ਵਿਜੀਲੈਂਸ ਟੀਮ ਨੇ ਲੰਬੀ ਦੌੜ ਲਾ ਕੇ ਫੜਿਆ ਵੱਢੀਖੋਰ ਥਾਣੇਦਾਰ

Spread the love

ਅਸ਼ੋਕ ਵਰਮਾ ,ਬਠਿੰਡਾ, 22 ਅਗਸਤ 2023


      ਪੰਜਾਬ ਵਿਜੀਲੈਂਸ ਬਿਊਰੋ ਨੇ ਥਾਣਾ ਤਲਵੰਡੀ ਸਾਬੋ ਵਿਖੇ ਤਾਇਨਾਤ ਏ.ਐਸ.ਆਈ.  ਜਗਰੂਪ ਸਿੰਘ ਨੂੰ ਜ਼ਿਲ੍ਹਾ ਬਠਿੰਡਾ ਦੇ ਪਿੰਡ ਨਸੀਬਪੁਰਾ ਦੇ ਵਸਨੀਕ ਲਖਵੀਰ ਸਿੰਘ ਤੋਂ 5000 ਰੁਪਏ ਰਿਸ਼ਵਤ ਲੈਂਦਿਆਂ ਪੋਲੇ ਪੈਰੀਂ ਕਾਬੂ  ਨਹੀਂ ਕੀਤਾ ਬਲਕਿ ਛਾਪਾਮਾਰ ਟੀਮ ਨੂੰ ਕਰੀਬ ਦੋ ਕਿਲੋਮੀਟਰ ਦੌੜ ਲਾਉਣੀ ਪਈ  ਹੈ।  ਮਾਮਲੇ ਦਾ ਹੈਰਾਨਕੁੰਨ ਪਹਿਲੂ ਇਹ ਵੀ ਹੈ ਕਿ ਜਗਰੂਪ ਸਿੰਘ ਦੀ ਤਨਖਾਹ ਲੱਗਭਗ 80 ਹਜਾਰ ਰੁਪਏ ਹੈ ਪਰ ਉਹ 5000 ਰੁਪਏ ਦੀ ਮਾਮੂਲੀ  ਜਿਹੀ ਰਾਸ਼ੀ ਪਿੱਛੇ ਆਪਣਾ ਅਤੇ ਪੁਲਿਸ ਵਿਭਾਗ ਦਾ ਦਮਨ ਦਾਗਦਾਰ ਕਰਵਾ ਬੈਠਾ। ਉਂਜ ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਹਾਲਾਤਾਂ ਨੂੰ ਦੇਖਦਿਆਂ ਜਗਰੂਪ ਸਿੰਘ ਨੂੰ ਕਿਸੇ ਹੱਦ ਤੱਕ ਦੀ ਕਾਰਵਾਈ ਪ੍ਰਤੀ ਖਦਸ਼ਾ  ਸੀ।                                                                 
      ਇਸੇ  ਕਰਕੇ ਜਦੋਂ ਸ਼ਿਕਾਇਤਕਰਤਾ ਲਖਵੀਰ ਸਿੰਘ ਨੇ ਉਸ ਨੂੰ ਰਿਸ਼ਵਤ ਦੇ ਪੈਸੇ ਫੜਾਏ  ਤਾਂ  ਘਾਤ ਲਗਾ ਕੇ ਬੈਠੀ ਵਿਜੀਲੈਂਸ ਦੀ ਟੀਮ ਉਸ ਨੂੰ ਨਜ਼ਰੀਂ ਪੈ ਗਈ । ਇਸੇ ਦੌਰਾਨ ਉਸ ਨੇ ਰਿਸ਼ਵਤ ਦੇ ਪੈਸੇ ਤਾਂ ਫੜ ਲਏ ਪਰ ਆਪਣਾ ਬਚਾਅ ਕਰਨ ਦੇ ਚੱਕਰਾਂ ਵਿੱਚ ਆਪਣੀ ਕਾਰ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ।  ਜਗਰੂਪ ਸਿੰਘ ਦੇ ਭੱਜਦੇ ਸਾਰ ਹੀ ਇੱਕਦਮ ਹਰਕਤ ਵਿੱਚ ਆਈ ਵਿਜੀਲੈਂਸ ਟੀਮ  ਨੇ ਆਪਣੀਆਂ ਗੱਡੀਆਂ ਉਸਦੀ ਕਾਰ ਦੇ ਪਿੱਛੇ ਲਾ ਲਈਆਂ। ਇਸੇ ਦੌਰਾਨ ਜਗਰੂਪ ਸਿੰਘ ਦੀ ਕਾਰ ਸਰਦੂਲਗੜ੍ਹ ਦੇ ਨਜ਼ਦੀਕ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਲਗਭਗ ਦੋ ਕਿਲੋਮੀਟਰ ਤੋਂ ਪਿੱਛਾ ਕਰਦੀ ਆ ਰਹੀ ਵਿਜੀਲੈਂਸ ਦੀਆਂ ਟੀਮਾਂ ਨੇ ਜਗਰੂਪ ਸਿੰਘ ਨੂੰ ਕਾਰ ਵਿੱਚੋਂ ਉਤਰ ਕੇ ਭੱਜਣ ਤੋਂ ਪਹਿਲਾਂ ਹੀ ਦਬੋਚ ਲਿਆ। ਇਸ ਮੌਕੇ ਵਿਜੀਲੈਂਸ ਟੀਮ ਨੇ ਉਸ ਕੋਲੋਂ 5 ਹਜ਼ਾਰ ਰੁਪਏ ਬਰਾਮਦ ਕਰ ਲਏ ਜੋ ਉਸ ਨੂੰ ਸ਼ਿਕਾਇਤਕਰਤਾ ਲਖਵੀਰ ਸਿੰਘ ਨੇ ਦਿੱਤੇ ਸਨ। ਪਤਾ ਲੱਗਿਆ ਹੈ ਕਿ ਵਿਜੀਲੈਂਸ ਨੇ ਹੁਣ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਲਖਵੀਰ ਸਿੰਘ, ਉਸ ਦੀ ਪਤਨੀ ਅਤੇ ਲੜਕੇ ਖਿਲਾਫ਼ ਨਸੀਬਪੁਰਾ ਦੀਆਂ ਕੁਝ ਔਰਤਾਂ ਨੇ ਖਾਣਾ ਤਲਵੰਡੀ ਸਾਬੋ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦੀ ਪੜਤਾਲ ਜਗਰੂਪ ਸਿੰਘ ਵੱਲੋਂ ਕੀਤੀ ਜਾ ਰਹੀ ਸੀ। ਇਸ ਸ਼ਿਕਾਇਤ ਦਾ ਨਿਬੇੜਾ ਕਰਨ ਲਈ ਜਗਰੂਪ ਸਿੰਘ ਨੇ ਲਖਵੀਰ ਸਿੰਘ ਕੋਲੋਂ ਦਸ ਹਜ਼ਾਰ ਰੁਪਏ ਦੀ ਮੰਗ ਕੀਤੀ ਸੀ ਜਿਸ ਵਿੱਚੋਂ ਉਸ ਨੇ ਪੰਜ ਹਜਾਰ ਰੁਪਏ ਜਗਰੂਪ ਸਿੰਘ ਨੂੰ ਦੇ ਵੀ ਦਿੱਤੇ ਸਨ।                              
     ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਲਖਵੀਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿੱਚ   ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਏ.ਐਸ.ਆਈ. ਜਗਰੂਪ ਸਿੰਘ ਨੇ  ਸ਼ਿਕਾਇਤ ਦਾ ਨਿਪਟਾਰਾ ਕਰਨ ਬਦਲੇ 10,000 ਰੁਪਏ ਰਿਸ਼ਵਤ ਮੰਗੀ ਅਤੇ ਉਹ ਪਹਿਲਾਂ ਹੀ ਉਸ ਕੋਲ਼ੋਂ 5000 ਰੁਪਏ ਲੈ ਚੁੱਕਾ ਹੈ। ਇਸ ਸੰਬੰਧ ਵਿਚ ਲਖਵੀਰ ਸਿੰਘ ਨੇ ਵਿਜੀਲੈਂਸ ਕੋਲ ਸ਼ਿਕਾਇਤ ਦਰਜ ਕਰਾਈ ਸੀ। ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਤੋਂ ਬਾਅਦ ਬਠਿੰਡਾ ਵਿਜੀਲੈਂਸ ਦੀ ਟੀਮ ਨੇ ਸੋਮਵਾਰ ਨੂੰ ਥਾਣਾ ਤਲਵੰਡੀ ਦੇ ਲਾਗੇ ਆਪਣਾ ਜਾਲ ਵਿਛਾ ਲਿਆ। ਇਸੇ ਦੌਰਾਨ ਜਗਰੂਪ ਸਿੰਘ ਬਾਕੀ ਦੇ 5000 ਰੁਪਏ ਲੈਣ ਲਈ ਆਪਣੀ ਕਾਰ ਵਿੱਚ ਸਵਾਰ ਹੋ ਕੇ ਥਾਣੇ ਤੋਂ ਬਾਹਰ ਆਇਆ ਅਤੇ ਨਜ਼ਦੀਕ ਇੱਕ ਚੌਕ ਵਿਚ ਲਖਵੀਰ ਸਿੰਘ ਤੋਂ ਪੈਸੇ ਲੈ ਲਏ।
     ਰਿਸ਼ਵਤ ਦੇ ਪੈਸੇ ਲੈ ਰਹੇ ਜਗਰੂਪ ਸਿੰਘ ਨੇ ਜਦੋਂ ਵਿਜੀਲੈਂਸ ਦੀ ਟੀਮ ਨੂੰ ਦੇਖਿਆ ਤਾਂ ਉਹ ਕਾਰ ਵਿੱਚ ਸਵਾਰ ਹੋਕੇ ਭੱਜ ਨਿਕਲਿਆ। ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋ ਕਿਲੋਮੀਟਰ ਤੱਕ ਪਿੱਛਾ ਕਰਦਿਆਂ ਸਰਦੂਲਗੜ੍ਹ ਦੇ ਲਾਗੇ ਉਸਨੂੰ ਕਾਬੂ ਕਰ ਲਿਆ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁਢਲੀ ਜਾਂਚ ਬਾਅਦ ਵਿਜੀਲੈਂਸ ਦੀ ਟੀਮ ਨੇ ਟਰੈਪ ਲਗਾ ਕੇ ਏ.ਐਸ.ਆਈ. ਜਗਰੂਪ ਸਿੰਘ ਨੂੰ  ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 5000 ਰੁਪਏ ਰਿਸ਼ਵਤ ਲੈਂਦਿਆਂ ਮੌਕੇ ਉੱਤੇ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਏ.ਐਸ.ਆਈ.ਜਗਰੂਪ ਸਿੰਘ ਖਿਲਾਫ ਥਾਣਾ ਵਿਜੀਲੈਂਸ ਬਠਿੰਡਾ ਵਿਖੇ  ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Spread the love
Scroll to Top