Skip to content
ਨਹਿਰੂ ਯੁਵਾ ਕੇਂਦਰ ਨੇ ਜੀ 20 ਬਾਰੇ ਦਿੱਤੀ ਜਾਣਕਾਰੀ
ਰਘਵੀਰ ਹੈਪੀ , ਬਰਨਾਲਾ, 9 ਮਾਰਚ 2023
ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਕਾਲਜ ਢਿੱਲਵਾਂ ਵਿਖੇ ਜ਼ਿਲ੍ਹਾ ਪੱਧਰੀ ਯੂਥ ਪਾਰਲੀਮੈਂਟ ਕਰਵਾਈ ਗਈ।
ਜ਼ਿਲ੍ਹਾ ਯੂਥ ਅਫਸਰ ਮੈਡਮ ਓਮਕਾਰ ਸਵਾਮੀ ਨੇ ਦੱਸਿਆ ਕਿ ਇਸ ਸਾਲ ਯੂਥ ਪਾਰਲੀਮੈਂਟ ਭਾਰਤ ਦੀ ਜੀ 20 ਦੀ ਮੇਜ਼ਬਾਨੀ ਨੂੰ ਮੱੁਖ ਰੱਖਦੇ ਹੋਏ ਕੀਤੀ ਗਈ ਹੈ। ਉਨ੍ਹਾਂ ਜੀ20 ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਇਸ ਦਾ ਥੀਮ ਇਕ ਧਰਤੀ ਇਕ ਪਰਿਵਾਰ ਇਕ ਭਵਿੱਖ ਹੈ। ਇਹ ਅੰਤਰਰਾਸ਼ਟਰੀ ਆਰਥਿਕ ਸਹਿਯੋਗ ਲਈ ਪ੍ਰਮੁੱਖ ਫੋਰਮ ਹੈ। ਇਹ ਸਾਰੇ ਪ੍ਰਮੁੱਖ ਅੰਤਰਰਾਸ਼ਟਰੀ ਆਰਥਿਕ ਮੁੱਦਿਆਂ ’ਤੇ ਗਲੋਬਲ ਆਰਕੀਟੈਕਚਰ ਅਤੇ ਸ਼ਾਸਨ ਨੂੰ ਆਕਾਰ ਦੇਣ ਅਤੇ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਭਾਰਤ ਨੂੰ ਇਸ ਦੀ ਪ੍ਰਧਾਨਗੀ 1 ਦਸੰਬਰ 2022 ਤੋਂ 30 ਨਵੰਬਰ 2023 ਤਕ ਮਿਲੀ ਹੈ। ਪ੍ਰਿੰਸੀਪਲ ਡਾ. ਲਖਵਿੰਦਰ ਸਿੰਘ ਰੱਖੜਾ ਨੇ ਕਿਹਾ ਕਿ ਉਦਯੋਗਿਕ ਕ੍ਰਾਂਤੀ ਸਾਡੇ ਇੱਕ ਦੂਜੇ ਨਾਲ ਸੰਚਾਰ ਕਰਨ, ਕਾਰੋਬਾਰ ਚਲਾਉਣ ਅਤੇ ਸਾਡੇ ਸਮਾਜ ਅਤੇ ਸਾਡੇ ਜੀਵਨ ਦੇ ਲਗਭਗ ਹਰ ਪਹਿਲੂ ਦੀ ਕਲਪਨਾ ਕਰਨ ਦੇ ਤਰੀਕੇ ਨੂੰ ਬਦਲ ਰਹੀ ਹੈ।
ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਚੌਥੀ ਉਦਯੋਗਿਕ ਕ੍ਰਾਂਤੀ ਅਤੇ ਡਿਜੀਟਲ ਪਰਿਵਰਤਨ ਦੇ ਨਾਲ, ਇੰਟਰਨੈਟ ਆਫ ਥਿੰਗਜ਼, ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ, ਮਸ਼ੀਨ ਲਰਨਿੰਗ, ਰੋਬੋਟਿਕਸ ਅਤੇ ਹੋਰ ਬਹੁਤ ਉੱਨਤ ਤਕਨਾਲੋਜੀਆਂ ਦੇ ਵਿਕਾਸ ਨੇ ਸਾਡੇ ਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਪ੍ਰੋ. ਗੁਰਪ੍ਰੀਤ ਕੌਰ ਨੇ ਕਿਹਾ ਕਿ 21ਵੀਂ ਸਦੀ ਦੀਆਂ ਪੀੜ੍ਹੀਆਂ ਚੁਸਤ, ਸੁਤੰਤਰ, ਵੱਖ-ਵੱਖ ਸਥਿਤੀਆਂ ਵਿੱਚ ਵੱਖ-ਵੱਖ ਹੁਨਰ ਸਿੱਖਣ ਲਈ ਤਿਆਰ ਹਨ। ਇਸ ਤੋਂ ਇਲਾਵਾ ਉਹ ਆਸਾਨੀ ਨਾਲ ਤਕਨਾਲੋਜੀਆਂ ਦਾ ਪ੍ਰਬੰਧਨ ਕਰਦੇ ਹਨ। ਸਾਰੇ ਹੀ ਨੌਜਵਾਨਾਂ ਨੇ ਇਸ ਪਾਰਲੀਮੈਂਟ ਵਿਚ ਵੱਧ ਚੜ ਕੇ ਹਿਸਾ ਲਿਆ। ਇਸ ਮੌਕੇ ਰਿਸ਼ਿਵ ਸਿੰਗਲਾ, ਪ੍ਰੋ. ਜਗਦੀਪ ਕੌਰ, ਨਵਰਾਜ ਸਿੰਘ, ਜਸਪ੍ਰੀਤ ਸਿੰਘ, ਅੰਮ੍ਰਿਤ ਸਿੰਘ, ਬਲਜਿੰਦਰ ਕੌਰ ਆਦਿ ਹਾਜ਼ਿਰ ਸਨ।