ਵਾਹ ! ਪਰਚਾ ਉਦੋਂ ਦਰਜ਼ ਹੋਇਆ, ਜਦੋਂ ਦੋਸ਼ੀ ਜੇਲ੍ਹ ਤੋਂ ਰਿਹਾ ਵੀ ਹੋ ਗਿਆ

Spread the love

ਬਰਨਾਲਾ ਜੇਲ੍ਹ ‘ਚ ਵਾਪਰੀ ਘਟਨਾ ਦਾ ਸਾਢੇ ਚਾਰ ਮਹੀਨਿਆਂ ਬਾਅਦ ਦਰਜ ਹੋਇਆ ਪਰਚਾ

ਵਾਰਡਨ ਤੇ ਝਪਟਿਆ ਸੀ ਹਵਾਲਾਤੀ ,,,

ਹਰਿੰਦਰ ਨਿੱਕਾ , ਬਰਨਾਲਾ 14 ਅਪ੍ਰੈਲ 2023

   ਬੇਸ਼ੱਕ ਇਸ ਨੂੰ ਜਟਿਲ ਕਾਨੂੰਨੀ ਪ੍ਰਕਿਰਿਆ ਸਮਝੋ ਜਾਂ ਫਿਰ ਪੁਲਿਸ ਦੀ ਲੰਬੀ ਚੌੜੀ ਕਾਰਵਾਈ ਦੀ ਅਣੋਖੀ ਦਾਸਤਾਂ । ਜਿਲ੍ਹਾ ਜੇਲ੍ਹ ਅੰਦਰ ਕਰੀਬ ਸਾਢੇ ਚਾਰ ਮਹੀਨੇ ਪਹਿਲਾਂ ਇੱਕ ਜੇਲ੍ਹ ਵਾਰਡਨ ਨਾਲ ਹਵਾਲਾਤੀ ਵੱਲੋਂ ਕੀਤੀ ਗਈ ਹੱਥੋਪਾਈ ਦਾ ਹੈ। ਪੁਲਿਸ ਨੇ ਪਰਚਾ ਉਦੋਂ ਦਰਜ ਕੀਤਾ, ਜਦੋਂ ਕੇਸ ਵਿੱਚ ਨਾਮਜ਼ਦ ਦੋਸ਼ੀ , ਜੇਲ੍ਹ ਤੋਂ ਜਮਾਨਤ ਤੇ ਰਿਹਾ ਵੀ ਹੋ ਗਿਆ। ਪੁਲਿਸ ਦੋਸ਼ੀ ਦੀ ਗਿਰਫਤਾਰੀ ਲਈ ਯਤਨਸ਼ੀਲ ਹੈ ਤੇ ਪੁਲਿਸ ਨੇ ਹੁਣ ਜੇਲ੍ਹ ਸੁਪਰਡੈਂਟ ਦੀ ਸ਼ਕਾਇਤ ਦੇ ਅਧਾਰ ਤੇ ਦੋਸ਼ੀ ਹਵਾਲਾਤੀ ਦੇ ਖਿਲਾਫ ਕੇਸ ਦਰਜ  ਕਰਕੇ,ਅਗਲੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਜੇਲ੍ਹ ਸੁਪਰਡੈਂਟ ਦੀ ਜਿਸ ਸ਼ਕਾਇਤ ਦੇ ਅਧਾਰ ਤੇ ਤਾਜ਼ਾ ਕੇਸ ਦਰਜ਼ ਹੋਇਆ ਹੈ, ਉਹ 29 ਨਵੰਬਰ 2022 ਨੂੰ ਭੇਜੀ ਗਈ ਸੀ। ਇਸ ਸ਼ਕਾਇਤ ਵਿੱਚ ਜੇਲ੍ਹ ਸੁਪਰਡੇਂਟ ਨੇ ਦੱਸਿਆ ਸੀ ਕਿ   ਮਿਤੀ 20-11-2022 ਨੂੰ ਵਾਰਡਰ ਜਗਸੀਰ ਸਿੰਘ ਦੀ ਡਿਊਟੀ ਸਵੇਰੇ 6 ਵਜੇ ਤੋਂ ਦੁਪਿਹਰ 12 ਵਜੇ ਤੱਕ ਡੋਰਮੈਂਟਰੀ, ਲੰਗਰ ਸੈੱਲ ਅਤੇ ਜੋੜਾ ਚੱਕੀਆ ਤੇ ਸੀ , ਤਾਂ  ਉਸ ਦਿਨ ਵਖਤ ਕਰੀਬ 9:45 ਵਜੇ ਸਵੇਰੇ , ਹਵਾਲਾਤੀ ਚਰਨੀ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਨਾਨਕਸਰ ਬਸਤੀ ਬਰਨਾਲਾ ,ਜੁਗਾੜ ਲਗਾ ਕੇ ਬਣਾਈ ਪਾਣੀ ਗਰਮ ਕਰਨ ਵਾਲੀ ਰਾਡ ਨਾਲ, ਪਾਣੀ ਗਰਮ ਕਰ ਰਿਹਾ ਸੀ । ਜਿਸ ਨੂੰ ਵਾਰਡਰ ਜਗਸੀਰ ਸਿੰਘ ਨੇ ਅਜਿਹਾ ਕਰਨ ਤੋਂ ਵਰਜਿਆ ਤਾਂ ਹਵਾਲਾਤੀ ਚਰਨੀ ਨੇ ਜਗਸੀਰ ਸਿੰਘ ਨੂੰ ਗਾਲੀ-ਗਲੋਚ ਕਰਨਾ ਸੁਰੂ ਕਰ ਦਿੱਤਾ ਅਤੇ ਵਾਰਡਰ ਨਾਲ ਹੱਥੋਪਾਈ ਵੀ ਕੀਤੀ । ਇੱਥੇ ਹੀ ਬੱਸ ਨਹੀਂ, ਹਵਾਲਾਤੀ ਚਰਨੀ ਨੇ ਜੇਲ੍ਹ ਵਾਰਡਰ ਦੀ ਵਰਦੀ ਅਤੇ ਪੱਗ ਨੂੰ ਹੱਥ ਪਾ ਕੇ ਜੇਲ ਨਿਯਮਾ ਦੀ ਉਲੰਘਣਾ ਕੀਤੀ। ਹਵਾਲਾਤੀ ਨੇ ਇਸ ਤਰਾਂ ਕਰਕੇ, ਸਰਕਾਰੀ ਮੁਲਾਜਮ ਦੀ ਡਿਊਟੀ ਵਿੱਚ ਅੜਿੱਕਾ ਪਾਇਆ। ਇਸ ਸ਼ਕਾਇਤ ਪੱਤਰ ਦੇ ਅਧਾਰ ਤੇ ਪੁਲਿਸ ਨੇ ਦੋਸ਼ੀ ਹਵਾਲਾਤੀ ਚਰਨੀ ਦੇ ਖਿਲਾਫ ਅਧੀਨ ਜੁਰਮ 353/ 186/ 332 ਆਈਪੀਸੀ ਤਹਿਤ ਥਾਣਾ ਸਿਟੀ 1 ਬਰਨਾਲਾ ਵਿਖੇ ਕੇਸ ਦਰਜ਼ ਕਰਕੇ, ਮਾਮਲੇ ਦੀ ਤਫਤੀਸ਼ ਏ.ਐਸ.ਆਈ. ਜਗਰੂਪ ਸਿੰਘ ਨੂੰ ਸੌਂਪੀ ਗਈ। ਤਫਤੀਸ਼ ਅਧਿਕਾਰੀ ਜਗਰੂਪ ਸਿੰਘ ਨੇ ਕੇਸ ਵਿੱਚ ਹੋਈ ਦੇਰੀ ਬਾਰੇ ਪੁੱਛਣ ਤੇ ਕਿਹਾ, ਕੁੱਝ ਕੇਸਾਂ ਵਿੱਚ ਪੁਲਿਸ ਨੂੰ ਡੀ.ਏ. ਲੀਗਲ ਤੋਂ ਕਾਨੂੰਨੀ ਰਾਇ ਵੀ ਹਾਸਿਲ ਕਰਨੀ ਪੈਂਦੀ ਹੈ। ਇਹ ਕੇਸ ਵੀ ਕਾਨੂੰਨੀ ਰਾਇ ਹਾਸਿਲ ਕਰਨ ਉਪਰੰਤ ਹੀ ਦਰਜ਼ ਹੋਇਆ ਹੈ। ਉਨਾਂ ਦੱਸਿਆ ਕਿ 12 ਅਪ੍ਰੈਲ ਨੂੰ ਜਦੋਂ ਕੇਸ ਦਰਜ਼ ਹੋਇਆ ਹੈ, ਉਦੋਂ ਪਤਾ ਲੱਗਿਆ ਹੈ ਕਿ ਨਾਮਜ਼ਦ ਦੋਸ਼ੀ ਚਰਨੀ ਜੇਲ੍ਹ ਤੋਂ ਜਮਾਨਤ ਤੇ ਰਿਹਾ ਹੋ ਚੁੱਂਕਿਆ ਹੈ। ਜਲਦ ਹੀ ਦੋਸ਼ੀ ਨੂੰ ਫਿਰ ਗਿਰਫਤਾਰ ਕਰ ਲਿਆ ਜਾਵੇਗਾ। 


Spread the love
Scroll to Top