ਸਿੱਖ ਕੌਮ ਦੇ ਆਖਿਰੀ ਬਾਦਸ਼ਾਹ ਨੇ ਜਿੱਥੇ ਬਤੌਰ ਬਾਦਸ਼ਾਹ ਗੁਜ਼ਾਰੀ ਆਖਿਰੀ ਰਾਤ, ਉੱਥੇ

Spread the love

ਮਹਾਰਾਜਾ ਦਲੀਪ ਸਿੰਘ ਦੀ ਯਾਦ ਕਰਾਉਂਦੀ ਬੱਸੀਆਂ ਕੋਠੀ ਨੂੰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਵੇਗੀ ਪੰਜਾਬ ਸਰਕਾਰ- ਅਨਮੋਲ ਗਗਨ ਮਾਨ

ਬੇਅੰਤ ਸਿੰੰਘ ਬਾਜਵਾ, ਲੁਧਿਆਣਾ 19 ਅਪਰੈਲ 2023

    ਵਿਸ਼ਵ ਵਿਰਾਸਤ ਦਿਵਸ ਮੌਕੇ ਬੀਤੀ ਸ਼ਾਮ ਜ਼ਿਲ੍ਹਾ ਪ੍ਰਸ਼ਾਸਨ, ਲੁਧਿਆਣਾ ਤੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰਸਟ ਰਾਏਕੋਟ ਬੱਸੀਆਂ (ਲੁਧਿਆਣਾ) ਵੱਲੋਂ  ਸਾਂਝੇ ਤੌਰ ਤੇ ਬੱਸੀਆਂ (ਰਾਏਕੋਟ) ਵਿਖੇ ਕਰਵਾਏ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਹੈ ਕਿ 200 ਸਾਲ ਪੁਰਾਣੀ ਇਸ ਵਡਮੁੱਲੀ ਵਿਰਾਸਤੀ ਇਮਾਰਤ ਤੇ ਇਸ ਦੇ ਕੈਂਪਸ ਨੂੰ ਸੂਬਾ ਸਰਕਾਰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਏਗੀ । ਉਨਾਂ ਕਿਹਾ ਕਿ ਇਸ ਥਾਂ ਤੇ ਸਿੱਖ ਰਾਜ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਵਲੋ ਆਖ਼ਰੀ ਰਾਤ ਬਿਤਾਉਣ ਕਾਰਨ ਇਸ ਥਾਂ ਦਾ ਪੰਜਾਬ ਲਈ ਇਤਿਹਾਸਕ ਮਹੱਤਵ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਬੱਸੀਆਂ ਕੋਠੀ ਦੇ ਵਿਕਾਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੇ ਅਨੁਮਾਨ ਮੁਤਾਬਕ ਸਭ ਕਾਰਜ ਪੂਰੇ ਕੀਤੇ ਜਾਣਗੇ। ਪੰਜਾਬ ਵਿੱਚ ਸੈਰ ਸਪਾਟਾ ਵਿਕਾਸ ਲਈ ਜਲ ਸੋਮਿਆਂ, ਧਾਰਮਿਕ ਯਾਤਰਾ, ਕਲਾ ਮਹੱਤਵ ਵਾਲੀਆਂ ਥਾਵਾਂ ਸਬੰਧੀ ਯੋਜਨਾ ਬਣਾਈ ਜਾ ਰਹੀ ਹੈ।                                             
      ਇਸ ਮੌਕੇ ਉਨ੍ਹਾਂ ਨੇ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦਾ ਬੱਸੀਆਂ ਕੋਠੀ ਦੇ ਵਿਕਾਸ ਕਾਰਜਾਂ ਲਈ 20 ਲੱਖ ਰੁਪਏ ਦੇਣ ਸੰਬਧੀ ਕੀਤੇ ਐਲਾਨ ਲਈ ਧੰਨਵਾਦ ਕੀਤਾ । ਪੰਜਾਬ ਤੋਂ ਮੈਂਬਰ ਰਾਜ ਸਭਾ ਸੰਜੀਵ ਅਰੋੜਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਲੁਧਿਆਣਾ ਦਾ ਜੰਮਪਲ ਹੋਣ ਦੇ ਬਾਵਜੂਦ ਮੈਂ ਇਸ ਸਥਾਨ ਦੇ ਮਹੱਤਵ ਤੋਂ ਵਾਕਿਫ਼ ਨਹੀਂ ਸੀ ਪਰ ਅੱਜ ਤੋਂ ਬਾਅਦ ਮੈਂ ਪੂਰੇ ਹੱਕ ਨਾਲ ਦੇਸ਼ ਦੇ ਲੋਕਾਂ ਨੂੰ ਇਸ ਸਥਾਨ ਦੇ ਦਰਸ਼ਨਾਂ ਲਈ ਲੈ ਕੇ ਆਵਾਂਗਾ। ਸ੍ਰੀ ਅਰੋੜਾ ਨੇ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਸਥਾਨ ਦੇ ਵਿਕਾਸ ਲਈ 20 ਲੱਖ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ । ਉਨਾਂ ਕਿਹਾ ਕਿ ਇਸ ਥਾਂ ਦੇ ਵਿਕਾਸ ਲਈ ਭਵਿੱਖ ਵਿਚ ਹੋਰ ਸਾਧਨ ਵੀ ਮੁਹਈਆ ਕਰਵਾਏ ਜਾਣਗੇ । ਉਨਾਂ ਕਿਹਾ ਕਿ ਵਿਸ਼ਵ ਵਿਰਾਸਤ ਦਿਹਾੜੇ ਤੇ ਮੇਰਾ ਪਰਿਵਾਰ ਸਮੇਤ ਬੱਸੀਆਂ ਕੋਠੀ ਆਉਣਾ ਸਾਡੇ ਲਈ ਸ਼ੁਭ ਦਿਨ ਹੈ।                                                             

      ਇਸ ਮੌਕੇ ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਅਨਮੋਲ ਗਗਨ ਮਾਨ, ਮੈਂਬਰ ਪਾਰਲੀਮੈਂਟ ਸੰਜੀਵ ਅਰੋੜਾ, ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਡਾਃ ਸੁਰਜੀਤ ਪਾਤਰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ.ਸਤਿਬੀਰ ਸਿੰਘ ਗੋਸਲ, ਪੰਜਾਬ ਪੁਲੀਸ ਦੇ ਆਈ ਜੀ ਡਾ. ਕੌਸਤੁਭ ਸ਼ਰਮਾ,ਪੰਜਾਬ ਫਾਰਮਰਜ਼ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ.ਅਵਤਾਰ ਸਿੰਘ ਢੀਂਡਸਾ, ਲੁਧਿਆਣਾ ਦੇ ਪੁਲੀਸ ਕਮਿਸ਼ਨਰ ਸ.ਮਨਦੀਪ ਸਿੰਘ ਸਿੱਧੂ, ਕੰਵਰਦੀਪ ਸਿੰਘ ਸੋਨੂ ਨੀਲੀਬਾਰ,ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰਸਟ ਦੇ ਟਰਸਟੀ ਪਿਰਥੀਪਾਲ ਸਿੰਘ, ਪਰਮਿੰਦਰ ਸਿੰਘ ਜੱਟਪੁਰੀ ਤੇ ਸਿੱਖ ਚਿੰਤਕ ਡਾ. ਅਨੁਰਾਗ ਸਿੰਘ ਨੇ ਬੱਸੀਆਂ ਕੋਠੀ ਬਾਰੇ ਹਰਪ੍ਰੀਤ ਸਿੰਘ ਸੰਧੂ ਵੱਲੋਂ ਤਿਆਰ ਕੀਤੀ ਦਸਤਾਵੇਜ਼ੀ ਫਿਲਮ ਵੀ ਲੋਕ ਅਰਪਨ ਕੀਤੀ ਗਈ। ਇਸ ਤੋਂ ਪਹਿਲਾਂ ਇਸ ਸਥਾਨ ਤੇ ਸ.ਹਰਪ੍ਰੀਤ ਸਿੰਘ ਸੰਧੂ ਵੱਲੋਂ ਵਿਕਸਤ ਸੈਲਫੀ ਪੁਆਇੰਟ ਦਾ ਵੀ ਮਹਿਮਾਨਾਂ ਵੱਲੋਂ ਉਦਘਾਟਨ ਕੀਤਾ ਗਿਆ।                                                 
     ਇਸ ਮੌਕੇ ਸੁਆਗਤੀ ਸ਼ਬਦ ਬੋਲਦਿਆਂ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਚੈਰੀਟੇਬਲ ਟਰਸਟ ਬੱਸੀਆਂ-ਰਾਏਕੋਟ ਦੇ ਚੇਅਰਮੈਨ ਪ੍ਰੋ.ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਹ ਕੋਠੀ ਉਹ ਥਾਂ ਹੈ ਜਿੱਥੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਨਿੱਕੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੇ ਆਪਣੀ ਆਖ਼ਰੀ ਰਾਤ (31 ਦਸੰਬਰ, 1849) ਨੂੰ ਪੰਜਾਬ ਵਿਚ ਪ੍ਰਭੂ ਸੱਤਾ ਸੰਪੰਨ ਬਾਦਸ਼ਾਹ ਵਜੋਂ ਬਿਤਾਈ ਸੀ। ਉਨਾ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਨੂੰ 21 ਦਸੰਬਰ 1849 ਨੂੰ ਲਾਹੌਰ ਤੋਂ ਕਾਬੂ ਕਰਨ ਮਗਰੋਂ ਕਾਹਨਾ-ਕਾਛਾ, ਲਲਿਆਣੀ, ਫਿਰੋਜ਼ਪੁਰ, ਮੁੱਦਕੀ, ਬਾਘਾ ਪੁਰਾਣਾ, ਬੱਧਨੀ , ਲੋਪੋਂ ,ਮੱਲ੍ਹਾ, ਮਾਣੂੰਕੇ ਸੰਧੂਆ ਅਤੇ ਜੱਟਪੁਰਾ ਰਾਹੀਂ ਬੱਸੀਆਂ ਕੋਠੀ ਲਿਆਂਦਾ ਗਿਆ। ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਸੰਬੋਧਨ ਕਰਦਿਆਂ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੇ ਹਵਾਲੇ ਨਾਲ ਮੁਲਵਾਨ ਗੱਲਾਂ ਕੀਤੀਆਂ ਤੇ ਆਪਣੀ ਸੱਜਰੀ ਕਵਿਤਾ ਤਾਜ਼ਪੋਸ਼ੀ ਵੀ ਸਰੋਤਿਆਂ ਨਾਲ ਸਾਂਝੀ ਕੀਤੀ।
      ਇਸ ਸਥਾਨ ਤੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋਂ ਵਿਸ਼ਾਲ ਪੰਜਾਬੀ ਲੋਕ ਕਲਾ ਮੇਲਾ ਕਰਵਾਇਆ  ਗਿਆ ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ, ਲੁਧਿਆਣਾ  ਸੁਰਭੀ ਮਲਿਕ ਨੇ ਕੀਤਾ। ਰਾਏਕੋਟ ਹਲਕੇ ਦੇ ਵਿਧਾਇਕ ਸ. ਹਾਕਮ ਸਿੰਘ ਠੇਕੇਦਾਰ ਨੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਵੀ ਕੀਤੀ। ਐੱਸ ਡੀ ਐੱਮ ਸ. ਗੁਰਬੀਰ ਸਿੰਘ ਕੋਹਲੀ ਤੇ ਟਰੱਸਟ ਦੇ ਸਕੱਤਰ ਪਰਮਿੰਦਰ ਸਿੰਘ ਜੱਟਪੁਰੀ ਨੇ ਸਮਾਗਮ ਦੀ ਰੂਪ ਰੇਖਾ ਨੂੰ ਸੰਪੂਰਨ ਕਰਨ ਵਿੱਚ ਦਿਨ ਰਾਤ ਇੱਕ ਕਰ ਦਿੱਤਾ।                                                         
      ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਤੋਂ ਇਲਾਵਾ ਇਸ ਸਮਾਗਮ ਵਿੱਚ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ , ਅਸ਼ੋਕ ਪਰਾਸ਼ਰ , ਡੀ ਐੱਮ ਸੀ ਲੁਧਿਆਣਾ ਦੇ ਡਾ. ਵਿਸ਼ਵ ਮੋਹਨ,ਉਦਯੋਗ ਸੰਸਥਾਵਾਂ ਦੇ ਮੁਖੀ ਸ.ਉਪਕਾਰ ਸਿੰਘ ਆਹੂਜਾ, ਸ. ਗੁਰਮੀਤ ਸਿੰਘ ਕੁਲਾਰ,ਅਮਰੀਕਾ ਵਿੱਚ ਖਾਲਸਾ ਯੂਨੀਵਰਸਿਟੀ ਬੈਲਹਿੰਗਮ ਤੇ ਆਪਣੇ ਪਿੰਡ ਚੌਕੀਮਾਨ ਵਿੱਚ ਦਸ ਏਕੜ ਰਕਬੇ ਵਿੱਚ ਦੀਵਾਨ ਟੋਡਰ ਮੱਲ ਹਸਪਤਾਲ ਸਥਾਪਿਤ ਕਰਨ ਵਾਲੇ ਸ. ਮਨਜੀਤ ਸਿੰਘ ਧਾਲੀਵਾਲ, ਉੱਘੇ ਟਰਾਂਸਪੋਰਟਰ ਸ.ਕਰਮਜੀਤ ਸਿੰਘ ਗਰੇਵਾਲ, ਰਿਟਾਇਰਡ ਕਮਿਸ਼ਨਰ ਪੁਲੀਸ,ਗੁਰਪ੍ਰੀਤ ਸਿੰਘ ਤੂਰ,ਸਵਰਨਜੀਤ ਸਵੀ,ਰਾਜਦੀਪ ਤੂਰ, ਪ੍ਰਭਜੋਤ ਸੋਹੀ, ਬਲਬੀਰ ਕੌਰ ਰਾਏਕੋਟੀ ਵੀ ਸ਼ਾਮਿਲ ਹੋਏ।                                                               
       ਸ.ਨਵਜੋਤ ਸਿੰਘ ਮੰਡੇਰ (ਜਰਗ) ਚੇਅਰਮੈਨ ਜੈਨਕੋ ਦੀ ਅਗਵਾਈ ਹੇਠ ਲੋਕ ਸੰਗੀਤ ਪੇਸ਼ਕਾਰੀਆਂ,ਅਹਿਮਦਗੜ੍ਹ ਮੰਡੀ ਦੇ ਵਾਸੀ ਤੇ ਉੱਘੇ ਕਵੀ ਤੇ ਲੋਕ ਫਨਕਾਰ ਅੰਮ੍ਰਿਤਪਾਲ ਸਿੰਘ ਪਾਲੀ ਖ਼ਾਦਿਮ ਦੀ ਅਗਵਾਈ ਹੇਠ ਲੋਕ ਸਾਜ਼ ਵਾਦਨ  ਅਤੇ ਮਲਵਈ ਗਿੱਧਾ ਪੇਸ਼ ਕੀਤਾ ਗਿਆ ਜਦ ਕਿ ਸ.ਹਰਜੀਤ ਸਿੰਘ ਗਰੇਵਾਲ ਚੇਅਰਮੈਨ, ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਵੱਲੋਂ ਮਾਰਸ਼ਲ ਆਰਟ ਗਤਕਾ ਦੇ ਜੌਹਰ ਦਿਖਾਏ। ਸੁਰਜੀਤ ਮੈਮੋਰੀਅਲ ਫਾਊਂਡੇਸ਼ਨ ਬਟਾਲਾ ਵੱਲੋਂ ਪ੍ਰੋ. ਬਲਵੀਰ ਸਿੰਘ ਕੋਲ੍ਹਾ ਦੀ ਅਗਵਾਈ ਵਿਚ ਲੋਕ ਨਾਚ ਭੰਗੜਾ ਰਵਾਇਤੀ ਸਿਆਲਕੋਟੀ ਪੇਸ਼ਕਾਰੀ ਨੂੰ ਮੁੱਖ ਮਹਿਮਾਨ ਸੰਜੀਵ ਅਰੋੜਾ ਮੈਂਬਰ ਰਾਜ ਸਭਾ ਅਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਬਹੁਤ ਸਰਾਹਿਆ। ਇਸ ਮੌਕੇ ਮਹਾਰਾਜਾ ਦਲੀਪ ਸਿੰਘ ਮੈਮੀਅਲ ਟਰਸਟ ਦੇ ਅਹੁਦੇਦਾਰਾਂ ਵੱਲੋਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ, ਮੈਂਬਰ ਪਾਰਲੀਮੈਟ ਸੰਜੀਵ ਅਰੋੜਾ, ਹਾਕਮ ਸਿੰਘ ਠੇਕੇਦਾਰ ਵਿਧਾਇਕ ,  ਡੀ ਸੀ ਲੁਧਿਆਣਾ ਸੁਰਭੀ ਮਲਿਕ ਤੇ ਫੋਟੋ ਕਲਾਕਾਰ ਹਰਪ੍ਰੀਤ ਸਿੰਘ ਸੰਧੂ ਨੂੰ ਸਨਮਾਨਿਤ ਕੀਤਾ ਗਿਆ। ਵਿਸ਼ਵ ਪੰਜਾਬੀ ਸਭਾ ਟਰਾਂਟੋ ਦੇ ਚੇਅਰਮੈਨ ਸ.ਦਲਬੀਰ ਸਿੰਘ ਕਥੂਰੀਆ ਵੱਲੋਂ ਬਲਬੀਰ ਕੌਰ ਰਾਏਕੋਟੀ ਕਲਾਕਾਰਾਂ ਤੇ ਮਹਿਮਾਨਾ ਨੂੰ ਦਸਤਾਰਾਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਵਿਰਸਾ ਸੰਭਾਲ ਸਿਰਦਾਰੀ ਲਹਿਰ ਪੰਜਾਬ ਦੇ ਸਹਿਯੋਗ ਸਦਕਾ  ਦਸਤਾਰ ਮੁਕਾਬਲੇ ਵੀ ਕਰਵਾਏ ਗਏ ਜਿਸ ਦੇ ਜੇਤੂਆਂ ਨੂੰ ਸਾਹਿਲ ਅਮਰੀਕਾ ਵੱਲੋਂ ਨਗਦ ਇਨਾਮ ਵੰਡੇ ਗਏ।                                                             
       ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਦੇ ਉੱਘੇ ਉਦਯੋਗਪਤੀਆਂ ਨਾਲ ਕਲਾ ਦੀ ਸਰਪ੍ਰਸਤੀ ਸਬੰਧੀ ਮਿਲਣੀ ਵੀ ਕੀਤੀ ਗਈ। ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਸਮੁੱਚੇ ਲੋਕ ਉਤਸਵ ਵਿੱਚ ਹਿੱਸਾ ਲੈਣ ਵਾਲੇ ਕਲਾਕਾਰਾਂ, ਪ੍ਰਬੰਧਕਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਸਮਾਗਮ ਵਿੱਚ ਸ਼ਾਮਿਲ ਹੋ ਕੇ ਵਿਸ਼ਵ ਵਿਰਾਸਤ ਦਿਹਾੜੇ ਦੀਆਂ ਪੇਸ਼ਕਾਰੀਆਂ ਨੂੰ ਮਾਣਿਆ ਤੇ ਜਾਣਿਆ। ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਵੱਲੋਂ ਪ੍ਰਸਿੱਧ ਸੂਫ਼ੀ ਗਾਇਕ ਮੁਹੰਮਦ ਇਰਸ਼ਾਦ  ਨੇ ਇਸ ਮੌਕੇ ਸੁਰ ਮਈ ਸੂਫ਼ੀ ਤੇ ਲੋਕ ਸੰਗੀਤ ਨਮੂਨੇ ਪੇਸ਼ ਕੀਤੇ। ਉੱਘੇ ਫੋਟੋ ਆਰਟਿਸਟ ਸ. ਹਰਪ੍ਰੀਤ ਸਿੰਘ ਸੰਧੂ ਵੱਲੋਂ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬਾਰੇ ਬਣਾਈ ਦਸਤਾਵੇਜ਼ੀ ਫ਼ਿਲਮ ਨੂੰ ਦਰਸ਼ਕਾਂ ਸਾਹਮਣੇ ਪ੍ਰਦਰਸ਼ਿਤ ਕੀਤਾ ਗਿਆ। ਇਸ ਦੌਰਾਨ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਇਸ ਯਾਦਗਾਰ ਦੇ ਐਂਟਰੀ ਗੇਟ ਦੀ ਉਸਾਰੀ ਲਈ 5 ਲੱਖ ਰੁਪਏ ਦਾ ਚੈੱਕ ਸੌਂਪਿਆ।


Spread the love
Scroll to Top