ਅਸ਼ੋਕ ਵਰਮਾ,ਬਠਿੰਡਾ 15 ਮਈ 2023
ਡੇਰਾ ਸੱਚਾ ਸੌਦਾ ਸਿਰਸਾ ਦੇ ਡੇਰਾ ਪੈਰੋਕਾਰ ਦਰਸ਼ਨ ਸਿੰਘ ਵਾਸੀ ਬਠਿੰਡਾ ਨੂੰ ਮਰਨ ਉਪਰੰਤ ਸਰੀਰ ਦਾਨੀ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ।ਦਰਸ਼ਨ ਸਿੰਘ ਨੇ ਆਪਣੇ ਜਿਉਂਦੇ-ਜੀ ਪ੍ਣ ਕੀਤਾ ਸੀ ਕਿ ਮੌਤ ਉਪਰੰਤ ਉਸ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਜਾਵੇ। ਬਲਾਕ ਬਠਿੰਡਾ ਦੇ ਏਰੀਆ ਪਰਸ ਰਾਮ ਨਗਰ-ਬੀ ਦੇ ਇਸ ਡੇਰਾ ਸ਼ਰਧਾਲੂ ਦੀ ਮੌਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈਂਬਰਾਂ ਨੇ ਅੱਜ ਇਹ ਪਹਿਲਕਦਮੀ ਕੀਤੀ ਹੈ।
ਜਿਸ ਵਕਤ ਦਰਸ਼ਨ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਨਿਵਾਸ ਸਥਾਨ ਤੋਂ ਰਵਾਨਾ ਕੀਤੀ ਗਈ ਤਾਂ ਵੱਡੀ ਗਿਣਤੀ ਡੇਰਾ ਪ੍ਰੇਮੀ ਹਾਜਰ ਸਨ। ਇਸ ਮੌਕੇ ਉਨ੍ਹਾਂ ਦਰਸ਼ਨ ਸਿੰਘ ਅਮਰ ਰਹੇ ਅਤੇ ਸਰੀਰਦਾਨ ਮਹਾਂਦਾਨ ਦੇ ਨਾਅਰਿਆਂ ਨਾਲ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ। ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੀ ਰੀਤ ਪੁੱਤਰ-ਧੀ ਇੱਕ ਸਮਾਨ ਤੇ ਚੱਲਦਿਆਂ ਦਰਸ਼ਨ ਸਿੰਘ ਇੰਸਾਂ ਦੀਆਂ ਧੀਆਂ ਨੇ ਅਰਥੀ ਨੂੰ ਮੋਢਾ ਵੀ ਦਿੱਤਾ।
ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਇੰਸਾਂ (55) ਪੁੱਤਰ ਭਗਵਾਨ ਸਿੰਘ, ਗਲੀ ਨੰ.0, ਸ੍ਰੀ ਗੁਰੂ ਰਵੀਦਾਸ ਜੀ ਧਰਮਸ਼ਾਲਾ ਵਾਲੀ ਗਲੀ, ਪਰਸ ਰਾਮ ਨਗਰ, ਬਠਿੰਡਾ ਬੀਤੇ ਦਿਨ ਸਵੇਰੇ ਲਗਭਗ 8:30 ਵਜੇ ਅਚਾਨਕ ਗੁਰੂ ਚਰਨਾਂ ’ਚ ਜਾ ਬਿਰਾਜੇ ਸਨ। ਉਸ ਦੀ ਪਤਨੀ ਰਾਜ ਰਾਣੀ ਇੰਸਾਂ, ਪੁੱਤਰ ਅਨਮੋਲ ਇੰਸਾਂ, ਧੀਆਂ ਵੀਰਪਾਲ ਕੌਰ ਇੰਸਾਂ, ਕਮਲਜੀਤ ਕੌਰ ਇੰਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਮਿ੍ਰਤਕ ਦੇਹ ਦਾ ਅੰਤਿਮ ਸਸਕਾਰ ਕਰਨ ਦੀ ਬਜਾਏ ਸਰੀਰ ਨੂੰ ਐਸ.ਆਰ.ਐਸ., ਆਯੁਰਵੇਦ ਮੈਡੀਕਲ ਕਾਲਜ, ਗਵਾਲੀਅਰ ਰੋਡ, ਸੀਕਾਨੇਰਪੁਰ, ਆਗਰਾ, ਉੱਤਰ ਪ੍ਰਦੇਸ਼ ਨੂੰ ਸੌਂਪਿਆ।
ਇਸ ਮੌਕੇ ਬਲਾਕ ਪ੍ਰੇਮੀ ਸੇਵਕ ਬਾਰਾ ਸਿੰਘ ਇੰਸਾਂ ਨੇ ਇਸ ਨੇਕ ਕਾਰਜ ਲਈ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ ਜਿੰਨਾਂ ਇਸ ਦੁੱਖ ਦੀ ਘੜੀ ਵਿਚ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਤਰਜੀਹ ਦਿੱਤੀ। ਉਨ੍ਹਾਂ ਇਸ ਸਰੀਰ ਦਾਨ ਦਾ ਸਿਹਰਾ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਨੂੰ ਦਿੱਤਾ ਜਿਨ੍ਹਾਂ ਵੱਲੋਂ ਦਿੱਤੀ ਸਿੱਖਿਆ ਦੇ ਆਧਾਰ ਤੇ ਡੇਰਾ ਪੈਰੋਕਾਰ ਪਰਿਵਾਰ ਨੇ ਦੁੱਖ ਦੀ ਘੜੀ ਵਿੱਚ ਸਮਾਜਿਕ ਕਾਰਜ ਨੂੰ ਪਹਿਲ ਦਿੱਤੀ। ਉਨ੍ਹਾਂ ਕਿਹਾ ਕਿ ਬਹੁਤ ਵੱਡੀ ਗੱਲ ਹੈ ਕਿ ਇਸ ਸਰੀਰ ਦੇ ਸਾਰੇ ਨਵੇਂ ਬਣੇ ਡਾਕਟਰ ਬਿਮਾਰੀਆਂ ਸਬੰਧੀ ਖੋਜਾਂ ਕਰ ਸਕਣਗੇ। ਇਸ ਮੌਕੇ ਏਰੀਆ ਪੇ੍ਮੀ ਸੇਵਕ ਮੇਘਰਾਜ ਇੰਸਾਂ, ਪ੍ਰੇਮੀ ਸੇਵਕ ਭੈਣ ਕਰਮਜੀਤ ਇੰਸਾਂ ਆਦਿ ਹਾਜ਼ਰ ਸਨ।