ਸੇਖਾ Double Murder Case -ਇਹ ਤਾਂ ਗੱਲ ਹੋਰ ਨਿੱਕਲੀ ,,ਲੁੱਟ ਦਾ ਐਂਵੇ ਹੀ ਰਚਿਆ ਗਿਆ ਡਰਾਮਾ

Spread the love

ਪਹਿਲਾਂ ਕਰਵਾਈ Love marriage ਫਿਰ ਰੱਖ ਲਈ ਸੀ ਸੌਹਰੇ ਪਰਿਵਾਰ ਦੀ ਜਮੀਨ ਤੇ ਅੱਖ

ਹਰਿੰਦਰ ਨਿੱਕਾ , ਬਰਨਾਲਾ 17 ਅਗਸਤ 2023

     ਉਹਨੇ ਪਹਿਲਾਂ ਲਵ ਮੈਰਿਜ ਕਰਵਾਈ ‘ਤੇ ਫਿਰ ਸੌਹਰੇ ਪਰਿਵਾਰ ਦੀ ਜਮੀਨ ਤੇ ਅੱਖ ਰੱਖ ਲਈ। ਜਮੀਨ ਵੇਚਣ ਵਿੱਚ ਅੜਿੱਕਾ ਬਣ ਰਹੀ, ਆਪਣੀ ਪਤਨੀ ਅਤੇ ਸੱਸ ਨੂੰ ਬੇਰਹਿਮੀ ਨਾਲ ਕਤਲ ਕਰਕੇ, ਦੋਹਰੇ ਕਤਲ ਕਾਂਡ ਨੂੰ ਛੁਪਾਉਣ ਅਤੇ ਪੁਲਿਸ ਨੂੰ ਚਕਮਾ ਦੇਣ ਲਈ, ਖੁਦ ਵੀ ਜਖਮੀ ਹੋ ਗਿਆ ਅਤੇ ਪੂਰੀ ਕਹਾਣੀ ਨੂੰ ਲੁੱਟ ਖੋਹ ਦੀ ਵਾਰਦਾਤ ਬਣਾ ਕੇ ਪੇਸ਼ ਕਰ ਦਿੱਤਾ। ਪਰੰਤੂ ਪੁਲਿਸ ਦੀ ਬਾਜ਼ ਅੱਖ ਨੇ, ਖੂਨ ਨਾਲ ਲਿਬੜੇ ਚਿਹਰੇ ‘ਚ ਛਿਪੇ ਦੋਸ਼ੀ ਨੂੰ ਪਛਾਨਣ ਵਿੱਚ ਬਹੁਤੀ ਦੇਰ ਨਹੀਂ ਲਗਾਈ। ਪੁਲਿਸ ਨੇ ਥਾਣਾ ਸਦਰ ਬਰਨਾਲਾ ਵਿਖੇ ਦੋਸ਼ੀ ਰਾਜਦੀਪ ਸਿੰਘ ਦੇ ਖਿਲਾਫ ਹੱਤਿਆ,ਸਬੂਤ ਖੁਰਦ-ਬੁਰਦ ਕਰਨ ਆਦਿ ਜ਼ੁਰਮਾਂ ਤਹਿਤ ਕੇਸ ਦਰਜ਼ ਕਰਕੇ, ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਪੂਰੇ ਘਟਨਾਕ੍ਰਮ ਅਤੇ ਹੁਣ ਤੱਕ ਦੀ ਪੜਤਾਲ ਦਾ ਖੁਲਾਸਾ ਜਲਦ ਹੀ ਕਰ ਰਹੀ ਹੈ। 

ਕੋਆਪਰਟਿਵ ਸੋਸਾਇਟੀ ਦੇ ਪ੍ਰਧਾਨ ਨੇ ਪੁਲਿਸ ਨੂੰ ਦੱਸੀ ਹਕੀਕਤ

      ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕੋਆਪਰਟਿਵ ਸੋਸਾਇਟੀ ਸੇਖਾ ਦੇ ਪ੍ਜਰਧਾਨ ਜਸਵਿੰਦਰ ਸਿੰਘ ਉਰਫ ਬਬਲੀ ਪੁੱਤਰ ਗੁਰਤੇਜ ਸਿੰਘ ਵਾਸੀ ਹਰੀ ਕੀ ਪੱਤੀ ਸੇਖਾ ਨੇ ਦੱਸਿਆ ਕਿ ਉਸ ਦੇ ਛੋਟੇ ਚਾਚੇ ਚਤਿੰਨ ਸਿੰਘ ਦੀ ਮੌਤ ਹੋ ਚੁੱਕੀ ਹੈ । ਜਿਸ ਦੇ ਇੱਕ ਲੜਕੀ ਪਰਮਜੀਤ ਕੌਰ ਉਮਰ ਕਰੀਬ 34/35 ਸਾਲ ਦਾ ਪਹਿਲਾਂ ਵਿਆਹ ਹੋਇਆ ਸੀ । ਪ੍ਰੰਤੂ ਬਾਅਦ ਵਿੱਚ ਤਲਾਕ ਹੋ ਗਿਆ ਸੀ। ਫਿਰ ਮੇਰੀ ਚਚੇਰੀ ਭੈਣ ਪਰਮਜੀਤ ਕੌਰ ਨੇ ਰਾਜਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਰੂੜੇਕੇ ਕਲਾਂ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ। ਵਿਆਹ ਤੋਂ ਬਾਅਦ ਪਰਮਜੀਤ ਕੌਰ ਆਪਣੇ ਪਤੀ ਰਾਜਦੀਪ ਸਿੰਘ ਅਤੇ ਆਪਣੀ ਮਾਤਾ ਹਰਬੰਸ ਕੌਰ ਉਰਫ ਬੰਸੋ ਉਮਰ 65 ਸਾਲ ਨਾਲ ਪਿੰਡ ਸੇਖਾ ਵਿਖੇ ਹੀ ਰਹਿਣ ਲੱਗ ਪਈ ਸੀ।                                 

    ਉਨਾਂ ਦੱਸਿਆ ਕਿ ਵਿਆਹ ਤੋਂ ਕੁੱਝ ਸਮੇਂ ਬਾਅਦ ਹੀ ਰਾਜਦੀਪ ਸਿੰਘ ਮੇਰੀ ਚਾਚੀ ਹਰਬੰਸ ਕੌਰ ਅਤੇ ਆਪਣੀ ਪਤਨੀ ਪਰਮਜੀਤ ਕੌਰ ਨੂੰ ਤੰਗ ਪ੍ਰੇਸਾਨ ਕਰਨ ਲਗ ਪਿਆ ਸੀ ਜੋ ਅਕਸਰ ਹੀ ਸ਼ਰਾਬ ਪੀ ਕੇ ਮੇਰੀ ਚਾਚੀ ਅਤੇ ਮੇਰੀ ਚਚੇਰੀ ਭੈਣ ਦੀ ਕੁੱਟ ਮਾਰ ਕਰਦਾ ਰਹਿੰਦਾ ਸੀ। ਜਸਵਿੰਦਰ ਮੁਤਾਬਿਕ 15 ਅਗਸਤ ਨੂੰ ਸ਼ਾਮ ਸਮੇਂ ਉਸ ਦੀ ਭੈਣ ਪਰਮਜੀਤ ਕੌਰ ਆਪਣੇ ਘਰ ਦੇ ਕੋਲ ਹੀ ਮੈਨੂੰ ਮਿਲੀ ਸੀ ਜੋ ਬਹੁਤ ਉਦਾਸ ਅਤੇ ਦੁਖੀ ਸੀ । ਉਦੋਂ ਉਸ ਨੇ ਦੱਸਿਆ ਸੀ ਕਿ ਰਾਜਦੀਪ ਸਿੰਘ ਨੇ ਅੱਜ ਉਸ ਨਾਲ ਫਿਰ ਗਾਲੀ ਗਲੋਚ ਕੀਤੀ ਹੈ ਅਤੇ ਧਮਕੀ ਵੀ ਦਿੱਤੀ ਹੈ ਕਿ ਬਾਕੀ ਦੀ ਰਹਿੰਦੀ ਜਮੀਨ ਵੇਚ ਕੇ ਪੈਸੇ ਮੈਨੂੰ ਦੇ- ਦੇ ਨਹੀਂ ਤਾਂ ਮੈਂ ਤੈਨੂੰ ਅਤੇ ਤੇਰੀ ਮਾਂ ਨੂੰ ਜਾਨ ਤੋਂ ਮਾਰ ਦੇਵਾਂਗਾ। 

ਖਦਸ਼ਾ ਹੋਇਆ ਸੱਚ ‘ਤੇ ਵਰਤ ਗਿਆ ਭਾਣਾ 

   ਜਸਵਿੰਦਰ ਨੇ ਕਿਹਾ ਕਿ ਲੰਘੀ ਕੱਲ੍ਹ 16.08.2023 ਨੂੰ ਸਵੇਰੇ ਉਸ ਨੂੰ ਪਿੰਡ ਵਿੱਚੋਂ ਪਤਾ ਲੱਗਾ ਕਿ ਪਰਮਜੀਤ ਕੌਰ ਅਤੇ ਹਰਬੰਸ ਕੌਰ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ ਅਤੇ ਰਾਜਦੀਪ ਸਿੰਘ ਦੇ ਵੀ ਸੱਟਾਂ ਲੱਗੀਆਂ ਹਨ ਜੋ ਸਰਕਾਰੀ ਹਸਪਤਾਲ ਬਰਨਾਲਾ ਵਿੱਚ ਦਾਖਲ ਹੈ। ਇਹ ਦੋਵੇਂ ਕਤਲ ਰਾਜਦੀਪ ਸਿੰਘ ਨੇ ਹੀ ਆਪਣੇ ਸੌਹਰੇ ਪਰਿਵਾਰ ‘ਚੋਂ ਆਉਂਦੀ ਜਮੀਨ ਖਾਤਿਰ ਹੀ ਕਰ ਦਿੱਤੇ ਹਨ। ਪੁਲਿਸ ਨੇ ਜਸਵਿੰਦਰ ਸਿੰਘ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਰਾਜਦੀਪ ਸਿੰਘ ਦੇ ਖਿਲਾਫ ਅਧੀਨ ਜੁਰਮ 302/ 201/511 ਆਈਪੀਸੀ ਤਹਿਤ ਕੇਸ ਦਰਜ਼ ਕਰਕੇ,ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਹਸਪਤਾਲ ਦਾਖਿਲ ਰਾਜਦੀਪ ਸਿੰਘ ਨੂੰ ਗਿਰਫਤਾਰ ਕਰ ਲਿਆ ਹੈ ਅਤੇ ਪੁਲਿਸ ਦੇ ਸਖਤ ਪਹਿਰੇ ਹੇਠ ਹੀ ਰੱਖਿਆ ਗਿਆ ਹੈ। ਮਾਮਲੇ ਦੀ ਤਫਤੀਸ਼ ਏ.ਐਸ.ਆਈ. ਸ਼ਰੀਫ ਖਾਨ ਨੂੰ ਸੌਂਪ ਦਿੱਤੀ ਹੈ। ਜਲਦ ਹੀ ਐਸ.ਐਸ.ਪੀ. ਸੰਦੀਪ ਮਲਿਕ ਹੁਣ ਤੱਕ ਸਾਹਮਣੇ ਆਏ ਤੱਥਾਂ ਦਾ ਪ੍ਰੈਸ ਕਾਨਫਰੰਸ ਵਿੱਚ ਤਫਸ਼ੀਲ ਸਹਿਤ ਖੁਲਾਸਾ ਕਰਨਗੇ। 

ਕਿਵੇਂ ਖੁੱਲ੍ਹਿਆ 2 ਕਤਲਾਂ ਦਾ ਭੇਦ,,,

      ਵਾਰਦਾਤ ਦਾ ਮੌਕਾ ਵੇਖਣ ਤੋਂ ਬਾਅਦ ਹੀ ਲੋਕਾਂ ਅਤੇ ਪੁਲਿਸ ਨੂੰ ਸ਼ੱਕ ਪੈਦਾ ਹੋ ਗਿਆ ਸੀ ਕਿ ਇਹ ਕਤਲ ਕਿਸੇ ਲੁਟੇਰਿਆਂ ਨੇ ਬਾਹਰੋਂ ਘਰ ਅੰਦਰ ਦਾਖਿਲ ਹੋ ਕੇ ਨਹੀਂ ਕੀਤੇ। ਸਗੋਂ ਖੂਨੀ ਖੇਡ ਘਰ ਦੇ ਅੰਦਰ ਹੀ ਖੇਡਿਆ ਗਿਆ ਹੈ। ਘਰ ਅੰਦਰ ਬਰਾਂਡੇ ਨੂੰ ਲੱਗੇ ਜਿਹੜੇ ਸ਼ੀਸ਼ੇ ਤੋੜੇ ਗਏ, ਉਹ ਬਾਹਰੋਂ ਅੰਦਰ ਵਾਲੇ ਪਾਸੇ ਨਹੀਂ, ਸਗੋਂ ਅੰਦਰ ਤੋਂ ਬਾਹਰ ਵਾਲੇ ਪਾਸੇ ਡਿੱਗੇ ਹੋਏ ਮਿਲੇ। ਇਸੇ ਤਰਾਂ ਸ਼ੀਸ਼ੇ ਵਾਲੀਆਂ ਅਲਮਾਰੀਆਂ ਨੂੰ ਵੀ ਪੇਚ ਅੰਦਰ ਲੱਗੇ ਹੋਏ ਸੀ ਅਤੇ ਅੰਦਰੋ ਹੀ ਪੇਚਕਸ ਨਾਲ ਖੋਲ੍ਹੇ ਗਏ। ਪੁਲਿਸ ਨੇ ਲੋਕਾਂ ਦੀ ਹਾਜ਼ਰੀ ਵਿੱਚ ਹੀ ਉਹ ਪੇਚਕਸ ਵੀ ਅੰਦਰੋਂ ਹੀ ਕਬਜ਼ੇ ਵਿੱਚ ਲਿਆ। ਸਭ ਤੋਂ ਵੱਡੀ ਗੱਲ ਇਹ ਕਿ ਦੋ ਕਤਲਾਂ ਦੀ ਵਾਰਦਾਤ ਦੀ ਸੂਚਨਾ ਘਟਨਾਕ੍ਰਮ ਤੋਂ ਕਈ ਘੰਟਿਆਂ ਬਾਅਦ ਹੀ ਜਾਣਬੁੱਝ ਕੇ ਰਾਜਦੀਪ ਸਿੰਘ ਨੇ ਸਵੇਰੇ ਕਰੀਬ 4/5 ਵਜੇ ਹੀ ਆਪਣੇ ਕਰੀਬੀ ਰਿਸ਼ਤੇਦਾਰ ਨੂੰ ਫੋਨ ਕਰਕੇ ਦਿੱਤੀ। ਪਿੰਡ ਵਿੱਚ ਇਸ ਵੱਡੀ ਵਾਰਦਾਤ ਬਾਰੇ ਨਾ ਕੋਈ ਰੌਲਾ ਪਾਇਆ ਨਾ ਹੀ ਕਿਸੇ ਨੂੰ ਬੁਲਾਇਆ। ਇਸ ਤਰਾਂ ਸ਼ੱਕ ਦੀ ਹਰ ਸੂਈ ਹੀ, ਵਾਰਦਾਤ ਸਾਹਮਣੇ ਆਉਣ ਤੋਂ ਬਾਅਦ ਘਰ ਜਵਾਈ ਬਣ ਕੇ ਬੈਠੇ ਰਾਜਦੀਪ ਸਿੰਘ ਵੱਲ ਹੀ ਜਾ ਰਹੀ ਸੀੇ।  ਬਰਨਾਲਾ ਟੂਡੇ ਦੀ ਟੀਮ ਨੇ ਲੰਘੀ ਕੱਲ ਹੀ ਨਸ਼ਰ ਕੀਤੀ ਖਬਰ ਵਿੱਚ ਲੋਕਾਂ ਦੀ ਚੁੰਝ ਚਰਚਾ ਤੇ ਕਤਲਾਂ ਦਾ ਕਾਰਣ ਜ਼ਰ ਜੋਰੋ ਤੇ ਜਮੀਨ ਹੋਣ ਬਾਰੇ ਜਿਕਰ ਕਰ ਦਿੱਤਾ ਸੀ।                                   

 

 


Spread the love
Scroll to Top