ਵਿਜੀਲੈਂਸ ਨੇ MLA ਅਮਿਤ ਰਤਨ ਤੇ ਉਸ ਦੇ PA ਖਿਲਾਫ ਕਸਿਆ ਹੋਰ ਸ਼ਿਕੰਜਾ

Spread the love

ਅਸ਼ੋਕ ਵਰਮਾ ,ਬਠਿੰਡਾ, 18 ਅਪਰੈਲ 2023
    ਵਿਜੀਲੈਂਸ ਬਿਊਰੋ ਨੇ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਅਤੇ ਉਸ ਦੇ ਪੀ.ਏ. ਰਸ਼ਿਮ ਗਰਗ ਦੇ ਖਿਲਾਫ ਦਰਜ ਐਫਆਈਆਰ ਨੰਬਰ 1, ਮਿਤੀ 16-02-2023 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈਪੀਸੀ ਦੀ ਧਾਰਾ 120-ਬੀ  ਤਹਿਤ ਬਠਿੰਡਾ ਰੇਂਜ ਦੇ ਵਿਜੀਲੈਂਸ ਪੁਲਿਸ ਥਾਣੇ ਵਿਚ ਦਰਜ ਕੇਸ ਸਬੰਧੀ ਬਠਿੰਡਾ ਅਦਾਲਤ ਵਿੱਚ ਚਲਾਣ ਪੇਸ਼ ਕਰ ਦਿੱਤਾ  ਹੈ।
 
   ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ 16.02.2023 ਨੂੰ ਬਠਿੰਡਾ ਰੇਂਜ ਵਿਜੀਲੈਂਸ ਟੀਮ ਨੇ ਬਠਿੰਡਾ ਦਿਹਾਤੀ ਦੇ ਵਿਧਾਇਕ ਦੇ ਉਕਤ ਨਿੱਜੀ ਸਹਾਇਕ ਨੂੰ ਚਾਰ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਉਪਰੰਤ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਉਕਤ ਵਿਧਾਇਕ ਨੂੰ ਵੀ 20-02-2023 ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਕਿਉਂਕਿ ਉਸ ਦੇ ਪੀ.ਏ ਨੇ ਵਿਧਾਇਕ ਦੇ ਨਾਂ ਉਤੇ ਹੀ ਇਹ ਰਿਸ਼ਵਤ ਵਸੂਲ ਕੀਤੀ ਸੀ।
 ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਸਰਕਾਰ ਵੱਲੋਂ ਸਾਲ 2022-23 ਦੌਰਾਨ 15ਵੇਂ ਵਿੱਤ ਕਮਿਸ਼ਨ ਅਧੀਨ ਪਿੰਡ ਘੁੱਦਾ, ਜਿਲਾ ਬਠਿੰਡਾ ਨੂੰ 25 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ, ਜੋ ਹਾਲੇ ਪੰਚਾਇਤ ਨੂੰ ਦੇਣੀ ਸੀ ਪਰ ਉਕਤ ਪ੍ਰਾਈਵੇਟ ਪੀ.ਏ. ਰਸ਼ਿਮ ਗਰਗ ਨੇ ਪਿੰਡ ਘੁੱਦਾ ਦੇ ਸਰਪੰਚ ਤੋਂ ਇਸ ਖਾਤਰ ਪੰਜ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਪਰ ਵਿਜੀਲੈਂਸ ਨੇ 16.02.2023 ਨੂੰ ਉਸਨੂੰ ਉਕਤ ਗ੍ਰਾਂਟ ਜਾਰੀ ਕਰਨ ਦੇ ਇਵਜ਼ ਵਿੱਚ 4 ਲੱਖ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗਿ੍ਰਫਤਾਰ ਕਰ ਲਿਆ ਸੀ। ਉਕਤ ਸਰਪੰਚ ਨੇ ਉਨਾਂ ਵੱਲੋਂ ਮੰਗੇ 50,000 ਰੁਪਏ ਪਹਿਲਾਂ ਹੀ ਦੇ ਦਿੱਤੇ ਸਨ।
    ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਰਿਸ਼ਵਤ ਕਥਿਤ ਦੋਸ਼ੀ ਰਸ਼ਿਮ ਗਰਗ ਨੇ ਵਿਧਾਇਕ ਅਮਿਤ ਰਤਨ ਦੇ ਨਿਰਦੇਸ਼ਾਂ ‘ਤੇ ਵਸੂਲੀ ਸੀ। ਇਸ ਤੋਂ ਇਲਾਵਾ ਉਸ ਨੇ ਪਿੰਡ ਘੁੱਦਾ ਦੇ ਗੁਰਦਾਸ ਸਿੰਘ ਕੋਲੋਂ ਉਸਦੇ ਪਿੰਡ ਦੀ ਨੰਬਰਦਾਰੀ ਦਿਵਾਉਣ ਦੇ ਬਦਲੇ 2,50,000 ਰੁਪਏ ਦੀ ਰਿਸ਼ਵਤ ਲਈ ਸੀ। ਜਾਂਚ ਦੌਰਾਨ ਹੋਏ ਖੁਲਾਸੇ ਦੇ ਆਧਾਰ ‘ਤੇ, ਵਿਜੀਲੈਂਸ ਨੇ ਉਕਤ ਮਾਮਲੇ ਵਿੱਚ ਆਈਪੀਸੀ ਦੀ 120-ਬੀ ਦੀ ਇੱਕ ਹੋਰ ਧਾਰਾ ਜੋੜ ਦਿੱਤੀ ਸੀ ਅਤੇ ਮੌਜੂਦਾ ਕੇਸ ਵਿੱਚ ਵਿਧਾਇਕ ਅਮਿਤ ਰਤਨ ਨੂੰ ਵੀ ਨਾਮਜ਼ਦ ਕਰਕੇ 22-02-2023 ਨੂੰ ਉਸ ਨੂੰ ਸ਼ੰਭੂ ਤੋਂ ਗਿ੍ਰਫਤਾਰ ਕਰ ਲਿਆ ਗਿਆ ਸੀ। ਦੋਵੇਂ ਮੁਲਜਮ ਨਿਆਂਇਕ ਹਿਰਾਸਤ ਵਿੱਚ ਅਤੇ ਜੇਲ੍ਹ ਵਿੱਚ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Spread the love
Scroll to Top