ਵਧੀਕ ਡਿਪਟੀ ਕਮਿਸ਼ਨਰ ਵੱਲੋਂ ਆਰਮੀ ਭਰਤੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ

Spread the love

ਰਿਚਾ ਨਾਗਪਾਲ, ਪਟਿਆਲਾ, 17 ਅਗਸਤ 2023


   ਪਟਿਆਲਾ ਵਿਖੇ ਭਾਰਤੀ ਫ਼ੌਜ ਵੱਲੋਂ ਪੰਜਾਬ ਦੇ 6 ਜ਼ਿਲ੍ਹਿਆਂ, ਸੰਗਰੂਰ, ਮਾਨਸਾ, ਬਰਨਾਲਾ, ਪਟਿਆਲਾ, ਮਾਲੇਰਕੋਟਲਾ ਅਤੇ ਫ਼ਤਿਹਗੜ੍ਹ ਸਾਹਿਬ ਦੇ ਨੌਜਵਾਨਾਂ ਲਈ 21 ਅਗਸਤ ਤੋਂ ਸ਼ੁਰੂ ਕੀਤੀ ਜਾ ਰਹੀ ਭਰਤੀ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਫ਼ੌਜ ਦੇ ਸਹਿਯੋਗ ਨਾਲ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਜਗਜੀਤ ਸਿੰਘ ਨੇ ਫ਼ੌਜੀ ਭਰਤੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਫ਼ੌਜ, ਸਿਵਲ ਤੇ ਜ਼ਿਲ੍ਹਾ ਪੁਲਿਸ ਦੇ ਅਧਿਕਾਰੀਆਂ ਨਾਲ ਕੀਤੀ ਉੱਚ ਪੱਧਰੀ ਮੀਟਿੰਗ ਦੌਰਾਨ ਕੀਤਾ।                                                           
    ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੰਗਰੂਰ ਰੋਡ ‘ਤੇ ਸਥਿਤ ਆਰਮੀ ਏਰੀਆ ਵਿਖੇ ਪਟਿਆਲਾ ਏਵੀਏਸ਼ਨ ਕਲੱਬ ਦੇ ਸਾਹਮਣੇ ਭਰਤੀ ਗਰਾਊਂਡ ਵਿਖੇ 21 ਅਗਸਤ ਨੂੰ ਸਵੇਰੇ 2 ਵਜੇ ਭਰਤੀ ਲਈ ਪਹਿਲਾਂ ਹੀ ਰਜਿਸਟਰਡ ਅਤੇ ਲਿਖਤ ਇਮਤਿਹਾਨ ਪਾਸ ਹੋਏ ਨੌਜਵਾਨ ਸਰੀਰਕ ਟੈਸਟਾਂ ਲਈ ਦਾਖਲ ਹੋਣੇ ਸ਼ੁਰੂ ਹੋ ਜਾਣਗੇ।                                                                 
    ਵਧੀਕ ਡਿਪਟੀ ਕਮਿਸ਼ਨਰ ਨੇ ਭਰਤੀ ਰੈਲੀ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਸੰਗਰੂਰ ਰੋਡ ‘ਤੇ ਟ੍ਰੈਫਿਕ, ਮੈਡੀਕਲ ਐਮਰਜੈਂਸੀ ਸਹੂਲਤ, ਮੋਬਾਇਲ ਟੁਆਲਿਟਸ, ਪੀਣ ਵਾਲੇ ਪਾਣੀ ਦੇ ਟੈਂਕਰ, ਮੀਂਹ ਤੋਂ ਬਚਣ ਲਈ ਆਰਜੀ ਤਰਪਾਲ ਸ਼ੈਲਟਰ, ਲਾਇਟਾਂ, ਟ੍ਰੈਫਿਕ ਪ੍ਰਬੰਧਨ ਲਈ ਬੈਰੀਗਕੇਡਿੰਗ, ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ, ਨਗਰ ਨਿਗਮ ਵੱਲੋਂ ਘਾਹ ਦੀ ਕਟਾਈ ਤੇ ਸਾਫ਼-ਸਫ਼ਾਈ ਆਦਿ ਦੇ ਸਾਰੇ ਪ੍ਰਬੰਧ ਮੁਕੰਮਲ ਹਨ। ਇਸ ਤੋਂ ਬਿਨ੍ਹਾਂ ਡਿਊਟੀ ਮੈਜਿਸਟ੍ਰੇਟਾਂ ਦੀ ਤਾਇਨਾਤੀ ਤੇ ਪੀ.ਆਰ.ਟੀ.ਸੀ. ਵੱਲੋਂ ਨੌਜਵਾਨਾਂ ਦੀ ਪਟਿਆਲਾ ਸ਼ਹਿਰ ਤੋਂ ਆਵਾਜਾਈ ਲਈ ਬੱਸਾਂ ਦਾ ਪ੍ਰਬੰਧ ਕੀਤੇ ਗਏ ਹਨ।
     ਮੀਟਿੰਗ ਦੌਰਾਨ ਭਰਤੀ ਡਾਇਰੈਕਟਰ ਕਰਨਲ ਅਸੀਸ਼ ਲਾਲ ਨੇ ਦੱਸਿਆ ਕਿ 21 ਅਗਸਤ ਤੋਂ 27 ਅਗਸਤ ਤੱਕ ਚੱਲਣ ਵਾਲੀ ਭਰਤੀ ਰੈਲੀ ਵਿੱਚ ਛੇ ਜ਼ਿਲ੍ਹਿਆ ਦੇ 5 ਹਜ਼ਾਰ ਨੌਜਵਾਨ ਉਮੀਦਵਾਰ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਸਹਿਯੋਗ ਲਈ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਰਤੀ ਨੂੰ ਫ਼ੌਜ ਵੱਲੋਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਫ਼ਲ ਬਣਾਇਆ ਜਾਵੇਗਾ।                                                         
    ਭਰਤੀ ਡਾਇਰੈਕਟਰ ਨੇ ਹੋਰ ਦੱਸਿਆ ਕਿ ਆਰਮੀ ‘ਚ ਭਰਤੀ ਬਿਲਕੁਲ ਮੁਫ਼ਤ ਅਤੇ ਕੇਵਲ ਮੈਰਿਟ ‘ਤੇ ਕੀਤੀ ਹੀ ਜਾਂਦੀ ਹੈ, ਇਸ ਲਈ ਉਮੀਦਵਾਰ ਇਸ ਭਰਤੀ ਲਈ ਕਿਸੇ ਨੂੰ ਕਿਸੇ ਕਿਸਮ ਦੀ ਰਿਸ਼ਵਤ ਆਦਿ ਨਾ ਦੇਣ ਅਤੇ ਕਿਸੇ ਵੀ ਤਰ੍ਹਾਂ ਦੇ ਟਾਊਟਾਂ ਤੋਂ ਸਾਵਧਾਨ ਰਹਿਣ।
  ਮੀਟਿੰਗ ‘ਚ ਮੇਜਰ ਵੀ. ਸਤਿਆਨਰਾਇਣ, ਸਿਵਲ ਸਰਜਨ ਡਾ. ਰਮਿੰਦਰ ਕੌਰ, ਡਾ. ਕੁਸ਼ਲਦੀਪ ਗਿੱਲ, ਡੀ.ਐਸ.ਓ. ਹਰਪਿੰਦਰ ਸਿੰਘ ਸਮੇਤ ਨਗਰ ਨਿਗਮ, ਲੋਕ ਨਿਰਮਾਣ, ਜਲ ਸਪਲਾਈ ਤੇ ਸੈਨੀਟੇਸ਼ਨ, ਮੰਡੀ ਬੋਰਡ, ਬਿਜਲੀ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।


Spread the love
Scroll to Top