ਲੋੜਵੰਦ ਔਰਤਾਂ ਲਈ ਵਰਦਾਨ ਸਾਬਿਤ ਹੋ ਰਿਹੈ ਸਖੀ ਵਨ ਸਟਾਪ ਸੈਂਟਰ: ਡਿਪਟੀ ਕਮਿਸ਼ਨਰ

Spread the love

ਕਿਹਾ, ਸੈਂਟਰ ਵਲੋਂ ਹੁਣ ਤੱਕ 394 ਲੋੜਵੰਦ ਔਰਤਾਂ ਤੇ ਲੜਕੀਆਂ ਨੂੰ  ਮੁਹੱਈਆ ਕਰਾਈ ਜਾ ਚੁੱਕੀ ਹੈ ਸਹਾਇਤਾ


ਰਘਵੀਰ ਹੈਪੀ , ਬਰਨਾਲਾ, 31 ਅਗਸਤ 2022 
     ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਨੇ ਦੱਸਿਆ ਕਿ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਲੋਂ ਔਰਤਾਂ ਤੇ ਲੜਕੀਆਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਵਿਚ ਸਖੀ ਵਨ ਸਟਾਪ ਸੈਂਟਰ ਇਕ ਬਿਹਤਰੀਨ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਦਾ ਸਖੀ ਵਨ ਸਟਾਪ ਸੈਂਟਰ ਮਹਿਲਾਵਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ ਅਤੇ ਹੁਣ ਤੱਕ ਇਸ ਸੈਂਟਰ ਵਿਚ 394 ਲੋੜਵੰਦ ਔਰਤਾਂ ਅਤੇ ਲੜਕੀਆਂ ਨੂੰ ਮੁਫ਼ਤ ਕਾਨੂੰਨੀ, ਮੈਡੀਕਲ, ਪੁਲਿਸ ਤੇ ਮਨੋਵਿਗਿਆਨਕ ਕਾਉਂਸਲਿੰਗ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਨ ਸਟਾਪ ਸੈਂਟਰ, ਹਿੰਸਾ, ਸ਼ੋਸ਼ਣ ਜਾਂ ਕਿਸੇ ਵੀ ਹੋਰ ਸਮੱਸਿਆ ਨਾਲ ਪ੍ਰਭਾਵਿਤ ਮਹਿਲਾਵਾਂ ਨੂੰ ਇਕੱਠੀਆਂ ਸੇਵਾਵਾਂ ਇਕ ਛੱਤ ਹੇਠ ਮੁਹੱਈਆ ਕਰਦਾ ਹੈ। ਇਨ੍ਹਾਂ ਸੇਵਾਵਾਂ ਵਿਚ ਡਾਕਟਰੀ ਸਹਾਇਤਾ, ਪੁਲਿਸ ਸਹਾਇਤਾ, ਕਾਨੂੰਨੀ ਸਹਾਇਤਾ, ਕਾਉਂਸਲਿੰਗ ਤੇ ਅਸਥਾਈ ਸ਼ੈਲਟਰ ਆਦਿ ਦੀ ਸਹਾਇਤਾ ਜਿਹੀਆਂ ਸੇਵਾਵਾਂ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ 15 ਅਗਸਤ 2019 ਤੋਂ ਸ਼ੁਰੂ ਹੋਏ ਇਸ ਸੈਂਟਰ ਵਿੱਚ 289 ਔਰਤਾਂ ਨੂੰ ਮੈਡੀਕਲ ਸਹਾਇਤਾ ਅਤੇ ਕਾਉਂਸਲਿੰਗ, 67 ਨੂੰ ਕਾਨੂੰਨੀ ਸਹਾਇਤਾ, 47 ਨੂੰ ਅਸਥਾਈ ਸ਼ੈਲਟਰ ਦੀ ਸਹੂਲਤ ਤੇ 33 ਨੂੰ ਪੁਲੀਸ ਸਹਾਇਤਾ ਮੁਹੱਈਆ ਕਰਾਈ ਗਈ ਹੈ। ਉਨ੍ਹਾਂ ਦੱਸਿਆ ਕਿ ਅਪ੍ਰੈਲ 2022 ਤੋਂ ਹੁਣ ਤਕ 71 ਕੇਸਾਂ ਵਿਚ ਵੱਖ ਵੱਖ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਾਈ ਗਈ ਹੈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਮਹਿਲਾ ਵਰਗ ਦੀ ਹਰ ਤਰ੍ਹਾਂ ਨਾਲ ਸੁਰੱਖਿਆ ਕਰਨਾ ਹੈ। ਉਨ੍ਹਾਂ ਦੱਸਆ ਕਿ ਸੈਂਟਰ ਵਿਚ ਸਹਾਇਤਾ ਪ੍ਰਾਪਤ ਕਰਨ ਵਾਲੀਆਂ ਔਰਤਾਂ ਅਤੇ ਲੜਕੀਆਂ ਦੀ ਕਾਉਂਸਲਿੰਗ ਕਰਕੇ ਉਨ੍ਹਾਂ ਦੇ ਵਸੇਬੇ ਲਈ  ਉਪਰਾਲੇ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ   ਸਿਵਲ ਹਸਪਤਾਲ ਬਰਨਾਲਾ ਦੇ ਕੰਪਲੈਕਸ ਵਿਖੇ ਚੱਲ ਰਿਹਾ ਹੈ।
     ਉਨ੍ਹਾਂ ਦੱਸਿਆ ਕਿ ਕੋਈ ਵੀ ਲੋੜਵੰਦ ਔਰਤ ਜਾਂ ਲੜਕੀ ਆਪਣੀ ਸਮੱਸਿਆ ਦੱਸਣ ਲਈ ਦਫ਼ਤਰ ਦੇ ਫੋਨ ਨੰਬਰ 01679-230181  ’ਤੇ ਸੰਪਰਕ ਕਰ ਸਕਦੀ ਹੈ। ਇਸ ਤੋਂ ਇਲਾਵਾ ਹਿੰਸਾ ਨਾਲ ਪੀੜਤ ਔਰਤਾਂ ਜਾਂ ਲੜਕੀਆਂ ਫੌਰੀ ਤੌਰ ’ਤੇ ਸਹਾਇਤਾ ਲੈਣ ਲਈ 181 ਜਾਂ 112 ’ਤੇ ਸੰਪਰਕ ਕਰ ਸਕਦੀਆਂ ਹਨ।


Spread the love
Scroll to Top