ਸਿਹਤ ਸੇਵਾਵਾਂ ਦੇ ਲੁੱਟ ਤੰਤਰ ਖ਼ਿਲਾਫ਼ ਇੰਜਃ ਡੀ ਐੱਮ ਸਿੰਘ ਵੱਲੋਂ ਲਿਖੇ ਨਾਵਲ ਲਿਫ਼ਾਫ਼ਾ ਦਾ ਲੋਕ ਅਰਪਨ ਸਮਾਗਮ 2 ਸਤੰਬਰ ਨੂੰ ਪੰਜਾਬੀ ਭਵਨ ਵਿਖੇ

Spread the love

ਸਿਹਤ ਸੇਵਾਵਾਂ ਦੇ ਲੁੱਟ ਤੰਤਰ ਖ਼ਿਲਾਫ਼ ਇੰਜਃ ਡੀ ਐੱਮ ਸਿੰਘ ਵੱਲੋਂ ਲਿਖੇ ਨਾਵਲ ਲਿਫ਼ਾਫ਼ਾ ਦਾ ਲੋਕ ਅਰਪਨ ਸਮਾਗਮ 2 ਸਤੰਬਰ ਨੂੰ ਪੰਜਾਬੀ ਭਵਨ ਵਿਖੇ

ਲੁਧਿਆਣਾਃ 31ਅਗਸਤ (ਦਵਿੰਦਰ ਡੀ ਕੇ)

ਲੇਖਕ ਇੰਜਃ ਡੀ ਐੱਮ ਸਿੰਘ ਦਾ ਨਾਵਲ ਲਿਫ਼ਾਫ਼ਾ 2 ਸਤੰਬਰ  ਸਵੇਰੇ ਦਸ ਵਜੇ ਪੰਜਾਬੀ ਭਵਨ ਵਿੱਚ ਲੋਕ ਅਰਪਨ ਕੀਤਾ ਜਾਵੇਗਾ। ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਆਯੋਜਿਤ ਇਸ ਮੀਟਿੰਗ ਵਿੱਚ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ, ਜਨ ਸਕੱਤਰ ਡਾਃ ਗੁਰਇਕਬਾਲ ਸਿੰਘ,ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਕਹਾਣੀਕਾਰ ਸੁਖਜੀਤ ਤੇ ਪ੍ਰੋਃ.ਗੁਰਭਜਨ ਸਿੰਘ ਗਿੱਲ ਇਸ ਨਾਵਲ ਨੂੰ ਪਾਠਕਾਂ ਸਨਮੁਖ ਪੇਸ਼ ਕਰਨਗੇ।
ਇੰਜਃ ਡੀ ਐੱਮ ਸਿੰਘ ਨੇ ਦੱਸਿਆ ਕਿ ਇਹ ਨਾਵਲ ਨਵਰੰਗ ਪਬਲੀਕੇਸ਼ਨਜ਼ ਸਮਾਣਾ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। 256 ਸਫ਼ਿਆਂ ਦੇ ਇਸ ਨਾਵਲ ਵਿੱਚ ਕਾਰਪੋਰੇਟ ਘਰਾਣਿਆਂ ਵੱਲੋਂ ਚਲਾਏ ਜਾ ਰਹੇ ਕਮਿਸ਼ਨਬਾਜ਼ੀ ਦੇ ਲੁੱਟ ਤੰਤਰ ਨੂੰ ਬੇਪਰਦ ਕੀਤਾ ਗਿਆ ਹੈ। ਇਸ ਨਾਲ ਜੁੜੇ ਡਰੱਗ ਮਾਫ਼ੀਆ ਤੇ ਭ੍ਰਿਸ਼ਟ ਪੁਲੀਸ ਨਿਜ਼ਾਮ ਨੂੰ ਵੀ ਕੇਂਦਰ ਵਿੱਚ ਰੱਖਿਆ ਗਿਆ ਹੈ। ਨਾਵਲ ਇਸ ਗੱਲ ਤੇ ਪੱਕੀ ਮੋਹਰ ਲਾਉਂਦਾ ਹੈ ਕਿ ਸਭ ਕੁਝ ਵਪਾਰਕ ਬਿਰਤੀ ਅਧੀਨ ਗੁਆਚਣ ਦੇ ਬਾਵਜੂਦ ਦੋਸਤੀ ਹੀ ਅਜ਼ੀਮ ਰਿਸ਼ਤਾ ਬਚਦਾ ਹੈ ਜੋ ਸੰਗੀਨ ਹਾਲਾਤ ਵਿੱਚ ਵੀ ਵੱਡਾ ਸਹਾਰਾ ਬਣਦੀ ਹੈ।
ਇਸ ਨਾਵਲ ਦਾ ਮੁੱਖ ਬੰਦ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਡਾਃ ਸ ਸ ਜੌਹਲ ਨੇ ਲਿਖਦਿਆਂ ਕਿਹਾ ਹੈ ਕਿ ਕਦਰਾਂ ਕੀਮਤਾਂ ਚ ਨਿਘਾਰ ਅਤੇ ਪੈਸੇ ਦੇ ਪ੍ਰਧਾਨ ਹੋ ਜਾਣ ਕਰਕੇ ਇਲਾਜ ਕਰਨ ਵਾਲਿਆਂ ਦਾ ਧਿਆਨ ਮਰੀਜ਼ ਦੀ ਨਬਜ਼ ਵੱਲ ਘੱਟ ਤੇ ਜੇਬ ਵੱਲ ਵਧੇਰੇ ਹੁੰਦਾ ਹੈ। ਲਿਫ਼ਾਫ਼ਾ ਜਾਂ ਕਮਿਸ਼ਨ ਸੱਭਿਆਚਾਰ ਹਰ ਪੱਧਰ ਤੇ  ਨਿੱਜੀ ਜਾਂ ਸੰਸਥਾਗਤ ਲੋਭ ਵੱਸ ਪ੍ਰਧਾਨ ਹੈ। ਸਿਹਤ ਸੇਵਾਵਾਂ ਵਿੱਚ ਇਸ ਬਿਰਤੀ ਦਾ ਵਧਣਾ ਸਮਾਜ ਲਈ ਬਹੁਤ ਖ਼ਤਰਨਾਕ ਰੁਝਾਨ ਹੈ। ਨਾਵਲ ਲਿਫ਼ਾਫ਼ਾ ਵਿੱਚ ਇਸ ਨੂੰ ਬਾ ਖ਼ੂਬੀ ਉਜਾਗਰ ਕੀਤਾ ਗਿਆ ਹੈ। ਸਿਹਤ ਸੇਵਾਵਾਂ ਪ੍ਰਦਾਨ ਕਰਦੇ ਖੇਤਰਾਂ ਵਿੱਚ ਵਿਚਰਦੇ ਸੰਵੇਦਨਸ਼ੀਲ ਵਿਅਕਤੀਆਂ ਨੂੰ  ਸਾਕਾਰਾਤਮਕ ਵਿਧੀ ਨਾਲ ਸੁਧਰਨ ਤੇ ਸੁਧਾਰਨ ਲਈ ਝੰਜੋੜਨ ਵੱਲ ਇਹ ਨਾਵਲ ਸਫ਼ਲ ਯਤਨ ਹੈ।


Spread the love
Scroll to Top