Skip to content
- ਰਿੰਕੂ ਮਿੱਤਲ ਦਾ 1 ਹੋਰ ਕੈਮਿਸਟ ਸਾਥੀ ਵੀ ਚੜ੍ਹਿਆ ਪੁਲਿਸ ਦੇ ਹੱਥੇ
- -ਹਰਦੀਪ ਬੱਬੂ ਤੋਂ 60 ਹਜਾਰ ਰੁਪਏ ਡਰੱਗ ਮਨੀ ਤੇ 3 ਹਜ਼ਾਰ ਗੋਲੀਆਂ ਬਰਾਮਦ
- ਰੁਪੇਸ਼ ਦੀ ਨਿਸ਼ਾਨਦੇਹੀ ਤੇ ਉਸ ਦੇ ਘਰੋਂ ਬਰਾਮਦ ਹੋਈਆਂ 340 0 ਗੋਲੀਆਂ
- -ਤਾਇਬ ਕੁਰੈਸ਼ੀ ਨੂੰ ਨਾਲ ਲੈ ਕੇ ਨਾਮਜ਼ਦ 6 ਦੋਸ਼ੀਆਂ ਨੂੰ ਫੜ੍ਹਨ ਬਨਾਰਸ ਪਹੁੰਚੀ ਪੁਲਿਸ ਪਾਰਟੀ
- ਬਰਨਾਲਾ ਟੂਡੇ,
- ਪਰਤ ਦਰ ਪਰਤ ਹਰ ਦਿਨ ਉੱਧੜ ਰਹੀਆਂ ਸਾਈਕੋਟਰੋਪਿਕ ਨਸ਼ਾ ਤਸਕਰੀ ਰੈਕਟ ਦੀਆਂ ਤੰਦਾਂ ਨੂੰ ਜੋੜ-ਜੋੜ ਕੇ ਲਗਾਤਾਰ ਤਫਤੀਸ਼ ਨੂੰ ਅੱਗੇ ਵਧਾ ਰਹੀ ਸੀਆਈਏ ਦੀ ਟੀਮ ਨੂੰ ਇੱਕ ਹੋਰ ਵੱਡੀ ਸਫਲਤਾ ਮਿਲਣ ਦੇ ਭਾਰੀ ਅਸਾਰ ਬਣ ਗਏ ਹਨ। ਜਿੱਥੇ ਇੱਕ ਪਾਸੇ ਸੀਆਈਏ ਦੀ ਟੀਮ ਪੁਲਿਸ ਰਿਮਾਂਡ ਤੇ ਚੱਲ ਰਹੇ ਦੋਸ਼ੀ ਤਾਇਬ ਕੁਰੈਸ਼ੀ ਨੂੰ ਨਾਲ ਲੈ ਕੇ ਉਸ ਦੀ ਪੁੱਛਗਿੱਛ ਤੋਂ ਬਾਅਦ ਨਾਮਜ਼ਦ ਕੀਤੇ 6 ਦੋਸ਼ੀਆਂ ਦੀ ਤਲਾਸ਼ ਵਿੱਚ ਬਨਾਰਸ ਪਹੁੰਚ ਚੁੱਕੀ ਹੈ। ਉੱਥੇ ਹੀ ਸੀਆਈਏ ਦੇ ਇੰਚਾਰਜ਼ ਬਲਜੀਤ ਸਿੰਘ ਦੀ ਅਗਵਾਈ ਵਿੱਚ ਐਸਐਸਪੀ ਸੰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ ਨੂੰ ਅਮਲੀ ਜਾਮਾਂ ਪਹਿਣਾਉਣ ਤੇ ਲੱਗੀ ਪੁਲਿਸ ਟੀਮ ਬਰਨਾਲਾ ਸ਼ਹਿਰ ਦੇ ਚੱਪੇ-ਚੱਪੇ ਨੂੰ ਛਾਣ ਕੇ ਬੀਰੂ ਰਾਮ ਠਾਕੁਰ ਦਾਸ ਫਰਮ ਦੇ ਸੰਚਾਲਕ ਤੇ ਰੈਕਟ ਦੇ ਮੁਖੀ ਨਰੇਸ਼ ਕੁਮਾਰ ਉਰਫ ਰਿੰਕੂ ਮਿੱਤਲ ਦੀ ਤਫਤੀਸ਼ ਦੌਰਾਨ ਸਾਹਮਣੇ ਆਏ ਦੋਸ਼ੀਆਂ ਦੀ ਪੈੜ ਲੱਭਣ ਲਈ ਵੀ ਪੱਬਾਂ ਭਾਰ ਹੋਈ ਫਿਰਦੀ ਹੈ।
- ਸੀਆਈਏ ਦੇ ਏਐਸਆਈ ਸ਼ਰੀਫ ਖਾਨ ਦੀ ਅਗਵਾਈ ਚ ਬਾਜਾਖਾਨਾ ਰੋਡ ਤੇ ਸ਼ੱਕੀ ਵਿਅਕਤੀਆਂ ਤੇ ਨਜ਼ਰ ਟਿਕਾਈ ਖੜ੍ਹੀ ਪੁਲਿਸ ਪਾਰਟੀ ਨੇ ਰਿੰਕੂ ਮਿੱਤਲ ਦੇ ਇੱਕ ਹੋਰ ਕੈਮਿਸਟ ਸਾਥੀ ਹਰਦੀਪ ਬੱਬੂ ਨਿਵਾਸੀ ਬਰਨਾਲਾ ਨੂੰ ਵੀ ਕਾਬੂ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਆਈਏ ਇੰਚਾਰਜ਼ ਬਲਜੀਤ ਸਿੰਘ ਨੇ ਦੱਸਿਆ ਕਿ ਰਿੰਕੂ ਕੇਸ ਵਿੱਚ ਨਵੇਂ ਨਾਮਜ਼ਦ ਕੀਤੇ ਦੋਸ਼ੀ ਹਰਦੀਪ ਬੱਬੂ ਨੂੰ ਪੁਲਿਸ ਪਾਰਟੀ ਨੇ ਸ਼ਨੀਵਾਰ ਨੂੰ ਹਿਰਾਸਤ ਵਿੱਚ ਲੈ ਕੇ ਉਸ ਦੇ ਕਬਜ਼ੇ ਚੋਂ, 60 ਹਜ਼ਾਰ ਰੁਪਏ ਦੀ ਡਰੱਗ ਮਨੀ ਤੇ 3 ਹਜ਼ਾਰ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਰਿਮਾਂਡ ਵਿੱਚ ਹੋਈ ਪੁੱਛਗਿੱਛ ਦੌਰਾਨ ਰਿੰਕੂ ਦੇ ਸਾਥੀ ਕੈਮਿਸਟ ਰੁਪੇਸ਼ ਕੁਮਾਰ ਦੀ ਨਿਸ਼ਾਨਦੇਹੀ ਤੇ ਵੀ ਏਐਸਆਈ ਕੁਲਦੀਪ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਵੀ ਉਸ ਦੇ ਘਰੋਂ ਛੁਪਾ ਕੇ ਰੱਖੀਆਂ 3400 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੂਰੇ ਆਪਰੇਸ਼ਨ ਦੀ ਹੀਰੋ ਦੇ ਤੌਰ ਕੇ ਉੱਭਰ ਕੇ ਸਾਹਮਣੇ ਆਏ ਇੰਸਪੈਕਟਰ ਬਲਜੀਤ ਸਿੰਘ ਨੇ ਕਿਹਾ ਕਿ ਤਫਤੀਸ਼ ਸਹੀ ਦਿਸ਼ਾ ਵੱਲ ਵਧ ਰਹੀ ਹੈ, ਹੋਰ ਵੱਡੀ ਰਿਕਵਰੀ ਹੋਣ ਦੀ ਸੰਭਾਵਨਾ ਹਾਲੇ ਵੀ ਬਰਕਰਾਰ ਹੈ।
- -ਸੈਂਸੀ ਬਸਤੀ ਵਿੱਚ ਪਸਰਿਆ ਸਨਾਟਾ,,
- -ਲੰਬੇ ਅਰਸੇ ਤੋਂ ਨਸ਼ੇ ਦੀ ਵਿਕਰੀ ਲਈ ਬਦਨਾਮ ਬਰਨਾਲਾ ਦੀ ਸੈਂਸੀ ਬਸਤੀ ਚ, ਰਿੰਕੂ ਮਿੱਤਲ ਦੀ ਨਸ਼ਾ ਸਪਲਾਈ ਦੀ ਮੁੱਖ ਕੜੀ ਬਣ ਕੇ ਬੇਖੌਫ ਵਿਚਰਣ ਵਾਲਾ ਬਸਤੀ ਦਾ ਹੀ ਰਹਿਣ ਵਾਲਾ ਇੱਕ ਨਸ਼ਾ ਸਪਲਾਇਰ ਵੀ ਪੁਲਿਸ ਦੇ ਸਖਤੀ ਨਾਲ ਆਪਣੇ ਵੱਲ ਵੱਧਦੇ ਕਦਮਾਂ ਦੀ ਆਹਟ ਸੁਣ ਕੇ ਰੂਪੋਸ਼ ਹੋ ਗਿਆ ਹੈ। ਸੂਤਰਾਂ ਮੁਤਾਬਿਕ ਪੁਲਿਸ ਨੇ ਇਸ ਤਸਕਰ ਨੂੰ ਕਾਬੂ ਕਰਨ ਲਈ ਪੂਰਾ ਜਾਲ ਵਿਛਾ ਦਿੱਤਾ ਹੈ। ਲੱਗਦਾ ਹੈ ਕਿ ਇਹ ਤਸਕਰ ਵੀ ਹੁਣ ਜਿਆਦਾ ਦਿਨ ਪੁਲਿਸ ਦੀ ਪਕੜ ਤੋਂ ਖੁਦ ਨੂੰ ਬਚਾ ਨਹੀਂ ਸਕੇਗਾ। ਵਰਨਣਯੋਗ ਹੈ ਕਿ ਪੁਲਿਸ ਹੁਣ ਤੱਕ ਰਿੰਕੂ ਮਿੱਤਲ ਸਮੇਤ ਰੈਕਟ ਦੇ ਕੁੱਲ 7 ਮੈਂਬਰਾਂ ਨੂੰ ਗਿਰਫਤਾਰ ਕਰ ਚੁੱਕੀ ਹੈ। ਕਾਬੂ ਕੀਤੇ ਦੋਸ਼ੀਆਂ ਚੋਂ ਤਿੰਨ ਨਿਆਂਇਕ ਹਿਰਾਸਤ ਵਿੱਚ ਬਰਨਾਲਾ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚ ਚੁੱਕੇ ਹਨ। ਜਦੋਂ ਕਿ ਤਾਇਬ ਕੁਰੈਸ਼ੀ, ਪ੍ਰੇਮ ਕੁਮਾਰ ਨੀਟੂ, ਰੁਪੇਸ਼ ਕੁਮਾਰ,ਹਰਦੀਪ ਬੱਬੂ ਪੁਲਿਸ ਰਿਮਾਂਡ ਚ ਹਨ। ਬਰਨਾਲਾ ਪੁਲਿਸ ਨੂੰ ਇਸ ਕੇਸ ਵਿੱਚ ਪੰਜਾਬ ਦੀ ਹੁਣ ਤੱਕ ਦੀ ਸਭ ਤੋਂ ਵੱਡੀ 40 ਲੱਖ , 1 ਹਜਾਰ 40 ਤੋਂ ਵਧੇਰੇ ਨਸ਼ੀਲੀਆਂ ਗੋਲੀਆਂ,ਕੈਪਸੂਲ ਤੇ ਟੀਕਿਆਂ ਦੀ ਵੱਡੀ ਬਰਾਮਦਗੀ ਕਰਨ ਦਾ ਮਾਣ ਹਾਸਿਲ ਹੋ ਚੁੱਕਾ ਹੈ।
- -ਐਸਪੀਡੀ ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਪੁਲਿਸ ਪਾਰਟੀ ਤਾਇਬ ਕੁਰੈਸ਼ੀ ਨੂੰ ਨਾਲ ਲੈ ਕੇ ਕੇਸ ਚ, ਨਾਮਜ਼ਦ 6 ਦੋਸ਼ੀਆਂ ਨੂੰ ਗਿਰਫਤਾਰ ਕਰਨ ਲਈ ਬਨਾਰਸ ਪਹੁੰਚ ਚੁੱਕੀ ਹੈ। ਉੱਨ੍ਹਾਂ ਦਾਅਵਾ ਕੀਤਾ ਕਿ ਬਹੁਤ ਹੀ ਪ੍ਰੋਫੈਸ਼ਨਲ ਢੰਗ ਨਾਲ ਤਫਤੀਸ਼ ਕਰ ਰਹੀ ਪੁਲਿਸ ਪਾਰਟੀ ਨੂੰ ਜਲਦ ਹੀ ਹੋਰ ਵੱਡੀ ਸਫਲਤਾ ਮਿਲਣ ਦੀ ਪੂਰੀ ਉਮੀਦ ਹੈ। ਐਸਐਸਪੀ ਸੰਦੀਪ ਗੋਇਲ ਨੇ ਕਿਹਾ ਕਿ ਨਸ਼ਾ ਰੈਕਟ ਕਾਫੀ ਦੂੁਰ ਦੂਰ ਤੱਕ ਫੈਲੇ ਹੋਣ ਦੇ ਸਬੂਤ ਪੁਲਿਸ ਹੱਥ ਲੱਗ ਚੁੱਕੇ ਹਨ। ਰੈਕਟ ਵਿੱਚ ਸ਼ਾਮਿਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀ ਜਾਵੇਗਾ।