ਵੱਡੀ ਖਬਰ-ਲੁਧਿਆਣਾ ‘ਚ ਗੈਸ ਲੀਕ ,11 ਜਣਿਆਂ ਦੀ ਮੌਤ ਤੇ ਹੋਰ ਕਈ ਬੇਹੋਸ਼

Spread the love

ਬੇਅੰਤ ਸਿੰਘ ਬਾਜਵਾ, ਲੁਧਿਆਣਾ 30 ਅਪ੍ਰੈਲ 2023 

      ਪੰਜਾਬ ਦੇ ਲੁਧਿਆਣਾ ਸ਼ਹਿਰ ਅੰਦਰ ਗਿਆਸਪੁਰਾ ਇੰਡਸਟਰੀਅਲ ਏਰੀਆ ਨੇੜੇ ਇੱਕ ਇਮਾਰਤ ‘ਚ ਅੱਜ ਸਵੇਰੇ ਕਰੀਬ ਸਵਾ 7 ਵਜੇ ਗੈਸ ਲੀਕ ਹੋ ਜਾਣ ਕਾਰਨ 11 ਜਣਿਆਂ ਦੀ ਮੌਤ ਹੋ ਗਈ।  ਮਰਨ ਵਾਲਿਆਂ ਵਿੱਚ 2 ਬੱਚਿਆਂ ਸਮੇਤ 5 ਔਰਤਾਂ ਤੇ 6 ਪੁਰਸ਼ ਸ਼ਾਮਲ ਹਨ। ਬੱਚਿਆਂ ਦੀ ਉਮਰ 10 ਅਤੇ 13 ਸਾਲ ਦੱਸੀ ਜਾ ਰਹੀ ਹੈ। ਲੁਧਿਆਣਾ ਦੀ ਐਸਡੀਐਮ ਸਵਾਤੀ ਅਨੁਸਾਰ ਗੈਸ ਲੀਕ ਹੋਣ ਕਾਰਨ 11 ਲੋਕ ਬੇਹੋਸ਼ ਹੋ ਗਏ।  ਘਟਨਾ ਤੋਂ ਬਾਅਦ ਮੈਡੀਕਲ, ਫਾਇਰ ਬ੍ਰਿਗੇਡ, ਪੁਲਿਸ ਅਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਬੇਹੋਸ਼ ਹੋਣ ਵਾਲਿਆਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਹੈ। ਇੱਥੋਂ ਦੀ ਵਿਧਾਇਕਾ ਰਜਿੰਦਰਪਾਲ ਕੌਰ ਨੇ ਦੱਸਿਆ ਕਿ ਇਮਾਰਤ ਵਿੱਚ ਦੁੱਧ ਦਾ ਬੂਥ ਖੁੱਲ੍ਹਾ ਸੀ ਅਤੇ ਜੋ ਵੀ ਸਵੇਰੇ ਦੁੱਧ ਲੈਣ ਲਈ ਇੱਥੇ ਗਿਆ, ਉਹ ਬੇਹੋਸ਼ ਹੋ ਗਿਆ। ਘਟਨਾ ਤੋਂ ਬਾਅਦ ਹਰਕਤ ਵਿੱਚ ਆਏ ਪ੍ਰਸ਼ਾਸਨ ਨੇ ਇਮਾਰਤ ਦੇ ਆਲੇ-ਦੁਆਲੇ ਦੇ ਕਰੀਬ ਇੱਕ ਕਿਲੋਮੀਟਰ  ਖੇਤਰ ਨੂੰ ਸੀਲ ਕਰਕੇ, ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।                            ਪ੍ਰਾਪਤ ਜਾਣਕਾਰੀ ਅਨੁਸਾਰ ਰਿਹਾਇਸ਼ੀ ਇਲਾਕੇ ਵਿੱਚ ਬਣੀ ਇਸ ਇਮਾਰਤ ਦੇ 300 ਮੀਟਰ ਦੇ ਘੇਰੇ ਅੰਦਰ ਕਈ ਲੋਕ ਬੇਹੋਸ਼ੀ ਦੀ ਹਾਲਤ ਵਿੱਚ ਪਾਏ ਗਏ ਹਨ। ਆਸ-ਪਾਸ ਦੇ ਘਰਾਂ ਅਤੇ ਢਾਬਿਆਂ ਦੇ ਲੋਕ ਵੀ ਬੇਹੋਸ਼ ਹੋ ਗਏ ਹਨ। ਪ੍ਰਸ਼ਾਸਨ ਨੇ ਡਰੋਨ ਦੀ ਮੱਦਦ ਨਾਲ ਆਸ-ਪਾਸ ਦੇ ਇਲਾਕਿਆਂ ‘ਚ ਬਚਾਅ ਕਾਰਜਾਂ ਨੂੰ ਨੇਪਰੇ ਚਾੜਨ ਲਈ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਹੈ । ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਦੱਸਿਆ ਕਿ ਜਿਸ ਇਮਾਰਤ ਵਿੱਚ ਇਹ ਘਟਨਾ ਵਾਪਰੀ ਸੀ, ਉਸ ਵਿੱਚੋਂ ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਲਾਕੇ ਵਿੱਚ ਕਿਹੜੀ ਗੈਸ ਲੀਕ ਹੋਈ ਅਤੇ ਇਸ ਦਾ ਕਾਰਨ ਕੀ ਹੈ। ਹਾਲਾਂਕਿ ਸ਼ੁਰੂਆਤੀ ਜਾਂਚ ‘ਚ ਗੈਸ ਦੀ ਬਦਬੂ ਸੀਵਰੇਜ ਦੀ ਗੈਸ ਵਰਗੀ ਜਾਪਦੀ ਹੈ। ਹੁਣ ਗੈਸ ਦੀ ਜਾਂਚ ਲਈ ਮਸ਼ੀਨਾਂ ਮੰਗਵਾਈਆਂ ਗਈਆਂ ਹਨ। ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਦੱਸਿਆ ਕਿ ਸੀਵਰ ਵਿੱਚ ਤੇਜ਼ਾਬ ਪੈਣ ਕਾਰਨ ਵੀ ਅਜਿਹਾ ਹੋ ਸਕਦਾ ਹੈ ਜਾਂ ਅੰਦਰ ਕੋਈ ਕੈਮੀਕਲ ਮੌਜੂਦ ਹੋਣਾ ਆਦਿ ਵੀ ਗੈਸ ਦਾ ਕਾਰਨ ਹੋ ਸਕਦਾ ਹੈ। ਹਾਲਾਂਕਿ ਜਾਂਚ ਤੋਂ ਬਾਅਦ ਹੀ ਰਸਮੀ ਤੌਰ ‘ਤੇ ਕੁਝ ਕਹਿਣਾ ਸੰਭਵ ਹੋਵੇਗਾ । ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਲੁਧਿਆਣਾ ਦੇ ਗਿਆਸਪੁਰਾ ਵਿੱਚ ਸੂਆ ਰੋਡ ’ਤੇ ਸਥਿਤ ਗੋਇਲ ਕੋਲਡ ਡਰਿੰਕਸ ,ਜਿਸ ਇਮਾਰਤ ਵਿੱਚੋਂ ਗੈਸ ਲੀਕ ਹੋਈ ਦੱਸੀ ਜਾ ਰਹੀ ਹੈ । ਇਸ ਇਮਾਰਤ ਦੇ ਉਪਰਲੇ ਹਿੱਸੇ ਵਿੱਚ ਲੋਕ ਰਹਿੰਦੇ ਸਨ। ਹੋਰ ਕਾਫੀ NDRF ਦੀ ਟੀਮ ਨੇ ਦੱਸਿਆ ਕਿ ਆਸ-ਪਾਸ ਦੇ ਘਰਾਂ ਅਤੇ ਢਾਬਿਆਂ ਅੰਦਰ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਘਟਨਾ ਵਾਲੀ ਥਾਂ ਦੇ ਨੇੜੇ ਕਰੀਬ ਇੱਕ ਕਿਲੋਮੀਟਰ ਦੇ ਇਲਾਕੇ ਨੂੰ ਸੀਲ ਕੀਤਾ ਗਿਆ ਹੈ। ਗੈਸ ਲੀਕੇਜ ਤੋਂ ਪ੍ਰਭਾਵਿਤ ਇਲਾਕੇ ਵਿੱਚ ਲੋਕਾਂ ਦੀ ਆਵਾਜਾਈ ਨੂੰ ਰੋਕਣ ਲਈ ਬੈਰੀਕੇਡਿੰਗ ਵੀ ਕੀਤੀ ਗਈ ਹੈ।

ਮੁੱਖ ਮੰਤਰੀ ਮਾਨ ਨੇ ਕਿਹਾ- ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ
  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਗੈਸ ਲੀਕ ਹੋਣ ਦੀ ਘਟਨਾ ਬਹੁਤ ਹੀ ਦੁਖਦਾਈ ਹੈ। ਪੁਲਿਸ, ਪ੍ਰਸ਼ਾਸਨ ਅਤੇ NDRF ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ। ਬਿਪਤਾ ਵਿੱਚ ਫਸੇ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। 


Spread the love
Scroll to Top