ਰਾਸ਼ਨ ਦੀ ਕਾਣੀ ਵੰਡ- 500 ਘਰਾਂ ਚ, ਆਟੇ ਦੀਆਂ 4 ਥੈਲੀਆਂ ਵੰਡ ਕੇ ਔਹ ਔਹ ਗਏ,,,,

Spread the love

*ਰਾਸ਼ਨ ਦੀ ਕਾਣੀ ਵੰਡ ਤੋਂ,ਲੋਕਾਂ ਚ,ਪ੍ਰਸ਼ਾਸਨ ਵਿਰੁੱਧ ਫੈਲਿਆ ਰੋਹ
*ਬਰਨਾਲਾ ਟੂਡੇ ਦੀ ਖਬਰ ਦਾ ਅਸਰ-ਰਾਸ਼ਨ ਦੇਣ ਪਹੁੰਚਿਆ ਪ੍ਰਸ਼ਾਸਨ
*ਰਾਸ਼ਨ ਵੰਡਣ ਦੇ ਨਾਮ ਤੇ ਸਰਕਾਰੀ ਅਮਲੇ ਨੇ ਕੀਤੀ ਖਾਨਾਪੂਰਤੀ

ਹਰਿੰਦਰ ਨਿੱਕਾ, ਬਰਨਾਲਾ
ਬੇਸ਼ੱਕ ਜਿਲ੍ਹੇ ਦਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਆਪੋ ਆਪਣੇ ਪੱਧਰ ਤੇ ਜਰੂਰਤਮੰਦ ਲੋਕਾਂ ਨੂੰ ਰਾਸ਼ਨ ਵੰਡਣ ਤੇ ਲੱਗੀਆ ਹੋਈਆਂ ਹਨ। ਪਰੰਤੂ ਇਨ੍ਹਾਂ ਸਾਰੇ ਸੁਹਿਰਦ ਯਤਨਾਂ ਦਾ ਫਾਇਦਾ ਲੋੜਵੰਦ ਲੋਕਾਂ ਤੱਕ ਕਿੰਨ੍ਹਾਂ ਕੁ ਪਹੁੰਚਦਾ ਹੈ। ਇਹਨਾਂ ਪ੍ਰਸ਼ਾਸ਼ਨਿਕ ਦਾਅਵਿਆਂ ਦੀ ਹਕੀਕਤ ਨੂੰ ਘੋਖਣ ਮਗਰੋਂ ਨਸ਼ਰ ਕੀਤੀ ਗਰਾਉਂਡ ਜੀਰੋ ਰਿਪੋਰਟ ਤੋਂ ਬਾਅਦ ਪ੍ਰਸ਼ਾਸ਼ਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਹਫੜਾ-ਦਫੜੀ ਵਿੱਚ ਹੀ ਐਤਵਾਰ ਨੂੰ ਪ੍ਰਸ਼ਾਸਨ ਦਾ ਅਮਲਾ ਰਾਮਗੜੀਆ ਰੋਡ ਤੇ ਸਥਿਤ ਬਰਨਾਲਾ ਦੇ ਵਾਰਡ ਨੰ 12, ਟੋਭਾ ਬਸਤੀ ,ਵੱਲ ਰਾਸ਼ਨ ਵੰਡਣ ਲਈ ਪਹੁੰਚ ਗਿਆ।

ਪ੍ਰਸ਼ਾਸ਼ਨ ਦੀ ਇਹ ਕਾਰਵਾਈ ਉਥੋਂ ਦੇ ਲੋਕਾਂ ਅਨੁਸਾਰ ਖਾਨਾਪੂਰਤੀ ਤੱਕ ਹੀ ਸਿਮਟ ਕੇ ਰਹਿ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਅਮਲਾ, ਚੁਨਿੰਦਾ 4/ 5 ਘਰਾਂ ਵਿੱਚ ਰਾਸ਼ਨ ਦੇ ਪੈਕਟ ਦੇ ਕੇ ਫੁਰਰ ਹੋ ਗਿਆ। ਪ੍ਰਸ਼ਾਸ਼ਨ ਦੀ ਇਸ ਕਾਣੀ ਵੰਡ ਤੋਂ ਬਾਅਦ ਲੋਕਾਂ ਚ, ਹੋਰ ਵੀ ਰੋਹ ਫੈਲ ਗਿਆ। ਬਸਤੀ ਦੇ ਢਿੱਡੋਂ ਭੁੱਖੇ ਲੋਕਾਂ ਨੇ ਪ੍ਰਸ਼ਾਸਨ ਤੇ ਸਰਕਾਰ ਦੇ ਵਿਰੁੱਧ ਇੱਕ ਵਾਰ ਫਿਰ ਭੜਾਸ ਕੱਢੀ । ਆਟੋ ਰਿਕਸ਼ਾ ਚਾਲਕ ਸੱਤਪਾਲ ਸਿੰਘ ਤੇ ਹੋਰ ਔਰਤਾਂ ਨੇ ਦੱਸਿਆ ਕਿ ਪ੍ਰਸ਼ਾਸ਼ਨ ਦਾ ਅਮਲਾ, ਕੁਝ ਕੁ ਘਰਾਂ ਵਿੱਚ 1/1 ਆਟੇ ਦੀ ਥੈਲੀ ਤੇ ਅੱਧਾ-ਅੱਧਾ ਕਿਲੋ ਮੂੰਗੀ ਛੋਲਿਆਂ ਦੀ ਦਾਲ ਦੇ ਪੈਕਟ ਦੇ ਕੇ ਚਲਾ ਗਿਆ। ਬਸਤੀ ਦੇ ਬਹੁਤੇ ਲੋਕ ਰਾਸ਼ਨ ਲੈਣ ਲਈ ਆਪਣੇ ਘਰਾਂ ਦੀਆਂ ਬਰੂਹਾਂ ਤੇ ਖੜ੍ਹੇ ਝੋਲੀ ਖੈਰ ਪੈਣ ਲਈ ਉਡੀਕਦੇ ਰਹੇ।

ਭੁੱਖ ਦਾ ਦੁੱਖ ਬਿਆਨ ਕਰਦੀ ਔਰਤ ਨੇ ਕਿਹਾ ਕਿ ਬਸਤੀ ਦੇ ਪੰਜ ਸੌ ਘਰਾਂ ਚ, ਚਾਰ ਥੈਲੀਆਂ ਵੰਡ ਕੇ ਬੱਸ ਔਹ ਗਏ ਔਹ ਗਏ ਹੋ ਗਈ । ਕੁਝ ਬਜੁਰਗ ਔਰਤਾਂ ਨੇ ਲੰਗਰ ਵੰਡਣ ਆਏ ਵਿਅਕਤੀਆਂ ਦੀ ਗੱਲ ਕਰਦਿਆਂ ਕਿਹਾ ਕਿ ਸਾਡੇ ਜੁਆਕ ਰੋਟੀਆਂ ਵੰਡਣ ਆਏ ਵਿਅਕਤੀਆਂ ਵੱਲ ਰੋਟੀ ਲੈਣ ਲਈ ਭੱਜਦੇ ਨੇ,ਉਦੋਂ ਨੂੰ ਰੋਟੀਆਂ ਵੰਡਣ ਵਾਲੇ ਮੂਵੀਆਂ ਤੇ ਫੋਟੋ ਬਣਾ ਕੇ ਤੁਰ ਜਾਂਦੇ ਨੇ । ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਲੌਕਡਾਉਨ ਕਾਰਣ ਮਜਦੂਰ ਵਰਗ ਵਿੱਚ ਪੈਦਾ ਹੋ ਰਹੀ ਭੁੱਖਮਰੀ ਦਾ ਪੱਕਾ ਹੱਲ ਕੱਢਿਆ ਜਾਵੇ, ਹਰ ਘਰ ਨੂੰ ਲੋੜ ਅਨੁਸਾਰ ਰਾਸ਼ਨ ਦਿੱਤਾ ਜਾਵੇ। ਜੇ ਸਰਕਾਰ ਇਹ ਨਹੀਂ ਕਰ ਸਕਦੀ ਤਾਂ ਫਿਰ ਸਾਨੂੰ ਕਰਫਿਊ ਖੋਹਲ ਕੇ ਕੰਮ ਕਰਨ ਦੀ ਖੁੱਲ ਦਿੱਤੀ ਜਾਵੇ, ਅਸੀਂ ਆਪਣਾ ਕਮਾਈਏ ਤੇ ਖਾਈਏ, ਅੱਗੇ ਕਿਹੜਾ ਸਰਕਾਰ ਖਾਣ ਨੂੰ ਦਿੰਦੀ ਸੀ।


Spread the love
Scroll to Top