ ਮਰਿਆਦਾ ਨੂੰ ਮੁੱਖ ਰੱਖਦਿਆਂ ਕਾਰਨ ਅਜਿਹੇ ਵਿਅਕਤੀਆਂ  ਦੀ ਸ਼ਿਨਾਖਤ ਜਾਹਰ   ਨਹੀਂ ਕੀਤੀ  ਪਰ ਮਾਲਵਾ ਪੱਟੀ ਦੇ ਵੱਡੀ ਗਿਣਤੀ ਕਿਸਾਨਾਂ ਦੀ ਇਹੋ ਹੋਣੀ  ਹੈ ਕਿ  ਇਨ੍ਹਾਂ ਕੋਲ ਇੱਕ ਇੰਚ ਵੀ ਜਮੀਨ ਨਹੀਂ ਬਚੀ ਹੈ ਅਤੇ ਆਪਣੇ ਚੁੱਲ੍ਹੇ ਬਲਦੇ ਰੱਖਣ ਲਈ ਦਿਹਾੜੀਆਂ ਕਰਨ ਤੋਂ ਸਿਵਾਏ ਕੋਈ ਚਾਰਾ ਨਹੀਂ ਹੈ। 
    ਕੋਟਕਪੂਰਾ ਦੇ ਲੇਬਰ ਚੌਂਕ ਵਿਚ ਖਲੋਤੇ ਇੱਕ ਮਜ਼ਦੂਰ ਨੇ ਆਪਣਾ ਨਾਮ ਤਾਂ ਨਹੀਂ ਦੱਸਿਆ ਪਰ ਇਹ ਜਰੂਰ ਜਾਣਕਾਰੀ ਦਿੱਤੀ ਕਿ ਉਸ ਕੋਲ ਕਦੇ ਸੱਤ ਏਕੜ ਜ਼ਮੀਨ ਦੀ ਮਾਲਕੀ ਸੀ।ਕਦੇ ਨਰਮੇ ਨੂੰ ਚਿੱਟੀ ਮੱਖੀ ਅਤੇ ਕਦੇ ਸੁੰਡੀ ਨੇ  ਉਸ ਨੂੰ ਆਰਥਿਕ ਤੌਰ ਤੇ ਤਬਾਹ ਕਰਕੇ ਰੱਖ ਦਿੱਤਾ।   ਫਸਲਾਂ ਨਾਂ ਹੋਈਆਂ ਤਾਂ ਸਿਰ ਚੜ੍ਹਿਆ ਕਰਜਾ ਲਾਹੁਣ ਲਈ ਜ਼ਮੀਨ ਕਦੋਂ ਰੇਤੇ ਦੀ ਮੁੱਠੀ ਵਾਂਗ  ਕਿਰ ਗਈ ਉਸਨੂੰ ਪਤਾ ਹੀ ਨਹੀਂ ਲੱਗਾ। ਅੰਤ ਜਿੰਦਗੀ ਦੀ ਗੱਡੀ ਰੋੜਨ ਲਈ ਦਿਹਾੜੀ ਕਰਨੀ ਸ਼ੁਰੂ ਕਰ ਦਿੱਤੀ । ਉਸ ਨੇ ਦੱਸਿਆ ਕਿ ਉਹਦੇ ਵਰਗੇ ਅੱਧੀ ਦਰਜਨ ਹੋਰ ਮਨਜ਼ੂਰ  ਜਮੀਨਾਂ ਦੇ ਮਾਲਕ ਸਨ ਜੋ ਹੁਣ ਸ਼ਾਹੂਕਾਰਾਂ ਦੀ ਹੋ ਗਈ ਹੈ।
             ਕਿਸਾਨ ਜਗਜੀਤ ਸਿੰਘ ਹੁਣ ਮਜਦੂਰ ਹੈ ਜਦੋਂ ਕਿ ਪਹਿਲਾਂ ਉਹ 3 ਕਿੱਲੇ ਜਮੀਨ ਦਾ ਮਾਲਕ ਸੀ। ਆਪਣੇ ਪ੍ਰੀਵਾਰ ਦਾ ਚੰਗਾ ਪਾਲਣ-ਪੋਸ਼ਣ ਕਰਨ  ਵਾਸਤੇ ਉਸਨੇ ਸਹਾਇਕ ਧੰਦਾ ਅਪਣਾਇਆ ਜੋ ਵਫਾ ਨਾ ਕਰ ਸਕਿਆ। ਉਪਰੋਂ ਫਸਲਾਂ ਦੇ ਘਟੇ ਝਾੜ ਅਤੇ ਵਧੀਆਂ ਲਾਗਤਾਂ ਕਾਰਨ 4 ਲੱਖ ਕਰਜ਼ਾ  ਸਿਰ ਚੜ੍ਹ ਗਿਆ ਜਿਸ ਨੇ ਸਾਰੀ ਜ਼ਮੀਨ ਖਾ ਲਈ।ਇਸ ਕਿਸਾਨ ਸਿਰ  ਹਾਲੇ ਵੀ ਕਰਜਾ ਸਿਰ ਖੜ੍ਹਾ ਹੈ। ਉਸਨੇ ਦੱਸਿਆ ਕਿ ਉਹ  ਇਸ ਤਰਾਂ ਦੇ ਕਾਫੀ ਲੋਕਾਂ ਨੂੰ ਜਾਣਦਾ ਹੈ ਜੋ ਕਦੇ ਜਮੀਨਾਂ ਦੇ ਮਾਲਕ ਰਹੇ ਸਨ ਪ੍ਰੰਤੂ ਹੁਣ  ਲੇਬਰ ਚੌਂਕ ’ਚ ਖੜ੍ਹਦੇ ਹਨ।
        ਕਿਸਾਨ ਮੇਜਰ ਸਿੰਘ ਤਿੰਨ ਪੁੱਤਰਾਂ ਦਾ ਪਿਓ ਅਤੇ 16 ਏਕੜ ਜਮੀਨ ਦਾ ਮਾਲਕ ਸੀ। ਜਦੋਂ ਖੇਤ ਪਾਸਾ ਵੱਟ  ਗਏ ਅਤੇ ਹਕੂਮਤ ਨੇ ਬਾਂਹ ਨਾ ਫੜੀ ਤਾਂ ਉਸਦੇ ਮਾੜੇ ਦਿਨ ਸ਼ੁਰੂ ਹੋ ਗਏ ।ਖੇਤੀ ਤੇ ਐਸਾ ਸੰਕਟ ਆਇਆ ਕਿ ਘਰ ਦੀ ਦਿਸ਼ਾ ਨੂੰ ਬਦਲਣ ਦੇ ਚੱਕਰਾਂ ’ਚ ਪਹਿਲਾਂ ਵੱਡਾ ਪੁੱਤ ਜਹਾਨੋਂ ਤੁਰ ਗਿਆ ਤੇ ਮਗਰੋਂ ਦੂਸਰੇ ਪੁੱਤਾਂ ਨੂੰ ਕਰਜਿਆਂ ਨੇ ਖਾ ਲਿਆ । ਇਸ ਕਿਸਾਨ ਦੇ ਦੋ ਪੋਤਰਿਆਂ ਨੇ  ਪੜ੍ਹਨ ਪਿੱਛੋਂ  ਖੁਸ਼ਹਾਲ ਜਿੰਦਗੀ ਦੇ ਸੁਫਨੇ ਲਏ ਸਨ ਪਰ ਵਕਤ ਦੀ ਐਸੀ ਮਾਰ ਪਾਈ ਕਿ ਉਹ ਦਿਹਾੜੀਦਾਰ ਮਜ਼ਦੂਰ ਬਣ ਗਏ।
     ਇਹ ਸਿਰਫ ਕੁੱਝ  ਮਿਸਾਲਾਂ ਹਨ ਪੰਜਾਬ ’ਚ ਹਜ਼ਾਰਾਂ ਕਿਸਾਨ ਪਰਿਵਾਰ  ਅਜਿਹੇ ਹਨ ਜਿੰਨਾਂ ਦੀ ਪਤਾਲੀਂ ਲੱਥੀ ਖੇਤੀ ਨੇ ਉਨ੍ਹਾਂ ਦੇ ਬੱਚਿਆਂ ਨੂੰ ਦਿਹਾੜੀ ਕਰਨ ਲਾ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ  ਖੇਤੀ ਤੇ ਆਏ ਸੰਕਟ ਕਾਰਨ ਆਪਣੀਆਂ ਜ਼ਮੀਨਾਂ ਗੁਆ ਚੁੱਕੇ ਲੋਕ ਹੁਣ ਇਹੋ ਜਿਹੇ ਚੌਰਾਹੇ ਤੇ ਖਲੋਤੇ ਹਨ ਜਿੱਥੋ ਉਨ੍ਹਾਂ ਨੂੰ ਅੱਗੇ ਕੋਈ ਰਾਹ ਦਿਖਾਈ ਨਹੀਂ ਦਿੰਦਾ ।ਉਨ੍ਹਾਂ  ਨੇ ਆਪਣੇ ਖੇਤਾਂ ਦੀ ਖਾਤਰ ਸ਼ਾਹੂਕਾਰਾਂ ਅਤੇ ਹਕੂਮਤਾਂ ਅੱਗੇ ਵਾਸਤਾ ਪਾਇਆ  ਪਰ ਕਿਧਰੋਂ ਢਾਰਸ ਨਾ ਮਿਲੀ । ਕਰਜ਼ੇ ਅਤੇ ਮਾੜੇ ਹਾਲਾਤਾਂ ਵਾਲ਼ੀ ਚੱਕੀ ਦੇ ਪੁੜਾਂ ਵਿੱਚ ਪਿਸਦੇ ਇਹ ਕਿਸਾਨ ਜਮੀਨਾਂ ਤੋਂ ਹੱਥ ਧੋ ਬੈਠੇ ਅਤੇ  ਉਨ੍ਹਾਂ ਦੇ ਲਾਡਲਿਆਂ ਨੂੰ ਮਜ਼ਦੂਰੀ ਕਰਨ ਦੇ ਰਾਹ ਪੈਣਾ ਪਿਆ ਹੈ ।
ਖੇਤੀ ਦੇ ਨਿਘਾਰ ਦੀ ਤਸਵੀਰ: ਸੇਵੇਵਾਲਾ
  ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਰਨਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਚਿੰਤਾ  ਜਤਾਉਂਦਿਆਂ ਆਖਿਆ ਕਿ ਮਜ਼ਦੂਰਾਂ ਲਈ ਚੱਲ ਰਹੇ ਔਖੇ ਹਾਲਾਤਾਂ ਦੇ ਬਾਵਜੂਦ ਜੇਕਰ ਖੇਤੀ ਛੱਡਕੇ  ਕਿਸਾਨ  ਮਜ਼ਦੂਰ ਦੇ ਰਾਹ ਪੈਣ  ਲੱਗੇ ਹਨ ਤਾਂ ਇਸ ਤੋਂ ਖੇਤੀ ਦੇ ਨਿਘਾਰ ਦਾ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ।
ਸਰਕਾਰਾਂ ਦੀ ਤਰਜੀਹ ਨਹੀਂ ਖੇਤੀ 
 ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਿਲ੍ਹਾ ਆਗੂ ਜਗਸੀਰ ਸਿੰਘ ਝੁੰਬਾ ਦਾ ਕਹਿਣਾ ਸੀ  ਇਨ੍ਹਾਂ ਹਾਲਾਤਾਂ ਨੇ  ਸਪੱਸ਼ਟ ਕਰ ਦਿੱਤਾ ਹੈ ਕਿ  ਖੇਤੀ ਖੇਤਰ ਸਰਕਾਰਾਂ ਦੀ ਤਰਜੀਹ ਨਹੀਂ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹੁੰਦਾ ਤਾਂ ਕਿਸਾਨਾਂ ਨੂੰ ਖੇਤੀ ਛੱਡਕੇ ਦਿਹਾੜੀਆਂ ਕਰਨ ਦੇ ਰਾਹ ਨਾ ਪੈਣਾ ਪੈਂਦਾ ।

Spread the love
Scroll to Top