ਵੇਰਕਾ ਨੇ ਪਟਿਆਲਾ ਅਤੇ ਸੰਗਰੂਰ ’ਚ ਪਾਣੀ ਤੋਂ ਪ੍ਰਭਾਵਿਤ ਖੇਤਰਾਂ ਲਈ ਭੋਜਨ ਰਾਹਤ ਸਮੱਗਰੀ ਭੇਜੀ

Spread the love

ਗਗਨ ਹਰਗੁਣ, ਪਟਿਆਲਾ 12 ਜੁਲਾਈ 2023


      ਪਟਿਆਲਾ ਅਤੇ ਸੰਗਰੂਰ ਜਿੱਲ੍ਹਿਆ ਦੇ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ ਲਈ ਭੋਜਨ ਪੈਕਟਾਂ ਦੇ ਰੂਪ ਵਿੱਚ ਰਾਹਤ ਸਮੱਗਰੀ ਅੱਜ ਮਿਲਕਫੈੱਡ ਪੰਜਾਬ ਦੇ ਚੇਅਰਮੈਨ ਸ. ਨਰਿੰਦਰ ਸਿੰਘ ਸ਼ੇਰਗਿੱਲ ਨੇ ਰਵਾਨਾ ਕੀਤੀ। ਵੇਰਕਾ ਮਿਲਕ ਪਲਾਂਟ, ਪਟਿਆਲਾ ਵਿਖੇ ਰਾਹਤ ਸਮੱਗਰੀ ਵਾਲੀਆਂ ਗੱਡੀਆਂ ਨੂੰ ਝੰਡੀ ਦੇਣ ਉਪਰੰਤ ਚੇਅਰਮੈਨ ਸ. ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਮੌਜੂਦਾ ਹਾਲਾਤ ਦੌਰਾਨ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਲਈ ਮੁੱਖ ਮੰਤਰੀ, ਪੰਜਾਬ ਸ. ਭਗਵੰਤ ਮਾਨ ਦੀ ਯੋਗ ਕਾਰਵਾਈ ਹੇਠ ਮਿਲਕਫੈੱਡ ਅਤੇ ਮਾਰਕਫੈੱਡ ਵੱਲੋਂ ਉਨ੍ਹਾਂ ਲੋੜਵੰਦ ਲੋਕਾਂ ਦੀ ਹਰ ਸੰਭਵ ਮਦਦ ਲਈ ਪੰਜਾਬ ਵਿੱਚ ਪਟਿਆਲਾ, ਲੁਧਿਆਣਾ, ਜਲੰਧਰ ਅਤੇ ਮੋਹਾਲੀ ਵਿਖੇ ਖਾਣ-ਪੀਣ ਦੀ ਰਾਹਤ ਸਮੱਗਰੀ ਤਿਆਰ ਕਰਨ ਅਤੇ ਸਪਲਾਈ ਕਰਨ ਲਈ ਸੈਂਟਰ ਸਥਾਪਿਤ ਕੀਤੇ ਗਏ ਹਨ।

     ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਮਿਲਕਫੈੱਡ ਨੂੰ ਸਰਕਾਰ ਤੋਂ 50 ਹਜ਼ਾਰ ਪੈਕਟ ਭੋਜਨ ਪੈਕਟਾਂ ਦੀ ਮੰਗ ਪ੍ਰਾਪਤ ਹੋਈ ਹੈ ਅਤੇ ਇਸ ਸਬੰਧੀ ਪੰਜਾਬ ਭਰ ਵਿਖੇ ਭੋਜਨ ਰਾਹਤ ਸਮੱਗਰੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਔਖੇ ਵਕਤ ਵਿੱਚ ਘਬਰਾਹਟ ਵਿੱਚ ਆਉਣ ਤੋਂ ਬਚਣਾ ਚਾਹੀਦਾ ਹੈ ਅਤੇ ਅਫ਼ਵਾਹਾਂ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ। ਇਸ ਔਖੇ ਵਕਤ ਵਿੱਚ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਲਈ ਸਰਕਾਰ ਵਚਨਬੱਧ ਹੈ ਅਤੇ ਮਿਲਕਫੈੱਡ ਪੰਜਾਬ ਵੱਲੋਂ ਫੂਡ ਸਪਲਾਈ ਅਤੇ ਮਾਰਕਫੈੱਡ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂ ਬਣਾ ਕੇ ਭੋਜਨ ਦੇ ਕੰਮ ਨੂੰ ਸੁਚਾਰੂ ਰੂਪ ਨਾਲ ਚਲਾਇਆ ਜਾ ਰਿਹਾ ਹੈ।
     ਇਸ ਮੌਕੇ ਵੇਰਕਾ ਮਿਲਕ ਪਲਾਂਟ ਦੇ ਜਨਰਲ ਮੈਨੇਜਰ ਡਾ. ਸੁਰਜੀਤ ਸਿੰਘ ਭਦੌੜ ਨੇ ਦੱਸਿਆ ਕਿ ਮਿਲਕ ਪਲਾਂਟ ਪਟਿਆਲਾ ਅਤੇ ਸੰਗਰੂਰ ਜਿੱਲ੍ਹਿਆ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਸਥਾਨਕ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਭੋਜਨ ਰਾਹਤ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਵੇਰਕਾ ਪੰਜਾਬ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਪ੍ਰਬੰਧ ਨਿਰਦੇਸ਼ਕ ਸ੍ਰੀ ਅਮਿਤ ਢਾਕਾ, ਆਈ.ਏ.ਐਸ. ਦੀ ਰਹਿਨੁਮਾਈ ਹੇਠ ਸਮੁੱਚੇ ਕਰਮਚਾਰੀ ਅਤੇ ਅਧਿਕਾਰੀ ਦਿਨ ਰਾਤ ਇਸ ਕਾਰਜ ਲਈ ਸਮਰਪਿਤ ਕੀਤੇ ਗਏ ਹਨ।
      ਇਸ ਮੌਕੇ ’ਤੇ ਵੇਰਕਾ ਮਿਲਕ ਪਲਾਂਟ, ਪਟਿਆਲਾ ਦੇ ਅਫ਼ਸਰ ਹਰਭਜਨ ਸਿੰਘ- ਚੇਅਰਮੈਨ, ਭਜਨ ਸਿੰਘ ਸਿੰਬੜੋ-ਡਾਇਰੈਕਟਰ, ਡਾ. ਸੁਰਜੀਤ ਸਿੰਘ ਭਦੌੜ-ਜਨਰਲ ਮੈਨੇਜਰ, ਸੰਜੀਵ ਕੁਮਾਰ ਗੋਇਲ-ਮੈਨੇਜਰ ਪ੍ਰੋਡਕਸ਼ਨ, ਡਾ. ਅਮਿਤ ਗਰਗ-ਡਿਪਟੀ ਮੈਨੇਜਰ ਏ.ਐਚ, ਸ੍ਰੀ ਸੁਖਚੈਨ ਸਿੰਘ- ਡਿਪਟੀ ਮੈਨੇਜਰ ਇੰਜੀਨੀਅਰਿੰਗ ਅਤੇ ਸ੍ਰੀ ਰੋਹਿਨ ਕਪੂਰ-ਅਸਿਸਟੈਂਟ ਮੈਨੇਜਰ ਐਚ.ਆਰ ਮੌਜੂਦ ਸਨ।


Spread the love
Scroll to Top