ਅਸਰ ਰਸੂਖ ਜਿੰਦਾਬਾਦ ਵਾਲੀ ਗੱਲ ਵੀ ਅੰਦਰ-ਖਾਤੇ ਸਿਰੇ ਚੜ੍ਹ ਗਈ ! ਪੁਲਿਸ ਕੋਲ ਕਲਕੱਤਾ ਕਾਰੋਬਾਰ ਬਾਰੇ ਰਿੰਕੂ ਨੇ ਹਾਲੇ ਤੱਕ ਨਹੀ ਖੋਲ੍ਹਿਆ ਮੂੰਹ,ਹੁਣ ਹੋਰ ਸਖਤੀ ਨਾਲ ਹੋਊ
ਬਰਨਾਲਾ ਟੂਡੇ ਬਿਊਰੋ,
ਸਾਈਕੋਟਰੋਪਿਕ ਨਸ਼ਾ ਤਸਕਰੀ ਰੈਕਟ ਦੇ ਮੁਖੀ ਤੇ ਬੀਰੂ ਰਾਮ ਠਾਕੁਰ ਦਾਸ ਫਰਮ ਦੇ ਸੰਚਾਲਕ ਅਤੇ ਨਸ਼ਾ ਤਸਕਰੀ ਦੇ ਬੇਤਾਜ਼ ਬਾਦਸ਼ਾਹ ਨਰੇਸ਼ ਕੁਮਾਰ ਉਰਫ ਰਿੰਕੂ ਮਿੱਤਲ ਅਤੇ ਉਸਦੇ ਪਿਆਦੇ ਤਾਇਬ ਕੁਰੈਸ਼ੀ ਨੂੰ ਹੋਰ ਡੂੰਘਾਈ ਨਾਲ ਤਫਤੀਸ਼ ਕਰਨ ਲਈ ਸੀਜੀਐਮ ਵਿਨੀਤ ਨਾਰੰਗ ਦੀ ਅਦਾਲਤ ਨੇ ਮੰਗਲਵਾਰ ਬਾਅਦ ਦੁਪਹਿਰ ਪੁਲਿਸ ਦੀ ਮੰਗ ਤੇ 4 ਦਿਨ ਹੋਰ ਪੁਲਿਸ ਰਿਮਾਂਡ ਦੀ ਮਿਆਦ ਵਿੱਚ ਵਾਧਾ ਕਰ ਦਿੱਤਾ।
ਇਸੇ ਅਦਾਲਤ ਵੱਲੋਂ ਸ਼ਨੀਵਾਰ ਨੂੰ ਦਿੱਤੇ 2 ਦਿਨ ਦੇ ਰਿਮਾਂਡ ਦੌਰਾਨ ਪੁਲਿਸ ਨੂੰ ਕਾਫੀ ਅਹਿਮ ਸੁਰਾਗ ਮਿਲਣ ਦੀ ਕਨਸੌਅ ਜਰੂਰ ਹੈ। ਪਰ ਨਾ ਕੋਈ ਨਵੀਂ ਰਿਕਵਰੀ ਹੋਈ ਤੇ ਨਾ ਹੀ ਕੋਈ ਰੈਕਟ ਚ, ਸ਼ਾਮਿਲ ਹੋਰ ਤਸਕਰ ਹੱਥ ਲੱਗਿਆ। ਪਰੰਤੂ ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਦੋਵਾਂ ਦੋਸ਼ੀਆਂ ਦੀ ਸਾਂਝੀ ਤਫਤੀਸ਼ ਦੌਰਾਨ ਦੋਸ਼ੀਆਂ ਨੇ ਪੁਿਲਸ ਕੋਲ ਕਈ ਅਹਿਮ ਸੁਰਾਗ ਤਾਂ ਜਰੂਰ ਮੰਨੇ ਹਨ,ਪਰੰਤੂ ਪ੍ਰਾਪਤ ਜਾਣਕਾਰੀਆਂ ਪ੍ਰਦੇਸ਼ ਤੋਂ ਬਾਹਰ ਹੋਣ ਕਾਰਨ ਕੋਈ ਰਿਕਵਰੀ ਜਾਂ ਹੋਰ ਦੋਸ਼ੀ ਨਹੀ ਮਿਲਿਆ। ਸਰਕਾਰੀ ਵਕੀਲ ਨੇ ਦੱਸਿਆ ਕਿ ਰੈਕਟ ਵੱਡਾ ਹੈ ਤੇ ਦੋਸ਼ੀ ਬਹੁਤ ਹੀ ਸ਼ਾਤੁਰ ਪ੍ਰਵਿਰਤੀ ਦੇ ਹਨ। ਇਸ ਲਈ ਪ੍ਰਾਪਤ ਹੋਏ ਸੁਰਾਗਾਂ ਤੇ ਅੱਗੇ ਵੱਧਦੇ ਹੋਏ,ਵੱਡੀ ਰਿਕਵਰੀ ਲਈ ਕੁੱਝ ਹੋਰ ਰਿਮਾਂਡ ਦੀ ਜਰੂਰਤ ਹੈ। ਸੀਜੀਐਮ ਵਿਨੀਤ ਨਾਰੰਗ ਨੇ ਸਰਕਾਰੀ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ, 12 ਮਾਰਚ ਤੱਕ ਦੋਵਾਂ ਦੋਸ਼ੀਆਂ ਦੇ ਰਿਮਾਂਡ ਦੀ ਮਿਆਦ ਚ, ਵਾਧਾ ਕਰ ਦਿੱਤਾ।
-ਹੋਰ ਸਖਤੀ ਨਾਲ ਪੁੱਛਗਿੱਛ ਕਰਾਂਗੇ, ਲੁਕਿਆਂ ਕੁਝ ਨਹੀਂ ਰਹਿਣ ਦਿਆਂਗੇ-ਐਸਪੀ ਵਿਰਕ
ਐਸਪੀਡੀ ਸੁਖਦੇਵ ਸਿੰਘ ਵਿਰਕ ਨੇ ਪੁਲਿਸ ਰਿਮਾਂਡ ਚ, ਹੋਏ ਖੁਲਾਸਿਆਂ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਤਫਤੀਸ਼ ਦੌਰਾਨ ਰਿੰਕੂ ਮਿੱਤਲ ਦੇ ਦੂਰ ਦੂਰ ਤੱਕ ਫੈਲੇ ਕਾਲੇ ਕਾਰੋਬਾਰ ਦੇ ਸਬੰਧ ਵਿੱਚ ਮਿਲੀਆਂ ਸੂਚਨਾਵਾਂ ਮੀਡੀਆ ਨਾਲ ਸਾਂਝੀਆਂ ਕਰਨ ਤੇ ਦੋਸ਼ੀਆਂ ਨੂੰ ਲਾਭ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਰਿੰਕੂ ਮਿੱਤਲ ਤੋਂ ਕਲਕੱਤਾ ਕਾਰੋਬਾਰ ਬਾਰੇ ਪੁੱਛਗਿੱਛ ਜ਼ਰੂਰ ਕੀਤੀ ਗਈ,ਉਸ ਦੇ ਪੁਲਿਸ ਕੋਲ ਉਪਲੱਭਧ ਮੋਬਾਇਲ ਦੀਆਂ ਕਰੀਬ ਪਿਛਲੇ 3-4 ਮਹੀਨਿਆਂ ਦੀਆਂ ਕਾਲ ਡਿਟੇਲ ਤੇ ਲੋਕੋਸ਼ਨ ਦੀ ਤਕਨੀਕੀ ਢੰਗ ਨਾਲ ਜਾਂਚ ਕੀਤੀ ਗਈ, ਪਰੰਤੂ ਫਿਲਹਾਲ ਅਜਿਹਾ ਕੋਈ ਤੱਥ ਸਾਹਮਣੇ ਨਹੀਂ ਆਇਆ। ਪਰੰਤੂ ਇਹ ਵੀ ਇਨਕਾਰ ਨਹੀ ਕੀਤਾ ਜਾ ਸਕਦਾ ਕਿ ਰਿੰਕੂ ਕੋਲ ਇੱਕੋ ਹੀ ਮੋਬਾਇਲ ਹੋਵੇ, ਅਜਿਹੇ ਰੈਕਟ ਚਲਾਉਣ ਵਾਲੇ ਅਕਸਰ ਹੀ ਕਈ ਕਈ ਮੋਬਾਇਲ ਤੇ ਸਿੰਮ ਕਾਰਡ ਵਰਤਦੇ ਤੇ ਬਦਲਦੇ ਰਹਿੰਦੇ ਹਨ। ਹੁਣ ਰਿਮਾਂਡ ਦੌਰਾਨ ਹੋਰ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਐਸਪੀ ਵਿਰਕ ਨੇ ਕਿਹਾ ਕਿ ਪੁਲਿਸ ਟੀਮ ਬੜੇ ਹੀ ਪ੍ਰੋਫੈਸ਼ਨਲ ਤੇ ਅਧੁਨਿਕ ਢੰਗ ਨਾਲ ਤਫਤੀਸ਼ ਕਰ ਰਹੀ ਹੈ। ਪੁਲਿਸ ਨੂੰ ਵੱਖ ਵੱਖ ਸਰੋਤਾਂ ਤੋਂ ਪ੍ਰਾਪਤ ਜਾਣਕਾਰੀਆਂ ਚ, ਕੁਝ ਵੀ ਲੁਕਿਆ ਨਹੀਂ ਰਹਿਣ ਦਿਆਂਗੇ।
-ਲੋਕਾਂ ਚ, ਸ਼ੱਕ- ਰਿਮਾਂਡ ਵਧਿਆ,ਪਰ ਰਿਕਵਰੀ ਕਿਉਂ ਨਹੀਂ
ਰਿੰਕੂ ਮਿੱਤਲ ਦੀ ਨਿਸ਼ਾਨਦੇਹੀ ਤੇ ਉਸ ਦੇ ਸਹਿਯੋਗੀ ਤਾਇਬ ਕੁਰੈਸ਼ੀ ਦੀ ਪਕੜ ਵਿੱਚ ਆਉਣ ਅਤੇ ਦੇਸ਼ ਭਰ ਚ, ਨਸ਼ੀਲੀਆਂ ਗੋਲੀਆਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਮਥੁਰਾ ਦੇ ਗੋਦਾਮ ਤੇ ਕੁਰੈਸ਼ੀ ਦੇ ਘਰੋਂ ਹੋਈ ਚਾਲੀ ਲੱਖ ਨਸ਼ੀਲੀਆਂ ਗੋਲੀਆਂ ,ਟੀਕੇ ਤੇ ਕੈਪਸੂਲਾਂ ਦੀ ਰਿਕਵਰੀ ਤੋਂ ਬਾਅਦ ਮਿਲੇ ਤਿੰਨ ਦਿਨ ਦੇ ਪੁਲਿਸ ਮਿਲੇ ਪੁਲਿਸ ਰਿਮਾਂਡ ਦੌਰਾਨ ਕੋਈ ਵੀ ਹੋਰ ਰਿਕਵਰੀ ਦਾ ਨਾ ਹੋਣਾ,ਲੋਕਾਂ ਵਿੱਚ ਕਈ ਤਰਾਂ ਦੇ ਸ਼ੰਕੇ ਪੈਦਾ ਕਰ ਰਿਹਾ ਹੈ,ਕਿ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਤੇ ਵੱਡਾ ਤਸਕਰ ਕੁਰੈਸ਼ੀ ਵੀ ਹੱਥ ਆ ਜਾਣ ਤੋਂ ਬਾਅਦ ਕੁਝ ਵੀ ਬਰਾਮਦ ਕਿਉਂ ਨਹੀਂ ਹੋਇਆ, ਅਜਿਹੇ ਹਾਲਤ ਵਿੱਚ ਜਦੋਂ ਪੁਲਿਸ ਰਿਮਾਂਡ ਵੀ ਨਵਾਂ ਰਿਕਾਰਡ ਕਾਇਮ ਕਰਨ ਵੱਲ ਵੱਧ ਰਿਹਾ ਹੋਵੇ,ਯਾਨੀ ਹੁਣ ਤੱਕ ਐਨਡੀਪੀਐਸ ਐਕਟ ਦੇ ਕਿਸੇ ਵੀ ਕੇਸ ਵਿੱਚ ਕਿਸੇ ਵੀ ਦੋਸ਼ੀ ਨੂੰ 13 ਦਿਨ ਦਾ ਲੰਬਾ ਰਿਮਾਂਡ ਨਹੀਂ ਮਿਲਿਆ। ਅਜਿਹੇ ਹਾਲਤ ਚ, ਇੱਕ ਦਮ ਰਿਕਵਰੀ ਦਾ ਸਿਲਸਿਲਾ ਰੁਕ ਜਾਣਾ, ਕਈ ਤਰਾਂ ਦੀਆਂ ਅਫਵਾਹਾਂ ਨੂੰ ਜਨਮ ਦੇ ਰਿਹਾ ਹੈ।
-ਲੋਕਾਂ ਦੇ ਜ਼ਿਹਨ ਚ, ਉੱਠ ਰਹੇ ਸਵਾਲ
ਰਿੰਕੂ ਮਿੱਤਲ ਦਾ ਪੁਲਿਸ ਰਿਮਾਂਡ ਲਗਾਤਾਰ ਵੱਧ ਰਿਹਾ ਹੈ, ਉਸ ਦੀ ਨਿਸ਼ਾਨਦੇਹੀ ਤੇ ਸਿਰਫ ਇੱਕੋਂ ਠਿਕਾਣੇ ਮਥੁਰਾ ਤੋਂ ਹੋਈ ਰਿਕਵਰੀ ਨੇ ਪ੍ਰਦੇਸ਼ ਹੀ ਨਹੀਂ ਦੇਸ਼ ਭਰ ਦੇ ਨਸ਼ੀਲੀ ਦਵਾਈਆਂ ਦੀ ਰਿਕਵਰੀ ਦੇ ਰਿਕਾਰਡ ਤੋੜ ਦਿੱਤੇ ਹਨ। ਬਰਨਾਲਾ ਪੁਲਿਸ ਦੀ ਹਰ ਪਾਸਿਉਂ ਸਰਾਹਣਾ ਹੋਈ, ਬੱਲੇ-ਬੱਲੇ ਦੀ ਲੋਕਾਂ ਨੇ ਕੋਈ ਕਮੀ ਨਹੀਂ ਛੱਡੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਨੇ ਵੀ ਵਧਾਈ ਦਿੱਤੀ। ਪਰ ਯੱਕਦਮ ਸਭ ਕੁਝ ਬੜੇ ਹੀ ਨਾਟਕੀ ਅੰਦਾਜ਼ ਨਾਲ ਠੱਪ ਹੋ ਗਿਆ,ਆਖਿਰ ਕਿਉਂ ਤੇ ਕਿਵੇਂ,ਇਹ ਸਵਾਲਾਂ ਦਾ ਲੋਕਾਂ ਨੂੰ ਕੋਈ ਵੀ ਦਲੀਲ ਅਤੇ ਜੁਆਬ ਤਸੱਲੀ ਨਹੀਂ ਕਰਵਾ ਰਿਹਾ। ਬੀਰੂ ਰਾਮ ਠਾਕੁਰ ਦਾਸ ਫਰਮ ਦੀ ਦੁਕਾਨ ਫਿਰ ਖੁੱਲ ਗਈ। ਸਭ ਕੁਝ ਆਮ ਦੀ ਤਰਾਂ ਹੋ ਗਿਆ, ਰਿੰਕੂ ਦੇ ਪਰਿਵਾਰ ਵਾਲਿਆਂ ਦੇ ਚਿਹਰਿਆਂ ਦਾ ਭੈਅ ਵੀ ਖੰਭ ਲਾ ਕੇ ਉੱਡ ਗਿਆ। ਪੁਲਿਸ ਦੀ ਬੱਲੇ-ਬੱਲੇ ਕਰਨ ਵਾਲਿਆਂ ਲੋਕਾਂ ਦੇ ਮਨਾਂ ਵਿੱਚ ਤਰਾਂ ਤਰਾਂ ਦੇ ਸ਼ੰਕਿਆਂ ਨੇ ਖਾਕੀ ਤੇ ਦਾਗ ਲਾਉਣੇ ਸ਼ੁਰੂ ਕਰ ਦਿੱਤੇ।
-ਹੁਣ ਰਿੰਕੂ ਨੂੰ ਫਾਇਦਾ ਪਹੁੰਚਾਉਣ ਲੱਗੀ ਪੁਲਿਸ !
ਕਾਨੂੰਨੀ ਮਾਹਿਰਾਂ ਦੇ ਅਨੁਸਾਰ ਇੱਕ ਸਮੇਂ ਰਿੰਕੂ ਮਿੱਤਲ ਦੀ ਨਿਸਾਨਦੇਹੀ ਤੇ ਵੱਡੀ ਰਿਕਵਰੀ ਕਰਵਾ ਕੇ ਪੁਲਿਸ ਨੇ ਬੱਲੇ-ਬੱਲੇ ਤਾਂ ਕਰਵਾ ਲਈ, ਅਖਬਾਰਾਂ ਤੇ ਚੈਨਲਾਂ ਅਤੇ ਸ਼ੋਸ਼ਲ ਮੀਡੀਆਂ ਚ, ਸੁਰਖੀਆਂ ਵੀ ਬਟੋਰ ਲਈਆਂ। ਪਰੰਤੂ ਪੁਲਿਸ ਨੇ ,ਇਸੇ ਸ਼ੋਰ ਚ, ਰਿੰਕੂ ਮਿੱਤਲ ਨੂੰ ਵੱਡਾ ਫਾਇਦਾ ਵੀ ਪਹੁੰਚਾ ਦਿੱਤਾ। ਫਾਇਦਾ ਇਹ ਕਿ ਪੁਲਿਸ ਨੇ ਰਿਕਵਰੀ ਰਿੰਕੂ ਤੋਂ ਨਹੀਂ, ਬਲਕਿ ਉਸ ਦੇ ਪਿਆਦੇ ਤਾਇਬ ਕੁਰੈਸ਼ੀ ਦੇ ਹਿੱਸੇ ਪਾ ਦਿੱਤੀ। ਇਸ ਤਰਾਂ ਰਿੰਕੂ ਮਿੱਤਲ ਤੋਂ ਹੋਈ ਰਿਕਵਰੀ ਤਾਂ 7 ਹਜ਼ਾਰ ਗੋਲੀਆਂ ਤੋਂ ਅੱਗੇ ਨਹੀਂ ਵਧ ਸਕੀ। ਕੁਝ ਪੁਲਿਸ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਰਿੰਕੂ ਮਿੱਤਲ ਨੂੰ ਵੱਡੀ ਨਸ਼ੇ ਦੀ ਖੇਪ ਤੋਂ ਦੂਰ ਕਰ ਦਿੱਤਾ ਗਿਆ ਹੈ। ਕਿਉਂਕਿ ਚਾਲੀ ਲੱਖ 1 ਹਜਾਰ ਚਾਲੀ ਨਸ਼ੀਲੀਆਂ ਗੋਲੀਆਂ,ਕੈਪਸੂਲ ਤੇ ਟੀਕੇ ਤਾਇਬ ਕੁਰੈਸ਼ੀ ਤੋਂ ਬਰਾਮਦ ਹੋਏ ਦਿਖਾਏ ਗਏ ਹਨ। ਇਸ ਦਾ ਲਾਭ ਰਿੰਕੂ ਮਿੱਤਲ ਦੀ ਜਮਾਨਤ ਮਿਲਣ ਤੋਂ ਲੈ ਕੇ ਕੇਸ ਦੇ ਨਿਰਣੇ ਤੱਕ ਤੋ ਵੀ ਪੈਣਾ ਨਿਸਚਿਤ ਹੈ। ਸ਼ੰਕਾ ਤਾਂ ਇਹ ਵੀ ਪ੍ਰਗਟਾਈ ਹੈ ਕਿ ਦਰਅਸਲ,, ਅਸਰ ਰਸੂਖ ਜਿੰਦਾਬਾਦ ਵਾਲੀ ਗੱਲ ਵੀ ਅੰਦਰ-ਖਾਤੇ ਸਿਰੇ ਚੜ੍ਹ ਗਈ ਹੈ।