ਅਸ਼ੋਕ ਵਰਮਾ , ਬਠਿੰਡਾ ,1 ਅਪਰੈਲ 2023
ਪੰਜਾਬ ਵਿਚ ਪਿਛਲੇ ਦਿਨਾਂ ਦੌਰਾਨ ਹੋਈ ਭਾਰੀ ਬਾਰਸ਼ ਅਤੇ ਗੜ੍ਹੇਮਾਰੀ ਕਾਰਨ ਪੰਜਾਬ ਦਾ ਖੇਤੀ ਖੇਤਰ ਬੁਰੀ ਤਰਾ ਸੰਕਟ ਵਿੱਚ ਫਸ ਗਿਆ ਹੈ ਜੋ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਚੱਲ ਰਿਹਾ ਹੈ। ਕਈ ਵਰ੍ਹਿਆਂ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਮਾਰਚ ਦਾ ਮਹੀਨਾ ਬੇਹੱਦ ਮਾੜੇ ਮੌਸਮ ਦੀ ਭੇਟ ਚੜ੍ਹ ਗਿਆ ਹੈ। ਕਈ ਇਲਾਕਿਆਂ ਵਿੱਚ ਤਾਂ ਕਣਕ ਦੀ ਫ਼ਸਲ ਨੂੰ ਬੁਰੀ ਤਰ੍ਹਾਂ ਬਰਬਾਦ ਹੋ ਗਈ ਹੈ ਜਿਸਦੇ ਤੋੜ ਚੜ੍ਹਨ ਦੀ ਸੰਭਾਵਨਾ ਬਿਲਕੁਲ ਵੀ ਨਹੀਂ ਹੈ। ਇਸ ਮਾਮਲੇ ਦਾ ਮੰਦਭਾਗਾ ਪੱਖ ਇਹ ਵੀ ਹੈ ਕਿ ਪਿਛਲੇ ਦੋ ਦਿਨਾਂ ਦੌਰਾਨ ਹੋਈ ਹਲਕੀ ਤੋਂ ਦਰਮਿਆਨੀ ਬਾਰਸ਼ ਦੇ ਸਿੱਟੇ ਵਜੋਂ ਕਣਕ ਦੀ ਵਾਢੀ ਦੋ ਹਫ਼ਤੇ ਪੱਛੜਣ ਦੀ ਸੰਭਾਵਨਾ ਬਣ ਗਈ ਹੈ। ਪੰਜਾਬ ’ਚ ਕਣਕ ਦੀ ਸਰਕਾਰੀ ਖ਼ਰੀਦ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਪ੍ਰੰਤੂ ਹਾਲੇ ਕਿਸੇ ਵੀ ਮੰਡੀ ਵਿੱਚ ਫ਼ਸਲ ਨਹੀਂ ਪੁੱਜੀ ਜੋ ਇਸ ਗੱਲ ਦੀ ਹਾਮੀ ਭਰਦੀ ਹੈ। ਮਾਮਲੇ ਦਾ ਗੰਭੀਰ ਪਹਿਲੂ ਇਹ ਵੀ ਹੈ ਕਿ ਮੌਸਮ ਵਿਭਾਗ ਨੇ ਆਉਂਦੇ ਦਿਨਾਂ ’ਚ ਗੜੇ ਅਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਜਿਸ ਤੋਂ ਉਨ੍ਹਾਂ ਕਿਸਾਨਾਂ ਦੇ ਫ਼ਿਕਰ ਹੋਰ ਵਧ ਗਏ ਹਨ ਜਿਨ੍ਹਾਂ ਦੀ ਕਣਕ ਦੀ ਫਸਲ ਹਾਲੇ ਤੱਕ ਬਚੀ ਹੋਈ ਹੈ। ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਬਣੀ ਰਹੀ ਹੈ। ਕਈ ਥਾਵਾਂ ਤੇ ਅੱਜ ਪੂਰਾ ਦਿਨ ਸੂਰਜ ਦੇ ਢੰਗ ਸਿਰ ਦਰਸ਼ਨ ਨਹੀਂ ਹੋਏ । ਪਿਛਲੇ ਵਰ੍ਹੇ ਮੰਡੀਆਂ ਵਿੱਚ ਪਹਿਲੀ ਅਪਰੈਲ ਨੂੰ ਕਣਕ ਦੀ ਆਮਦ ਸ਼ੁਰੂ ਹੋ ਗਈ ਸੀ। ਖੇਤੀ ਮਾਹਿਰਾਂ ਮੁਤਾਬਿਕ ਐਤਕੀਂ ਵਿਸਾਖੀ ਮਗਰੋਂ ਫ਼ਸਲ ਦੀ ਆਮਦ ਸ਼ੁਰੂ ਹੋਵੇਗੀ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੀਨੀਅਰ ਆਗੂ ਜਸਵੀਰ ਸਿੰਘ ਬੁਰਜ ਸੇਮਾ ਦਾ ਕਹਿਣਾ ਸੀ ਕਿ ਬਹੁਤੇ ਖ਼ਿੱਤਿਆਂ ਵਿੱਚ ਤਾਂ ਕਿਸਾਨਾਂ ਨੂੰ ਹੱਥੀਂ ਵਾਢੀ ਕਰਨੀ ਪਵੇਗੀ ਕਿਉਂਕਿ ਫ਼ਸਲ ਇੰਨੀ ਡਿੱਗ ਪਈ ਹੈ ਜਿਸ ਨੂੰ ਕੰਬਾਈਨ ਚੁੱਕ ਨਹੀਂ ਸਕੇਗੀ। ਉਨ੍ਹਾਂ ਆਖਿਆ ਕਿ ਹਾਲਾਤਾਂ ਨੂੰ ਦੇਖਦਿਆਂ ਕੰਬਾਈਨ ਮਾਲਕਾਂ ਵੱਲੋਂ ਵੀ ਰੇਟ ਵਧਾ ਦਿੱਤੇ ਜਾਣਗੇ ਅਤੇ ਫ਼ਸਲ ਦੀ ਕੁਆਲਿਟੀ ਵੀ ਪ੍ਰਭਾਵਿਤ ਹੋਵੇਗੀ।ਇਸ ਵਾਰ ਫ਼ਸਲ ਦਾ ਕਰੀਬ 15 ਤੋਂ 20 ਫ਼ੀਸਦੀ ਝਾੜ ਘਟਣ ਦਾ ਅੰਦਾਜ਼ਾ ਆਰਥਿਕ ਪੱਖੋਂ ਚਿੰਤਾਜਨਕ ਹੈ। ਕਿਸਾਨ ਆਗੂ ਦਾ ਕਹਿਣਾ ਹੈ ਕਿ ਮੌਸਮ ਵਿਚ ਆਏ ਨਿਘਾਰ ਕਾਰਨ ਕਿਸਾਨਾਂ ਲਈ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਹੋ ਗਈਆਂ ਹਨ।
ਉਹਨਾਂ ਆਖਿਆ ਕਿ ਇਸ ਕਾਰਨ ਉਨ੍ਹਾਂ ਦੇ ਲਾਗਤ ਖਰਚੇ ਭਾਰੀ ਵਾਧਾ ਹੋਵੇਗਾ ਜੋ ਕਿਸਾਨਾਂ ਲਈ ਹੈ ਅਸਹਿ ਮੰਨਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਖੇਤੀ ਮਹਿਕਮੇ ਅਨੁਸਾਰ ਪੰਜਾਬ ਵਿੱਚ ਹੁਣ ਤੱਕ 13.60 ਲੱਖ ਹੈਕਟੇਅਰ ਫ਼ਸਲ ਮੀਂਹ ਤੇ ਝੱਖੜ ਨਾਲ ਪ੍ਰਭਾਵਿਤ ਹੋਈ ਹੈ ਜਿਸ ਵਿੱਚੋਂ ਕਰੀਬ ਇੱਕ ਲੱਖ ਹੈਕਟੇਅਰ ਫ਼ਸਲ ਦਾ ਸੌ ਫ਼ੀਸਦੀ ਨੁਕਸਾਨ ਦੱਸਿਆ ਜਾ ਰਿਹਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੋਮਵਾਰ ਤੋਂ ਮੁੜ ਪੰਜਾਬ ਵਿੱਚ ਖ਼ਾਸ ਕਰਕੇ ਮਾਲਵਾ ਖ਼ਿੱਤੇ ਵਿੱਚ ਗੜੇ ਪੈ ਸਕਦੇ ਹਨ ਜਦੋਂ ਕਿ ਮੰਗਲਵਾਰ ਨੂੰ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਮੌਸਮ ਮਾਹਿਰ ਆਖਦੇ ਹਨ ਕਿ ਪੱਛਮੀ ਗੜਬੜੀ ਕਾਰਨ ਵੀ ਮੌਸਮੀ ਚੱਕਰ ਪ੍ਰਭਾਵਿਤ ਹੋਣ ਦੇ ਅਨੁਮਾਨ ਹਨ।
ਕਟਾਈ ਮੌਸਮ ਤੇ ਨਿਰਭਰ: ਡਾਇਰੈਕਟਰ
ਖੇਤੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਅੱਜ ਹੋਈ ਬਾਰਸ਼ ਦੀ ਰਿਪੋਰਟ ਹਾਸਲ ਕੀਤੀ ਜਾ ਰਹੀ ਹੈ ਪ੍ਰੰਤੂ ਹੁਣ ਤੱਕ ਕਰੀਬ ਇੱਕ ਲੱਖ ਹੈਕਟੇਅਰ ਰਕਬੇ ਵਿੱਚ ਫ਼ਸਲ ਸੌ ਫ਼ੀਸਦੀ ਨੁਕਸਾਨੀ ਗਈ ਹੈ। ਉਨ੍ਹਾਂ ਕਿਹਾ ਕਿ ਜੇ ਦੋ ਦਿਨਾਂ ਮਗਰੋਂ ਧੁੱਪ ਨਿਕਲ ਆਉਂਦੀ ਹੈ ਤਾਂ ਚਾਰ ਪੰਜ ਦਿਨਾਂ ਵਿੱਚ ਵਾਢੀ ਸ਼ੁਰੂ ਹੋ ਜਾਵੇਗੀ।
50 ਹਜ਼ਾਰ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ
ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਅਮਰਜੀਤ ਸਿੰਘ ਹਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਕੁਦਰਤੀ ਆਫ਼ਤਾਂ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਲਈ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਗੜੇਮਾਰੀ ਅਤੇ ਮੀਂਹ ਨੇ ਸੂਬੇ ਵਿੱਚ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਕੀਤਾ ਹੈ ਜੋ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸਿਰਫ਼ 15 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਨਿਗੂਣਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਜਦੋਂ ਕਿ ਕਿਸਾਨਾਂ ਦੀ ਕਣਕ ਦੀ ਸਾਰੀ ਫ਼ਸਲ ਤਬਾਹ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਸ ਤਰਾਸਦੀ ਤੋਂ ਅੱਖਾਂ ਮੀਟੀਆਂ ਤਾਂ ਉਹ ਸੜਕਾਂ ਤੋਂ ਉਤਰਨਗੇ।