ਸਿਹਤ ਵਿਭਾਗ ਵੱਲੋਂ ਸਿਹਤ ਜਾਗਰੂਕਤਾ ਸਭਾ ਆਯੋਜਿਤ

Spread the love

ਬਿੱਟੂ ਜਲਾਲਾਬਾਦੀ, ਫਿਰੋਜ਼ਪੁਰ, 13 ਜੁਲਾਈ 2023


     ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ:ਰਾਜਿੰਦਰ ਪਾਲ ਦੀ ਅਗਵਾਈ ਹੇਠ ਜ਼ਿਲਾ ਹਸਪਤਾਲ ਫਿਰੋਜ਼ਪੁਰ ਦੇ ਜੱਚਾ ਬੱਚਾ ਵਿਭਾਗ ਵਿਖੇ ਇੱਕ ਸਿਹਤ ਜਾਗਰੂਕਤਾ ਸਭਾ ਆਯੋਜਿਤ ਕੀਤੀ ਗਈ। ਇਸ ਦੌਰਾਨ ਸੰਸਥਾ ਦੇ ਜੱਚਾ ਬੱਚਾ ਰੋਗ ਮਾਹਿਰ ਡਾ:ਰਿੱਚਾ ਪਸਰੀਚਾ ਨੇ ਗਰਭਵਤੀ ਔਰਤਾਂ ਲਈ ਬਹੁਤ ਹੀ ਅਹਿਮ ਨੁਕਤੇ ਹਾਜ਼ਰੀਨ ਨਾਲ ਸਾਂਝੇ ਕੀਤੇ।

    ਡਾ:ਰਿੱਚਾ ਨੇ ਗਰਭਵਤੀਆਂ ਦੀ ਜਲਦੀ ਰਜ਼ਿਸਟਰੇਸ਼ਨ, ਗਰਭਕਾਲ ਦੌਰਾਨ ਜ਼ਰੂਰੀ ਘੱਟੋ ਘੱਟ ਚਾਰ ਏ.ਅੇਨ.ਸੀ, ਗਰਭਕਾਲ ਦੌਰਾਨ ਘੱਟੋ ਘੱਟ ਇੱਕ ਵਾਰ ਮੈਡੀਕਲ ਸਪੈਸ਼ਲਿਸਟ ਚੈਕਅਪ ਅਤੇ ਪੀ.ਅੇੁਮ.ਐਸ.ਐਮ.ਏ.ਚੈਕਅਪ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਚਲ ਰਹੇ ਪਰਿਵਾਰ ਨਿਯੋਜਨ ਪੰਦਰਵਾੜੇ ਸਬੰਧੀ ਚਰਚਾ ਕਰਦਿਆਂ ਕਿਹਾ ਕਿ ਕਿਸੇ ਵੀ ਕੰਮ ਦੀ ਸਫਲਤਾ ਵਿੱਚ ਵਿਉਂਤਬੰਦੀ ਅਹਿਮ ਸਥਾਣ ਰੱਖਦੀ ਹੈ ਇਸੇ ਤਰਾਂ ਕਿਸੇ ਵੀ ਪਰਿਵਾਰ, ਸਮਾਜ ਅਤੇ ਦੇਸ਼ ਦੇ ਵਿਕਾਸ ਵਿੱਚ ਪਰਿਵਾਰਕ ਵਿਉਂਤਬੰਦੀ ਬਹੁਤ ਮਹੱਤਵਪੂਰਨ ਹੈ।                                      

     ਉਨ੍ਹਾਂ ਦੱਸਿਆ ਕਿ ਦੋ ਬੱਚਿਆਂ ਵਿੱਚ ਘੱਟੋ ਘੱਟ ਤਿੰਨ ਸਾਲ ਦਾ ਅੰਤਰ ਹੋਣਾ ਔਰਤਾਂ ਦੀ ਸਿਹਤ ਲਈ ਬਹੁਤ ਹੀ ਜ਼ਰੂਰੀ ਹੈ।ਵਿਭਾਗ ਵੱਲੋਂ ਦੋ ਬੱਚਿਆਂ ਵਿਚਕਾਰ ਵਕਫਾ ਰੱਖਣ ਲਈ ਸੰਤਾਨ ਸੰਜਮ ਦੇ ਵੱਖ ਵੱਖ ਸਾਧਨ ਜਿਵੇਂ ਨਿਰੋਧ, ਖਾਣ ਵਾਲੀਆਂ ਗੋਲੀਆਂ, ਨਾਨ ਹਾਰਮੋਨਲ ਛਾਇਆ ਗੋਲੀਆਂ, ਅੰਤਰਾ ਟੀਕਾ ਆਦਿ ਮੁਫਤ ਉਪਲੱਬਧ ਕਰਵਾਏ ਜਾਂਦੇ ਹਨ।ਪਰਿਵਾਰ ਵਿੱਚ ਹੋਰ ਵਾਧਾ ਦੀ ਇੱਛਾ ਨਾ ਰੱਖਣ ਵਾਲੇ ਯੋਗ ਜੋੜਿਆਂ ਲਈ ਪਰਿਵਾਰ ਨਿਯੋਜਨ ਦੇ ਸਥਾਨੀ ਸਾਧਨ ਨਲਬੰਦੀ ਅਤੇ ਨਸਬੰਦੀ ਲਈ ਨਗਦ ਉਤਸ਼ਾਹਿਤ ਰਾਸ਼ੀ ਵੀ ਦਿੱਤੀ ਜਾਂਦੀ ਹੈ।

   ਉਨ੍ਹਾਂ ਵਿਭਾਗ ਵੱਲੋਂ ਕਾਰਜਸ਼ੀਲ ਤੀਬਰ ਦਸਤ ਰੋਕੂ ਪੰਦਰਵਾੜੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਰਸਾਤੀ ਮੌਸਮ ਵਿੱਚ ਬੱਚਿਆਂ ਵਿੱਚ ਦਸਤ ਰੋਗ ਤੋਂ ਪੀੜਿਤ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।ਇਸੇ ਲਈ ਵਿਭਾਗ ਵੱਲੋਂ ਇਹ ਪੰਦਰਵਾੜਾ ਆਯੋਜਿਤ ਕੀਤਾ ਜਾਂਦਾ ਹੈ ਜਿਸ ਵਿੱਚ ਸਿਹਤ ਕੇਂਦਰਾਂ ਵਿਖੇ ਓ.ਆਰ.ਐਸ.ਅਤੇ ਜਿੰਕ ਕਾਰਨਰ ਬਣਾਏ ਜਾਂਦੇ ਹਨ ਅਤੇ ਆਸ਼ਾ ਕਾਰਜਕਰਤਾਵਾਂ ਵੱਲੋਂ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਮੁਫਤ ਓ.ਆਰ.ਐਸ.ਵੰਡਿਆਂ ਜਾਂਦਾ ਹੈ ।ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਬੱਚੇ ਨੂੰ ਦਸਤਾਂ ਦੌਰਾਨ ਬੁਖਾਰ ਹੋਵੇ, ਪਾਖਾਣੇ ਵਿੱਚ ਖੂਣ ਆਉਂਦਾ ਹੋਵੇ ,ਬੱਚਾ ਖਾ ਪੀ ਨਾ ਰਿਹਾ ਹੋਵੇ, ਜੇ ਅੱਠ ਘੰਟੇ ਤੱਕ ਪੇਸ਼ਾਬ ਨਾ ਆਇਆ ਹੋਵੇ ਅਤੇ ਇੱਕ ਘੰਟੇ ਵਿੱਚ ਕਈ ਵਾਰ ਪਾਖਾਣਾ ਕਰ ਰਿਹਾ ਹੋਵੇ ਤਾਂ ਅਜਿਹੀ ਹਾਲਤ ਵਿੱਚ ਬੱਚੇ ਨੂੰ ਤੁਰੰਤ ਡਾਕਟਰੀ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ।ਓ.ਆਰ.ਐਸ.ਅਤੇ ਜਿੰਕ ਦੀਆਂ ਗੋਲੀਆਂ ਦਸਤਾਂ ਵਿੱਚ ਬਹੁਤ ਜ਼ਰੂਰੀ ਹਨ। ਇਸ ਨਾਲ ਬੱਚੇ ਉਰਜਾ ਮੁੜ ਬਣੀ ਰਹਿੰਦੀ ਹੈ।

      ਉਨ੍ਹਾਂ ਮਾਵਾਂ ਦੇ ਧਿਆਨ ਹਿੱਤ ਜਰੂਰੀ ਨੁਕਤੇ ਸਾਂਝੇ ਕਰਦਿਆਂ ਕਿਹਾ ਕਿ ਦਸਤਾਂ ਦੌਰਾਨ ਜਾਂ ਬਾਅਦ ਵਿੱਚ ਮਾਂ ਦਾ ਦੁੱਧ, ਤਰਲ ਪਦਾਰਥ ਅਤੇ ਪੂਰਕ ਖੁਰਾਕ ਜਾਰੀ ਰੱਖਣੀ ਚਾਹੀਦੀ ਹੈ। ਪਹਿਲੇ ਛੇ ਮਹੀਨੇ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਹੈ।ਖਾਣਾ ਬਨਾਉਣ, ਬੱਚੇ ਨੂੰ ਭੋਜਨ ਦੇਣ ਤੋਂ ਪਹਿਲਾਂ ਅਤੇ ਬੱਚੇ ਦਾ ਪਾਖਾਣਾ ਸਾਫ ਕਰਨ ਤੋਂ ਬਾਅਦ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ। ਇਸ ਅਵਸਰ ਤੇ ਮਾਸ ਮੀਡੀਆ ਅਫਸਰ ਰੰਜੀਵ ਨੇ ਪੀ.ਸੀ.ਪੀ.ਅੇਨ.ਡੀ.ਟੀ ਐਕਟ ਬਾਰੇ ਜਾਣਕਾਰੀ ਦਿੱਤੀ ਅਤੇ ਬੇਟੀ ਬਚਾਓ ਬੇਟੀ ਪੜਾਓ ਦਾ ਸੰਦੇਸ਼ ਦਿੱਤਾ। ਗਤੀਵਿਧੀ  ਸੰਚਾਲਣ ਵਿੱਚ ਪੀ.ਪੀ.ਯੂ ਦੀ ਸਟਾਫ ਨਰਸ ਗੀਤਾ ਅਤੇ ਆਸ਼ੀਸ਼ ਭੰਡਾਰੀ ਨੇ ਵਿਸ਼ੇਸ਼ ਯੋਗਦਾਨ ਦਿੱਤਾ।


Spread the love
Scroll to Top