ਪਵਨ ਬੋਲਿਆ, ਮੈਂ ਆਪਣੀਆਂ ਧੀਆਂ ਨੂੰ ਭੁੱਖ ਲਈ ਰੋਂਦੇ ਦੇਖ ਨਹੀ ਸਕਦਾ,,,
ਬੀ.ਟੀ.ਐਨ. ਬਰਨਾਲਾ
ਰਾਸ਼ਨ ਥੋੜ੍ਹੈ , ਪਰ ਵੰਡਣ ਵਾਲਿਆਂ ਦੀਆਂ ਭੀੜਾਂ ਨੇ, ਰਾਸ਼ਨ ਲੈਣ ਲਈ ਵੀ ਵੱਡੀ ਕਤਾਰ ਲੱਗੀ ਹੋਈ ਹੈ। ਸਿਵਲ ਪ੍ਰਸ਼ਾਸਨ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਜਰੂਰਤਮੰਦ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਵਿੱਚ ਦਿਨ ਰਾਤ ਲੱਗਿਆ ਹੋਇਆ ਹੈ। ਪੁਲਿਸ ਮਹਿਕਮੇ ਨੇ ਵੀ ਅਮਨ ਕਾਨੂੰਨ ਦੀ ਵਿਵਸਥਾ ਕਾਇਮ ਕਰਨ ਦੇ ਨਾਲ ਨਾਲ ਲੋਕ ਸੇਵਾ ਦਾ ਵਾਧੂ ਭਾਰ ਆਪਣੇ ਮੋਢਿਆਂ ਤੇ ਲੈ ਰੱਖਿਆ ਹੈ। ਸੋਸ਼ਲ ਮੀਡੀਆ ਤੇ ਰਾਸ਼ਨ ਵੰਡਦਿਆਂ ਦੀਆਂ ਫੋਟੋਆਂ ਤੇ ਵੀਡੀੳ ਵੰਡੇ ਗਏ ਰਾਸ਼ਨ ਦੀ ਕੁੱਲ ਸੰਖਿਆ ਤੋਂ ਵਧੇਰੇ ਵਾਇਰਲ ਹੋ ਰਹੀਆਂ ਹਨ। ਚਾਰ ਚੁਫੇਰੇ ਰਾਸ਼ਨ ਤੇ ਲੰਗਰ ਵੰਡਣ ਦੀਆਂ ਅਵਾਜਾਂ ਲੱਗ ਰਹੀਆਂ ਨੇ।
ਇੱਨ੍ਹਾਂ ਸਭ ਕੁਝ ਹੋਣ ਦੇ ਬਾਵਜੂਦ ਵੀ ਰਾਏਕੋਟ ਰੋਡ ਤੇ ਪੈਂਦੇ ਰਾਜ ਸਿਨੇਮਾ ਦੇ ਲਾਗਲੇ ਬਾਬਾ ਰਾਮਦੇਵ ਨਗਰ ਵਿੱਚ ਆਪਣੇ ਚਾਰ ਜਣਿਆ ਦੇ ਪਰਿਵਾਰ ਸਮੇਤ ਭੁੱਖਣ-ਭਾਣੇ ਕਮਰੇ ਚ, ਬੰਦ ਪ੍ਰਵਾਸੀ ਮਜਦੂੁਰ ਪਵਨ ਕੁਮਾਰ ਪੁੱਤਰ ਜਤਿੰਦਰ ਜੈਸਵਾਲ ਨੂੰ ਪੁਲਿਸ ਨੂੰ ਰੋਟੀ ਨਾ ਮਿਲਣ ਦੀ ਸ਼ਿਕਾਇਤ ਦਰਜ਼ ਕਰਵਾਉਣ ਲਈ ਫੋਨ ਕਰਨਾ ਪਿਆ। ਫੋਨ ਕਰਨ ਤੋਂ ਕਰੀਬ 5 ਕੁ ਘੰਟਿਆਂ ਬਾਅਦ ਪੁਲਿਸ ਕਰਮਚਾਰੀਆਂ ਨੇ ਰੋਡ ਤੇ ਆ ਕੇ ਉਸ ਨੂੰ ਫੋਨ ਕਰਕੇ ਸੜ੍ਹਕ ਤੇ ਬੁਲਾਇਆ ਤੇ ਡੇਢ ਕਿਲੋ ਆਟਾ, 1 ਕਿਲੋ ਚੌਲ ਤੇ 1 ਕਿਲੋ ਛੋਲਿਆਂ ਦੀ ਦਾਲ ਦੇ ਪੈਕਟ ਦੇ ਕੇ ਚਲੇ ਗਏ। ਪੁਲਿਸ ਕੰਟਰੋਲ ਰੂਮ ਦੀ ਬਦੌਲਤ ਪਵਨ ਤੇ ਉਸ ਦਾ ਪਰਿਵਾਰ 2 ਦਿਨ ਬਾਅਦ ਐਤਵਾਰ ਦੀ ਰਾਤ ਨੂੰ ਭਰ ਪੇਟ ਖਾਣਾ ਖਾ ਕੇ ਸੌਂ ਗਿਆ।
ਸੁਭ੍ਹਾ ਹੋਈ ਤਾਂ, ਫਿਰ ਬੱਚਿਆਂ ਨੂੰ ਭੁੱਖ ਸਤਾਉਣ ਲੱਗ ਪਈ। ਪਵਨ ਨੇ ਬਰਨਾਲਾ ਟੂਡੇ ਦੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰ, ਲੌਕਡਾਉਣ ਤੇ ਹਾਲੇ ਕਈ ਦਿਨ ਹੋਰ ਵੀ ਚੱਲੇਗਾ। ਦਿਹਾੜੀ ਨਾ ਮਿਲਣ ਕਰਕੇ ਕਮਾਈ ਦੀ ਫਿਲਹਾਲ ਕੋਈ ਸੰਭਾਵਨਾ ਆਉਣ ਵਾਲੇ ਕੁਝ ਦਿਨਾਂ ਤੱਕ ਵੀ ਨਹੀ ਦਿਸਦੀ। ਪਵਨ ਨੇ ਘਰ ਦੀ ਖਾਲੀ ਰਸੋਈ ਦਾ ਦ੍ਰਿਸ਼ ਵੀ ਦਿਖਾਇਆ ਕਿ ਹਰ ਬਰਤਨ ਖਾਲੀ ਖੜਕਦਾ ਹੈ। ਪਵਨ ਨੇ ਬਹੁਤ ਹੀ ਭਾਵੁਕ ਅੰਦਾਜ਼ ਚ, ਬੋਲਿਆ ਕਿ ਸਰ ਮੈਂ ਆਪਣੀਆਂ 7 ਤੇ 8 ਸਾਲ ਦੀਆਂ ਧੀਆਂ ਨੂੰ ਭੁੱਖ ਲਈ ਰੋਂਦੇ ਦੇਖ ਨਹੀ ਸਕਦਾ। ਕਹਿੰਦਾ ਹਾਲਤ ਕਿਹੋ ਜਿਹੇ ਮਰਜ਼ੀ ਹੋਣ ਪਰ ਢਿੱਡ ਤੇ ਰੋਟੀ ਨਾਲ ਹੀ ਭਰਨੈ। ਪਵਨ ਇਕੱਲਾ ਨਹੀ, ਉਸ ਵਰਗੇ ਹੋਰ ਕਿੰਨ੍ਹੇ ਹੀ ਜਰੂਰਤਮੰਦ ਪਰਿਵਾਰ ਘਰਾਂ ਦੀ ਚਾਰਦੀਵਾਰੀ ਅੰਦਰ ਹੀ ਦੋ ਵਖਤ ਦੀ ਰੋਟੀ ਨੂੰ ਤਰਸ ਰਹੇ ਹੋਣਗੇ, ਇਸ ਗੱਲ ਦਾ ਅੰਦਾਜ਼ਾ ਪਵਨ ਦੀ ਦਾਸਤਾਨ ਤੋਂ ਸਹਿਜੇ ਹੀ ਲਗਾਇਆ ਜਾ ਸਕਦੈ। ਪਵਨ ਦੇ ਇਹ ਸਵਾਲ ਨੇ ਸਮੁੱਚੇ ਸਿਸਟਮ ਨੂੰ ਇਹ ਕਹਿ ਕੇ ਝੰਜੋੜਿਆ ਕਿ ਸਰ, ਅੱਜ ਫੇਰ ਉਸ ਨੂੰ ਖਾਣੇ ਲਈ ਪੁਲਿਸ ਨੂੰ ਫੋਨ ਕਰਨਾ ਪਊ, ਜਾਂ ,,,,,,।