Skip to content
ਬੱਚਿਆਂ ਨੂੰ ਸਹੀ ਸਰਪ੍ਰਸਤੀ ਦੇ ਕੇ ਉਨ੍ਹਾਂ ਵਿਚਲੀ ਪ੍ਰਤਿਭਾ ਨੂੰ ਨਿਖਾਰਿਆ ਜਾ ਸਕਦੇ : ਸਾਕਸ਼ੀ ਸਾਹਨੀ
ਰਿਚਾ ਨਾਗਪਾਲ , ਪਟਿਆਲਾ 2 ਜੁਲਾਈ 2023
ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਅਰੰਭੇ ਵਿਸ਼ੇਸ਼ ਪ੍ਰਾਜੈਕਟ ‘ਮੇਰਾ ਬਚਪਨ’ ਤਹਿਤ ਪੜਾਈ ਤੋਂ ਵਿਰਵੇ ਹੋਏ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲ ਕਰਵਾਕੇ ਅਤੇ ‘ਸਕੂਲ ਆਨ ਵੀਲਜ’ ਪ੍ਰੋਜੈਕਟ ਰਾਹੀਂ ਉਨ੍ਹਾਂ ਦੇ ਹੱਥਾਂ ‘ਚ ਕਲਮ ਫੜਾਈ ਗਈ ਹੈ ਅਤੇ ਅੱਜ ਇਨ੍ਹਾਂ ਵਿਦਿਆਰਥੀਆਂ ਨੇ ਉੱਤਰੀ ਖੇਤਰ ਸਭਿਆਚਾਰ ਕੇਂਦਰ ਵਿਖੇ ਹੋਏ ਸਮਾਗਮ ‘ਚ ਪਹਿਲੀ ਵਾਰ ਸਟੇਜ ‘ਤੇ ਆਪਣੀ ਪ੍ਰਤਿਭਾ ਦਿਖਾ ਕੇ ਹਾਜ਼ਰੀਨ ਨੂੰ ਆਪਣੀ ਕਲਾ ਨਾਲ ਪ੍ਰਭਾਵਿਤ ਕੀਤਾ।
ਹਰ ਹਾਥ ਕਲਮ ਵੱਲੋਂ ਆਪਣੀ ਨੌਵੀਂ ਵਰ੍ਹੇਗੰਢ ਅਤੇ ਸਮਰ ਕੈਂਪ ਦੇ ਸਮਾਪਤੀ ਸਮਾਰੋਹ ਮੌਕੇ ਕਰਵਾਏ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਬਚਪਨ ‘ਚ ਸਿਖਾਈਆਂ ਚੰਗੀਆਂ ਗੱਲਾਂ ਦਾ ਸਾਰੀ ਜ਼ਿੰਦਗੀ ਲਾਭ ਮਿਲਦਾ ਹੈ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਮੇਰਾ ਬਚਪਨ ਪ੍ਰੋਜੈਕਟ ਤਹਿਤ ਹੁਣ ਤੱਕ 9 ਬੱਚਿਆਂ ਨੂੰ ਸਕੂਲ ‘ਚ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਵੀ ਆਤਮ ਨਿਰਭਰ ਬਣਾਉਣ ਲਈ ਕਿੱਤਾ ਮੁਖੀ ਕੋਰਸ ਕਰਵਾਏ ਜਾ ਰਹੇ ਹਨ ਤਾਂ ਜੋ ਉਹ ਆਪਣੇ ਬੱਚਿਆਂ ਦੀ ਚੰਗੀ ਦੇਖਭਾਲ ਕਰ ਸਕਣ। ਉਨ੍ਹਾਂ ਇਸ ਪ੍ਰੋਜੈਕਟ ‘ਚ ਯੋਗਦਾਨ ਲਈ ਜਨ ਹਿਤ ਸੰਮਤੀ ਅਤੇ ਪਲੇ ਵੇਅ ਸਕੂਲ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦੀ ਵੀ ਸ਼ਲਾਘਾ ਕੀਤੀ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਇਹ ਬੱਚੇ ਕਿਸੇ ਵੀ ਪਾਸੋਂ ਵਿਹੂਣੇ ਨਹੀਂ ਸਗੋਂ ਵਿਲੱਖਣ ਕਲਾ ਦੇ ਮਾਲਕ ਹਨ ਪਰੰਤੂ ਇਨ੍ਹਾਂ ਨੂੰ ਸਰਪ੍ਰਸਤੀ ਦੀ ਲੋੜ ਹੈ, ਜਿਹੜੀ ਕਿ ਸਕੂਲ ਆਨ ਵੀਲ ਰਾਹੀਂ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੁਬਾਰੇ ਵੇਚਦੇ ਜਾਂ ਭੀਖ ਮੰਗਦੇ ਬੱਚਿਆਂ ਨੂੰ ‘ਭਿੱਖਿਆ ਦੇ ਰਾਹ ਤੋਂ ਸਿੱਖਿਆ’ ਦੇ ਰਾਹ ‘ਤੇ ਲਿਜਾਣ ਦੇ ਪ੍ਰਾਜੈਕਟ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਯਤਨਸ਼ੀਲ ਹੈ।
ਸਮਾਗਮ ਦੌਰਾਨ ਬੱਚਿਆਂ ਵੱਲੋਂ ਬਣਾਈਆਂ ਡੇਅਰੀਆਂ, ਫ਼ੋਟੋਆਂ, ਕਹਾਣੀਆਂ ਆਦਿ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਦੀ ਹਾਜ਼ਰੀਨ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸਾਇਨਾ ਕਪੂਰ ਸਮੇਤ ਹਰ ਹਾਥ ਕਲਮ, ਜਨ ਹਿਤ ਸਮਿਤੀ, ਪਲੇ ਵੇਅ ਸਕੂਲ ਅਤੇ ਬੱਚਿਆਂ ਦੇ ਮਾਪੇ ਵੀ ਮੌਜੂਦ ਸਨ।