ਸਰਕਾਰੀ ਅਧਿਆਪਕ ਵੇਚਣਗੇ ਤਿਰੰਗਾ ਝੰਡਾ, 25 ਰੁਪਏ ‘ਚ ਵੇਚ ਰਹੇ ਨੇ ਤਿਰੰਗਾ

Spread the love

ਸਰਕਾਰੀ ਅਧਿਆਪਕ ਵੇਚਣਗੇ ਤਿਰੰਗਾ ਝੰਡਾ, 25 ਰੁਪਏ ‘ਚ ਵੇਚ ਰਹੇ ਨੇ ਤਿਰੰਗਾ

 

ਸੰਗਰੂਰ, 10 ਅਗਸਤ ( ਹਰਪ੍ਰੀਤ ਕੌਰ ਬਬਲੀ)

ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਝੰਡੇ ਪ੍ਰਾਪਤ ਕਰਨ ਅਤੇ ਉਸ ਬਦਲੇ ਜਬਰੀ ਪੈਸੇ ਦੀ ਉਗਰਾਹੀ ਲਈ ਮਜ਼ਬੂਰ ਕਰਨ ਦਾ ਵਿਰੋਧ ਵਿੱਚ ਅੱਜ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਆਗੂਆਂ ਦਾ ਵਫ਼ਦ ਜੱਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਅਤੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ ਦੀ ਅਗਵਾਈ ਹੇਠ ਐੱਸਡੀਐੱਮ ਸੰਗਰੂਰ ਸ੍ਰੀ ਚਰਨਜੋਤ ਸਿੰਘ ਵਾਲੀਆ ਨੂੰ ਮਿਲਿਆ। ਡੀਟੀਐੱਫ ਵੱਲੋਂ ਐੱਸਡੀਐੱਮ ਚਰਨਜੋਤ ਵਾਲੀਆ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਦੇ ਨਾਮ ਮੰਗ ਪੱਤਰ ਸੌਂਪਦੇ ਹੋਏ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਜਬਰੀ 25 ਰੁਪਏ ਦਾ ਝੰਡਾ ਵੇਚਣ ਦਾ ਵਿਰੋਧ ਕਰਦੇ ਹੋਏ ਇਹ ਝੰਡੇ ਮੁਫ਼ਤ ਵਿਚ ਦੇਣ ਲਈ ਕਿਹਾ ਗਿਆ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ ਨੇ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਿੱਖਿਆ ਅਧਿਕਾਰੀਆਂ ਵੱਲੋਂ ਅਧਿਆਪਕਾਂ ਨਾਲ ਜੂਮ ਮੀਟਿੰਗਾਂ ਕਰ ਕੇ ਸਕੂਲਾਂ ਨੂੰ ਜ਼ਬਰਨ ਭਾਰਤ ਦੇ ਰਾਸ਼ਟਰੀ ਝੰਡੇ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜੋ ਕਿ ਬਿਲਕੁਲ ਗਲਤ ਹੈ। ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੀ ਪੜ੍ਹਾਈ ਬਿਲਕੁਲ ਮੁਫ਼ਤ ਹੈ ਅਤੇ ਬਹੁਤੇ ਵਿਦਿਆਰਥੀ ਗ਼ਰੀਬ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ। ਉਹ ਵਿਦਿਆਰਥੀ 25 ਰੁਪਏ ਦੇ ਹਿਸਾਬ ਨਾਲ ਝੰਡਾ ਖਰੀਦਣ ਤੋਂ ਅਸਮਰੱਥ ਹਨ। ਸਰਕਾਰ ਦੇ ਇਸ ਧੱਕੇਸ਼ਾਹੀ ਵਾਲੇ ਫ਼ੈਸਲੇ ਕਾਰਨ ਅਧਿਆਪਕਾਂ ਨੂੰ ਮਜਬੂਰਨ ਝੰਡਿਆਂ ਦੀ ਪੇਮੈਂਟ ਆਪਣੀ ਜੇਬ੍ਹ ਵਿੱਚੋਂ ਕਰਨੀ ਪੈ ਰਹੀ ਹੈ।

ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾਈ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਸਾਨੂੰ ਰਾਸ਼ਟਰੀ ਝੰਡੇ ਦਾ ਸਨਮਾਨ ਕਰਨਾ ਚਾਹੀਦਾ ਹੈ ਪਰ ਅਸੀਂ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਧੱਕੇ ਨਾਲ 25 ਰੁਪਏ ਦਾ ਝੰਡਾ ਦੇ ਕੇ ਉਨ੍ਹਾਂ ਵਿੱਚ ਕਿਸ ਤਰ੍ਹਾਂ ਦੀ ਰਾਸ਼ਟਰੀ ਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕੀ ਇਹ ਸਮਾਜਿਕ ਮਨੋਵਿਗਿਆਨ ਨੂੰ ਛਿੱਕੇ ਟੰਗਣ ਵਾਲੀ ਗੱਲ ਨਹੀਂ ਹੈ? ਉਨ੍ਹਾਂ ਕਿਹਾ ਕਿ ਸਰਕਾਰ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੇ ਵਿਦਿਆਰਥੀਆਂ ਅਤੇ ਸਾਧਨਹੀਣ ਸਰਕਾਰੀ ਸਕੂਲਾਂ ਉੱਪਰ ਇੱਕ ਨਵੇਂ ਆਰਥਿਕ ਬੋਝ ਪਾਉਣ ਦੀ ਥਾਂ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਨੇ ਝੰਡੇ ਦੇਣੇ ਹੀ ਹਨ ਤਾਂ ਉਹ ਅਧਿਆਪਕਾਂ ਨੂੰ ਸੇਲਜ਼ਮੈਨ ਬਣਾਉਣ ਦੀ ਥਾਂ ਕਿਸੇ ਹੋਰ ਵਿਭਾਗ ਰਾਹੀਂ ਮੁਫ਼ਤ ਮੁਹੱਈਆ ਕਰਵਾਵੇ।

ਇਸ ਮੌਕੇ ਡੈਮੋਕਰੈਟਿਕ ਟੀਚਰ ਫਰੰਟ ਦੇ ਸੂਬਾ ਆਗੂ ਦਲਜੀਤ ਸਫੀਪੁਰ ਤੋਂ ਇਲਾਵਾ ਜ਼ਿਲ੍ਹਾ ਆਗੂ ਕਮਲਜੀਤ ਬਨਭੌਰਾ, ਸੁਖਪਾਲ ਸਿੰਘ ਰੋਮੀ, ਦੀਨਾਨਾਥ ਅਤੇ ਰਵਿੰਦਰ ਦਿੜ੍ਹਬਾ ਹਾਜ਼ਰ ਸਨ।


Spread the love
Scroll to Top