ਸਕੂਲਾਂ ਦੀ ਬਿਹਤਰੀ ਲਈ ਦਾਨੀ ਸੱਜਣਾਂ ਦਾ ਅਹਿਮ ਯੋਗਦਾਨ: ਕੁਲਵੰਤ ਸਿੰਘ ਪੰਡੋਰੀ

Spread the love

ਰਵੀ ਸੈਣ , ਬਰਨਾਲਾ, 17 ਜੁਲਾਈ 2023
  ਜ਼ਿਲ੍ਹਾ ਬਰਨਾਲਾ ਦੇ ਵੱਖ ਵੱਖ ਸਰਕਾਰੀ ਸਕੂਲਾਂ ਦੀ ਹਰ ਪੱਖ ਤੋਂ ਉੱਨਤੀ ਅਤੇ ਦਿੱਖ ਸੰਵਾਰਨ ਲਈ ਆਰਥਿਕ ਸਹਿਯੋਗ ਦੇਣ ਵਾਲੇ ਦਾਨੀ ਸੱਜਣਾਂ ਅਤੇ ਐਨ ਆਰ ਆਈਜ਼ ਦਾ ਵਿਧਾਨ ਸਭਾ ਵਿਸ਼ੇਸ਼ ਅਧਿਕਾਰ ਕਮੇਟੀ ਪੰਜਾਬ ਦੇ ਚੇਅਰਮੈਨ ਅਤੇ ਹਲਕਾ ਮਹਿਲ ਕਲਾਂ ਦੇ ਵਿਧਾਇਕ ਸ. ਕੁਲਵੰਤ ਸਿੰਘ ਪੰਡੋਰੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਠੀਕਰੀਵਾਲਾ ਵਿਖੇ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।
ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਦਾਨੀ ਸੱਜਣਾਂ ਅਤੇ ਐਨਆਰਆਈ ਪਰਿਵਾਰਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਤੁਹਾਡਾ ਦਿੱਤਾ ਦਾਨ ਸਕੂਲੀ ਬੱਚਿਆਂ ਲਈ ਆਸ਼ੀਰਵਾਦ ਹੈ। ਉਹਨਾਂ ਦਾਨੀ ਸੱਜਣਾਂ ਨੂੰ ਪਿੰਡਾਂ ਵਿੱਚ ਵਿੱਦਿਆ ਪ੍ਰਤੀ ਸਮਾਜ ਨੂੰ ਜਾਗਰੂਕ ਕਰਨ ਦੀ ਸੇਵਾ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਵਿੱਦਿਆ ਤੋਂ ਬਿਨਾਂ ਕੋਈ ਵੀ ਸਮਾਜ ਤਰੱਕੀ ਨਹੀਂ ਕਰ ਸਕਦਾ ਅਤੇ ਇਹ ਸਾਰੇ ਕਾਰਜ ਦਾਨੀ ਸੱਜਣਾਂ ਤੋਂ ਬਿਨਾਂ ਸੰਭਵ ਨਹੀਂ। ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਦਾਨੀ ਸੱਜਣਾਂ ਅਤੇ ਐਨਆਰਆਈਜ਼ ਦਾ ਸਿਰਫ ਸਨਮਾਨ ਕਰਨਾ ਹੀ ਨਹੀਂ, ਸਗੋਂ ਸਕੂਲਾਂ ਵਿੱਚ ਚੱਲ ਰਹੇ ਕਾਰਜਾਂ ਅਤੇ ਪੜ੍ਹਾਈ ਦੇ ਪੱਧਰ ਬਾਰੇ ਜਾਗਰੂਕ ਕਰਨਾ ਹੈ।ਲੋਕਾਂ ਨੂੰ ਸਕੂਲਾਂ ਨਾਲ ਵੱਧ ਤੋਂ ਵੱਧ ਜੋੜਨਾ ਹੈ। ਉਹਨਾਂ ਕਿਹਾ ਕਿ ਸਾਡੇ ਬੱਚਿਆਂ ਨੂੰ ਨਸ਼ਿਆਂ ਦੀ ਭੈੜੀ ਅਲਾਮਤ  ਤੋਂ ਬਚਾਉਣ ਲਈ ਉਹਨਾਂ ਨੂੰ ਖੇਡਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਉਹਨਾਂ ਹਰ ਪਿੰਡ ਵਿੱਚ ਖੇਡ ਦਾ ਮੈਦਾਨ ਬਣਾਉਣ ਅਤੇ ਸਾਂਭ ਸੰਭਾਲ ਲਈ ਦਸਵੰਧ ਕੱਢਣ ਦੀ ਅਪੀਲ ਕੀਤੀ। 
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਜਿੰਦਰਪਾਲ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲ ਕਿਸੇ ਵੀ ਪੱਖ ਤੋਂ ਪ੍ਰਾਈਵੇਟ ਸਕੂਲਾਂ ਤੋਂ ਘੱਟ ਨਹੀਂ ਹਨ। ਇਸ ਲਈ ਉਨ੍ਹਾਂ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਲਾਉਣ ਲਈ ਪ੍ਰੇਰਿਤ ਕੀਤਾ। ਜ਼ਿਲ੍ਹਾ ਸਮਾਰਟ ਸਕੂਲ ਮੇਂਟੋਰ ਹੈਡ ਮਾਸਟਰ ਰਾਜੇਸ਼ ਗੋਇਲ ਵੱਲੋਂ ਅਤੇ ਜ਼ਿਲ੍ਹਾ ਖੇਡ ਮੈਂਟੋਰ ਸਿਮਰਦੀਪ ਸਿੰਘ ਨੇ ਦੱਸਿਆ ਕਿ ਲਗਭਗ 55 ਦਾਨੀ ਸੱਜਣਾਂ ਵੱਲੋਂ ਪ੍ਰੋਗ੍ਰਾਮ ਵਿੱਚ ਸ਼ਿਰਕਤ ਕੀਤੀ ਗਈ ਅਤੇ ਉਹਨਾਂ ਨੂੰ ਸਰਟੀਫਿਕੇਟ ਅਤੇ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ।   ਇਹਨਾਂ ਦਾਨੀ ਸੱਜਣਾ ਵੱਲੋਂ ਹਲਕਾ ਮਹਿਲ ਕਲਾਂ ਦੇ ਸਕੂਲਾਂ ਨੂੰ 78 ਲੱਖ 61 ਹਜ਼ਾਰ ਰੁਪਏ ਦਾਨ ਵਜੋਂ ਦਿੱਤੇ ਗਏ। 
  ਇਸ ਮੌਕੇ ਪ੍ਰਿੰਸੀਪਲ ਸੰਜੇ ਸਿੰਗਲਾ, ਬਲਾਕ ਨੋਡਲ ਅਫ਼ਸਰ ਜਸਵਿੰਦਰ ਸਿੰਘ, ਸਕੂਲ ਇੰਚਾਰਜ ਰਾਜਿੰਦਰ ਸਿੰਘ, ਮੈਡਮ ਸ਼ਿਖਾ ਅਰੋੜਾ ਹੈੱਡ ਮਾਸਟਰ ਹਰੀਸ਼ ਕੁਮਾਰ, ਸਹਾਇਕ  ਪ੍ਰਾਈਮਰੀ ਸਮਾਰਟ ਸਕੂਲ ਨਰਿੰਦਰ ਕੁਮਾਰ ਅਤੇ ਸਕੂਲ ਇੰਚਾਰਜ ਤੇ ਪਿੰਡ ਦੇ ਪਤਵੰਤੇ ਸੱਜਣ ਮੌਜੂਦ ਸਨ।

Spread the love
Scroll to Top