ਮਾਸਟਰ ਕੇਡਰ ਪ੍ਰੀਖਿਆ ਹੋਵੇ ਪਾਰਦਰਸ਼ੀ ਤੇ ਪੁਖ਼ਤਾ ਹੋਣ ਪ੍ਰਬੰਧ-ਢਿੱਲਵਾਂ

Spread the love

ਰਘਵੀਰ ਹੈਪੀ , ਬਰਨਾਲਾ 16 ਅਗਸਤ 2022

     ਬੇਰੁਜ਼ਗਾਰ ਯੂਨੀਅਨ ਦੇ ਲੰਬੇ ਸੰਘਰਸ਼ ਮਗਰੋਂ ਪਿਛਲੀ ਕਾਂਗਰਸ ਸਰਕਾਰ ਵੱਲੋਂ ਜਾਰੀ ਮਾਸਟਰ ਕੇਡਰ ਦੀਆਂ ਮਾਮੂਲੀ 4161 ਅਸਾਮੀਆਂ ਲਈ 21 ਅਗਸਤ ਤੋਂ ਪ੍ਰੀਖਿਆ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ।ਜਿਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਉਮੀਦਵਾਰਾਂ ਨੂੰ ਰੋਲ ਨੰਬਰ ਵੀ ਜਾਰੀ ਕਰਨੇ ਸ਼ੁਰੂ ਕੀਤੇ ਹਨ।
    ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਮੰਗ ਕੀਤੀ ਕਿ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਚਾਰ ਮੁਕਤ ਪੰਜਾਬ ਦੇ ਦਾਅਵੇ ਕਰਦੀ ਹੈ । ਪ੍ਰੰਤੂ ਅਜਿਹੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਘਪਲੇ ਹੋਣ ਦੇ ਸ਼ੰਕੇ ਹਮੇਸ਼ਾ ਬਣੇ ਰਹਿੰਦੇ ਹਨ । ਇਸ ਲਈ ਪ੍ਰੀਖਿਆ ਕੇਂਦਰਾਂ ਨੂੰ ਪੋਲਿੰਗ ਕੇਂਦਰਾਂ ਤੋਂ ਵਧੇਰੇ ਨਾਜੁਕ ਮੰਨਦੇ ਹੋਏ ਸਖਤ ਪ੍ਰਬੰਧ ਕੀਤੇ ਜਾਣ ਤਾਂ ਜੋ ਕੋਈ ਘਪਲਾ ਨਾ ਹੋ ਸਕੇ।
     ਉਹਨਾਂ ਡਰ ਜਾਹਿਰ ਕੀਤਾ ਕਿ ਕੁਝ ਜੁਗਾੜੂ ਲੋਕ ਸਰਕਾਰੀ ਅਫ਼ਸਰਾਂ ਅਤੇ ਮੰਤਰੀਆਂ ਦੀ ਮਿਲੀ ਭੁਗਤ ਨਾਲ ਕੋਈ ਬਿਜਲਈ ਯੰਤਰ ਜਾਂ ਡਿਵਾਈਸ ਦੀ ਵਰਤੋਂ ਕਰਕੇ ਨਕਲ ਕਰਦੇ ਹਨ।ਇਸ ਲਈ ਪ੍ਰੀਖਿਆ ਕੇਂਦਰਾਂ ਵਿਚ ਮੋਬਾਈਲ ਫੋਨ ਦੀ ਵਰਤੋਂ ਉੱਤੇ ਪੂਰਨ ਤੌਰ ਤੇ ਰੋਕ ਲਗਾਈ ਜਾਵੇ,ਜੈਮਰ ਲਗਾਏ ਜਾਣ,ਆਧਾਰ ਕਾਰਡ ਲਿੰਕ ਕੀਤੇ ਜਾਣ ਅਤੇ ਹਾਜ਼ਰੀ ਬਾਇਓਮੀਟ੍ਰਿਕ ਲਗਾਈ ਜਾਵੇ।ਵੀਡਿਉ ਗਰਾਫ਼ੀ ਕੀਤੀ ਜਾਵੇ ਅਤੇ ਸੀ ਸੀ ਟੀ ਵੀ ਕੈਮਰੇ ਵੀ ਲਗਾਏ ਜਾਣ।
    ਉਹਨਾਂ ਕਿਹਾ ਕਿ ਕੁਝ ਬਾਹਰੀ ਉਮੀਦਵਾਰ ਪ੍ਰੀਖਿਆਰਥੀਆਂ ਦੀ ਜਗ੍ਹਾ ਪੇਪਰ ਵਿੱਚ ਬੈਠਣ ਦਾ ਡਰ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਤਰੁੱਟੀ ਪਾਈ ਗਈ ਤਾਂ ਯੂਨੀਅਨ ਵੱਲੋ ਸਰਕਾਰ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਪੰਜਾਬ ਵਾਸੀਆਂ ਸਾਹਮਣੇ ਰੱਖੀ ਜਾਵੇਗੀ।
    ਉਹਨਾਂ ਮੰਗ ਕੀਤੀ ਕਿ ਜਾਰੀ ਇਸ਼ਤਿਹਾਰ ਵਿੱਚ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ 1405 ਅਸਾਮੀਆਂ ਵਿੱਚ ਵਾਧਾ ਵੀ ਕੀਤਾ ਜਾਵੇ। ਇਸ ਮੌਕੇ ਗਗਨਦੀਪ ਕੌਰ, ਅਮਨ ਸੇਖਾ ਮੀਤ ਪ੍ਰਧਾਨ,ਸੰਦੀਪ ਗਿੱਲ,ਬਲਰਾਜ ਸਿੰਘ ਮੌੜ,ਬਲਕਾਰ ਸਿੰਘ ਮਘਾਣੀਆ, ਗੁਰਪ੍ਰੀਤ ਸਿੰਘ ਪੱਕਾ,ਮੁਨੀਸ਼ ਫਾਜਲਿਕਾ,ਕੁਲਵੰਤ ਸਿੰਘ ਲੌਂਗੋਵਾਲ,ਲਖਵਿੰਦਰ ਸਿੰਘ ਮੁਕਤਸਰ,ਰਸ਼ਪਾਲ ਸਿੰਘ ਜਲਾਲਾਬਾਦ ਅਤੇ ਹਰਪ੍ਰੀਤ ਸਿੰਘ ਫਿਰੋਜ਼ਪੁਰ ਆਦਿ ਹਾਜ਼ਰ ਸਨ।


Spread the love
Scroll to Top