ਮੀਤ ਹੇਅਰ ਬੋਲੇ-ਨਹਿਰੀ ਪ੍ਰਾਜੈਕਟਾਂ ਰਾਹੀਂ ਧਰਤੀ ਹੇਠਲੇ ਪਾਣੀ ਦੇ ਪੱਧਰ ’ਚ ਸੁਧਾਰ ਲਈ ਯਤਨ ਜਾਰੀ

Spread the love

ਜਲ ਸਰੋਤ ਮੰਤਰੀ ਮੀਤ ਹੇਅਰ ਨੇ ਹੰਡਿਆਇਆ ਦਿਹਾਤੀ ’ਚ ਪਾਈਪਲਾਈਨ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ  

ਰਘਵੀਰ ਹੈਪੀ , ਬਰਨਾਲਾ 8 ਜੂਨ 2023
      ਜ਼ਿਲ੍ਹਾ ਬਰਨਾਲਾ ਦੇ ਬਲਾਕਾਂ ਨੂੰ ਡਾਰਕ ਜ਼ੋਨ ’ਚੋਂ ਕੱਢਣ ਵਾਸਤੇ ਖੇਤ-ਖੇਤ ਨਹਿਰੀ ਪਾਣੀ ਲਈ ਲਗਾਤਾਰ ਯਤਨ ਜਾਰੀ ਹਨ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਖ਼ਪਤ ਘਟਾਈ ਜਾ ਸਕੇ।
     ਇਹ ਪ੍ਰਗਟਾਵਾ ਜਲ ਸਰੋਤ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਹੰਡਿਆਇਆ ਦਿਹਾਤੀ ਵਿਖੇ ਨਹਿਰੀ ਪਾਣੀ ਪਹੁੰਚਾਉਣ ਲਈ ਜ਼ਮੀਨਦੋਜ਼ ਪਾਈਪਲਾਈਨਾਂ ਦੇ ਦੋ ਪ੍ਰੋਜੈਕਟਾਂ ਦੀ ਸ਼ੁਰੂਆਤ ਮੌਕੇ ਕੀਤਾ। ਇਨ੍ਹਾਂ ’ਚੋਂ ਇਕ ਪ੍ਰੋਜੈਕਟ 600 ਮੀਟਰ ਲੰਬਾਈ ਵਾਲੀ ਪਾਈਪਲਾਈਨ ਦਾ ਹੈ, ਜਿਸ ਦੀ ਲਾਗਤ 8.49 ਲੱਖ ਰੁਪਏ ਹੈ ਅਤੇ ਦੂਜਾ ਪ੍ਰੋਜੈਕਟ 1800 ਮੀਟਰ ਪਾਈਪਲਾਈਨ ਦਾ ਹੈ, ਜਿਸ ’ਤੇ 38.11 ਲੱਖ ਰੁਪਏ ਦੀ ਲਾਗਤ ਆਉਣੀ ਹੈ।                                 
     ਇਸ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਕੱਲੇ ਬਰਨਾਲਾ ਹਲਕੇ ਵਿੱਚ ਜਲ ਸਰੋਤ ਮਹਿਕਮੇ ਦੇ ਕਰੀਬ 80 ਕਰੋੜ ਦੇ ਕੰਮ ਕਰਵਾਏ ਜਾ ਰਹੇ ਹਨ, ਜੋ ਪਿਛਲੇ ਦਹਾਕਿਆਂ ’ਚ ਪੂਰੇ ਜ਼ਿਲ੍ਹੇ ਵਿੱਚ ਨਹੀਂ ਹੋਏ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਨਹਿਰੀ ਪਾਣੀ ਵੱਧ ਤੋਂ ਵੱਧ ਰਕਬੇ ਵਿੱਚ ਪਹੁੰਚਾਉਣ ਖਾਤਰ ਪੂਰੇ ਪੰਜਾਬ ਵਿੱਚ ਨਹਿਰੀ ਖਾਲੇ ਬਹਾਲ ਕਰਨ, ਜ਼ਮੀਨਦੋਜ਼ ਪਾਈਪਲਾਈਨ, ਮੋਘੇ ਕੱਢਣ ਦਾ ਕੰਮ ਪੂਰੇ ਜ਼ੋਰਾਂ ’ਤੇ ਹੈ, ਜਿਸ ਸਦਕਾ ਕਈ ਪਿੰਡਾਂ ਦੇ ਖੇਤਾਂ ਨੂੰ ਦਹਾਕਿਆਂ ਮਗਰੋਂ ਨਹਿਰੀ ਪਾਣੀ ਨਸੀਬ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿੰਡ ਭੂਰੇ ਇਸ ਦੀ ਉਦਾਹਰਨ ਹੈ। 
    ਸ. ਮੀਤ ਹੇਅਰ ਨੇ ਕਿਹਾ ਕਿ ਆਉਂਦੇ ਸਮੇਂ ਵੀ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਕਾਸ ਪ੍ਰਾਜੈਕਟ ਜਾਰੀ ਰਹਿਣਗੇ, ਕਿਉਂਕਿ ਸਰਕਾਰ ਨੇ ਪਹਿਲੇ ਸਾਲ ਹੀ ਕਰੋੜਾਂ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕਰ ਦਿੱਤੀ ਹੈ।
    ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਦੇ ਗੁਰਦੀਪ ਸਿੰਘ ਬਾਠ, ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ, ਸਹਾਇਕ ਕਮਿਸ਼ਨਰ (ਜ) ਸੁਖਪਾਲ ਸਿੰਘ, ਓਐਸਡੀ ਹਸਨਪ੍ਰੀਤ ਭਾਰਦਵਾਜ, ਜਲ ਸਰੋਤ ਵਿਭਾਗ ਦੇ ਅਧਿਕਾਰੀ ਤੇ ਹੋਰ ਪਤਵੰਤੇ ਹਾਜ਼ਰ ਸਨ।

Spread the love
Scroll to Top