ਮਾਈਨਿੰਗ ਵਿਭਾਗ ਦੀ ਵੱਡੀ ਕਾਰਵਾਈ, ਮਸ਼ੀਨਰੀ ਜ਼ਬਤ ਕਰਕੇ ਪੁਲਿਸ ਕੇਸ ਦਰਜ਼ ਕੀਤੇ

Spread the love

ਰਾਜੇਸ਼ ਗੌਤਮ/ ਪਟਿਆਲਾ, 3 ਨਵੰਬਰ 2022

ਘਨੌਰ ਦੇ ਪਿੰਡ ਕੁਥਾ ਖੇੜੀ ਵਿਖੇ ਨਾਜਾਇਜ਼ ਮਾਈਨਿੰਗ ਹੋਣ ਦੀ ਮਿਲੀ ਸੂਚਨਾ ਦੇ ਆਧਾਰ ‘ਤੇ ਭੂੰ ਖਣਨ ਵਿਭਾਗ ਦੇ ਮਾਈਨਿੰਗ ਇੰਸਪੈਕਟਰ ਸੁਸ਼ਾਂਤ ਵਾਲੀਆ ਅਤੇ ਵਿਕਰਮ ਜੇ ਈ ਦੀ ਅਗਵਾਈ ‘ਚ ਮਾਈਨਿੰਗ ਵਿਭਾਗ ਦੀ ਟੀਮ ਦੇ ਫੀਲਡ ਸਟਾਫ਼ ਵੱਲੋਂ ਸਾਈਟ ਦੀ ਚੈਕਿੰਗ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਓ ਕਮ ਸਹਾਇਕ ਜ਼ਿਲ੍ਹਾ ਮਾਈਨਿੰਗ ਅਫ਼ਸਰ ਰਾਘਵ ਗਰਗ ਨੇ ਦੱਸਿਆ ਕਿ ਉਨ੍ਹਾਂ ਨੂੰ

ਪਤਾ ਲੱਗਾ ਸੀ ਕਿ ਇਕ ਖੇਤ ਵਿਚ ਕਰੀਬ 6-7 ਫੁੱਟ ਡੂੰਘਾ ਟੋਆ ਪੁੱਟਿਆ ਗਿਆ ਸੀ ਅਤੇ ਉਥੇ ਹਿਟਾਚੀ ਕੰਪਨੀ ਦੀ ਪੋਕਲੇਨ ਮਸ਼ੀਨ ਖੜ੍ਹੀ ਸੀ। ਇਸ ਸਬੰਧੀ ਸਬੰਧਤ ਥਾਣਾ ਖੇੜੀ ਗੰਢਿਆਂ ਨੂੰ ਸੂਚਿਤ ਕੀਤਾ ਗਿਆ ਅਤੇ ਪੁਲੀਸ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾਇਆ ਗਿਆ। ਗ਼ੈਰ-ਕਾਨੂੰਨੀ ਮਾਈਨਿੰਗ ਦੇ ਮੁੱਦੇ ਬਾਰੇ ਅਰਜ਼ੀ ਸਬੰਧਤ ਐਸਐਚਓ ਨੂੰ ਭੇਜੀ ਗਈ ਸੀ ਅਤੇ ਪੰਜਾਬ ਮਾਈਨਜ਼ ਐਂਡ ਮਿਨਰਲਜ਼ ਰੂਲਜ਼ 2013 ਅਤੇ ਮਾਈਨਜ਼ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ 1957 ਅਤੇ ਐਨਜੀਟੀ ਦੇ ਦਿਸ਼ਾ-ਨਿਰਦੇਸ਼ ਮਿਤੀ 19-02-2020 ਦੇ ਤਹਿਤ ਕਾਰਵਾਈ ਕਰਨ ਲਈ ਕਿਹਾ ਗਿਆ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਬਾਰੇ ਐਫਆਈਆਰ ਨੰਬਰ 90 ਮਿਤੀ 3-11-2022 ਨੂੰ ਥਾਣਾ ਖੇੜੀ ਗੰਢਿਆਂ ਵਿਖੇ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਇਲਾਕੇ ਦੀ ਨਿਯਮਤ ਚੈਕਿੰਗ ਅਤੇ ਗਸਤ ਵੀ ਕੀਤੀ ਜਾਂਦੀ ਹੈ ਅਤੇ ਜੋ ਕੋਈ ਵੀ ਇਲਾਕੇ ਵਿੱਚ ਗ਼ੈਰ -ਕਾਨੂੰਨੀ ਮਾਈਨਿੰਗ ਕਰਦਾ ਹੈ, ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਂਦੀ ਹੈ।

ਅਧਿਕਾਰੀਆਂ ਨੇ ਅੱਗੇ ਹੋਰ ਦੱਸਿਆ ਕਿ ਇਸੇ ਤਰ੍ਹਾਂ 3 ਨਵੰਬਰ 2022 ਨੂੰ ਥਾਣਾ ਪਸਿਆਣਾ ਅਧੀਨ ਪੈਂਦੇ ਪਿੰਡ ਦੌਧਰ ਵਿਖੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਛਾਪੇਮਾਰੀ ਕੀਤੀ ਗਈ ਅਤੇ ਅੱਜ ਨਜਾਇਜ਼ ਮਾਈਨਿੰਗ ‘ਤੇ ਕਾਰਵਾਈ ਕਰਦੇ ਹੋਏ 1 ਟਿੱਪਰ ਅਤੇ ਪੋਕਲੇਨ ਚੌਕੀ ਇੰਚਾਰਜ ਡਕਾਲਾ ਨੂੰ ਸੌਂਪੇ ਗਏ ਅਤੇ ਇਕ ਹੋਰ ਛਾਪਾਮਾਰੀ ਪਿੰਡ ਸਹਿਜਪੁਰਾ ਖੁਰਦ ਵਿਖੇ ਕੀਤੀ ਗਈ। ਗ਼ੈਰ-ਕਾਨੂੰਨੀ ਮਾਈਨਿੰਗ ਸਬੰਧੀ ਸ਼ਿਕਾਇਤ ਮਿਲੀ ਸੀ, ਇਸ ‘ਤੇ 3 ਪੋਕਲੇਨ, 2 ਜੇ.ਸੀ.ਬੀ.ਐਸ., 1 ਟਿੱਪਰ ਤੇ 1 ਟਰਾਲੀ ਬਰਾਮਦ ਕਰਕੇ ਪੁਲਿਸ ਚੌਂਕੀ ਮਵੀ ਕਲਾਂ ਸਮਾਣਾ ਦੇ ਹਵਾਲੇ ਕਰ ਦਿੱਤੀ ਹੈ।

ਅਧਿਕਾਰੀਆਂ ਮੁਤਾਬਕ ਉਪਰੋਕਤ ਮਸ਼ੀਨਰੀ ਮਾਲਕਾਂ ਵਿਰੁੱਧ 3 ਐਫਆਈਆਰਜ਼ ਦਰਜ ਕਰਕੇ ਅਤੇ ਜ਼ਮੀਨ ਮਾਲਕਾਂ ਵਿਰੁੱਧ ਅਗਲੇਰੀ ਜਾਂਚ ਲਈ ਦਰਖਾਸਤ ਲਿਖ ਦਿੱਤੀ ਗਈ ਹੈ।


Spread the love
Scroll to Top