ਰਿਸ਼ਤਿਆਂ ਦੇ ਟੁੱਟੇ ਕੰਕਰ ਚੁਗਣ ਵਾਲਿਆਂ ਲਈ

Spread the love

ਬੇਅੰਤ ਸਿੰਘ ਬਾਜਵਾ , ਲੁਧਿਆਣਾ 10 ਮਾਰਚ 2023 
     ਅਕਸਰ ਸੁਣਦੇ ਹਾਂ ਕਿ ਜਿੱਥੇ ਚਾਰ ਭਾਂਡੇ ਹੋਣਗੇ, ਖੜਕਣਗੇ ਤਾਂ ਜ਼ਰੂਰ। ਇਹ ਗੱਲ ਸੁਣ ਕੇ ਮੇਰੇ ਬਾਪੂ ਜੀ ਅਕਸਰ ਆਖਦੇ ਸਨ ਕਿ ਭਾਂਡੇ ਖੜਕਣ ਜ਼ਰੂਰ ਪਰ ਟੁੱਟਣੇ ਨਹੀਂ ਚਾਹੀਦੇ। ਹੁਣ ਹਰ ਚੌਥੇ ਪੰਜਵੇਂ ਦਿਨ ਕਿਤੋਂ ਨਾ ਕਿਤੋਂ ਜਦ ਭਾਂਡੇ ਟੁੱਟ ਜਾਣ ਦੀ ਖ਼ਬਰ ਮਿਲਦੀ ਹੈ ਤਾਂ ਨਾਲ ਹੀ ਮਿਹਣਿਆਂ ਦੀ ਹਨ੍ਹੇਰੀ ਉੱਠਦੀ ਹੈ। ਕੁਝ ਕਹਿਣਗੇ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀਪਰ ਬਹੁਤ ਵਾਰ ਤਾੜੀ ਦੀ ਥਾਂ ਚਪੇੜ ਹੀ ਜ਼ੁੰਮੇਵਾਰ ਹੁੰਦੀ ਹੈ ਰਿਸ਼ਤੇ ਤੋੜਨ ਲਈ।
ਕੱਲ੍ਹ ਆਪਣੀ ਕਿਤਾਬ ਚਰਖ਼ੜੀ ਪੜ੍ਹ ਰਿਹਾ ਸਾਂ ਕਿ ਇਹ ਕਵਿਤਾ ਅੱਗੇ ਆ ਕੇ ਖਲੋ ਗਈ। ਮੇਰੇ ਤੁਹਾਡੇ ਬਰੁਤ ਸਾਰੇ ਸਵਾਲਾਂ ਦੇ ਜੁਆਬ ਲੈ ਕੇ।
ਸੋਚਿਆ ਤੁਸੀਂ ਵੀ ਪੜ੍ਹੋ। ਸ਼ਾਇਦ ਕਿਸੇ ਦੀ ਜੀਵਨ ਧਾਰਾ ਵਿੱਚ ਸਹਿਜ ਤੇ ਸੁਹਜ ਲਿਆਉਣ ਲਈ ਇਹ ਆਪਣਾ ਫ਼ਰਜ਼ ਨਿਭਾ ਸਕੇ।
ਧੰਨਵਾਦ!
ਕਵਿਤਾ ਪੇਸ਼ ਹੈ

ਲੰਮੀ ਉਮਰ ਇਕੱਠਿਆਂ

 ਗੁਰਭਜਨ ਗਿੱਲ

ਤੂੰ ਪੁੱਛਿਆ ਹੈ ਮੇਰੇ ਪੁੱਤਰਾ !
ਮਾਂ ਨੀ ਮਾਂ,
ਸਾਰੀ ਉਮਰ ਇਕੱਠਿਆਂ ਰਹਿਣਾ ।
ਕਿੱਦਾਂ ਘੜਿਆ ਰੂਹ ਦਾ ਗਹਿਣਾ ।

ਗੱਲ ਤਾਂ ਬੜੀ ਆਸਾਨ ਜਹੀ ਹੈ ।
ਪਰ ਤੈਨੂੰ ਇਹ ਸਮਝ ਨਹੀਂ ਆਉਣੀ ।
ਮੈਂ ਤੇ ਤੇਰਾ ਬਾਬਲ ਦੋਵੇਂ,
ਓਸ ਵਕਤ ਦੇ ਜੰਮੇ ਜਾਏ ।
ਰਾਹ ਵਿੱਚ ਜਿਹੜੇ ਕੰਡੇ ਆਏ ।
ਰਲ ਕੇ ਦੋਹਾਂ ਅਸਾਂ ਹਟਾਏ ।

ਮੇਰਾ ਕਮਰਾ ਤੇਰਾ ਕਮਰਾ,
ਓਦੋਂ ਹਾਲੇ ਰੋਗ ਨਹੀਂ ਸੀ ।
ਤੇਰੀ ਨਾਨੀ ਤੇਰੀ ਦਾਦੀ,
ਦੋਵੇਂ ਸੀ ਇਸ ਘਰ ਦੀਆਂ ਮਾਵਾਂ ।
ਸਿਖ਼ਰ ਦੁਪਹਿਰੇ ਸਿਰ ਤੇ ਛਾਵਾਂ ।
ਜੋ ਵੀ ਟੁੱਟਦਾ ਗੰਢ ਲੈਂਦੇ ਸਾਂ ।
ਪਿਆਰ ਮੁਹੱਬਤ ਵੰਡ ਲੈਂਦੇ ਸਾਂ ।
ਰੁੱਸਦਾ ਇੱਕ ਮਨਾਉਂਦਾ ਦੂਜਾ ।
ਘਰ ਮੰਦਰ ਇੰਜ ਕਰਦੇ ਪੂਜਾ ।
ਟੁੱਟਿਆ ਜੋੜਨ ਵਿੱਚ ਹੀ,
ਉਮਰ ਗੁਜ਼ਾਰੀ ਸਾਰੀ ।
ਹੁਣ ਵੀ ਸਫ਼ਰ,
ਕਦੇ ਨਹੀਂ ਲੱਗਿਆ,
ਰੂਹ ਨੂੰ ਭਾਰੀ ।

ਕੱਪੜੇ ਨੂੰ ਜੇ ਖੁੰਘੀ ਲੱਗਦੀ,
ਮੈਂ ਸਿਉਂ ਲੈਂਦੀ ।
ਘਰ ਵਿੱਚ ਭਾਂਡੇ ਖੜਕਦਿਆਂ ਨੂੰ,
ਦੂਸਰਿਆਂ ਨੇ ਸੁਣਿਆ ਨਹੀਂ ਸੀ ।

ਮੇਰੀ ਮੰਮੀ ਤੇਰੀ ਮੰਮੀ,
ਮੇਰਾ ਡੈਡੀ ਤੇਰਾ ਡੈਡੀ,
ਇਹ ਤਾਂ ਵਾਇਰਸ ਨਵਾਂ ਨਵਾਂ ਹੈ ।
ਉਸ ਵੇਲੇ ਤਾਂ ਇੱਕ ਸੀ ਧਰਤੀ,
ਇੱਕੋ ਇੱਕ ਸੀ ਸਿਰ ਤੇ ਅੰਬਰ ।

ਹੁਣ ਤਾਂ ਭਾਂਡੇ ਬਿਨਾ ਖੜਕਿਆਂ ਟੁੱਟ ਜਾਂਦੇ ਨੇ ।
ਇੱਕ ਦੂਜੇ ਸੰਗ ਖਹਿਣਾ,
ਰੂਹੋਂ ਵੱਖ ਵੱਖ ਰਹਿਣਾ ।
ਟੁੱਟ ਜਾਣਾ ਤੇ ਮਗਰੋਂ,
ਟੁਕੜੇ ਚੁਗਦੇ ਰਹਿਣਾ ।
ਏਸ ਰੋਗ ਦਾ ਨਾਮ ਨਾ ਕੋਈ ।

ਆਪਣੇ ਮਨ ਵਿੱਚ ਜੇ ਰਸ ਹੋਵੇ
ਰਿਸ਼ਤਿਆਂ ਵਿੱਚ ਖ਼ੁਸ਼ਬੋਈ ਹੋਵੇ ।
ਇੱਕ ਸੁਪਨੇ ਵਿੱਚ ਰੰਗ ਜੇ ਭਰੀਏ ।
ਇਹ ਜੀਵਨ ਮਹਿਕਾਂ ਦਾ ਮੇਲਾ ।
ਭਵਸਾਗਰ ਮੋਹਸਾਗਰ ਬਣ ਜੇ,
ਤਾਂ ਲੱਗਦਾ ਹੈ ਤਰਣ ਦੁਹੇਲਾ ।


Spread the love
Scroll to Top