ਸੈਂਟਰਲ ਯੂਨੀਵਰਸਿਟੀ ਵਿਖੇ ‘ਪਾਰਟੀਸ਼ਨ ਹੌਰਰਸ ਰੀਮੇਮਬਰੈਂਸ ਡੇ” ਸਬੰਧੀ ਸੈਮੀਨਾਰ ਕਰਵਾਇਆ ਗਿਆ

Spread the love

ਸੈਂਟਰਲ ਯੂਨੀਵਰਸਿਟੀ ਵਿਖੇ ‘ਪਾਰਟੀਸ਼ਨ ਹੌਰਰਸ ਰੀਮੇਮਬਰੈਂਸ ਡੇ” ਸਬੰਧੀ ਸੈਮੀਨਾਰ ਕਰਵਾਇਆ ਗਿਆ

ਬਠਿੰਡਾ, 13 ਅਗਸਤ (ਅਸ਼ੋਕ ਵਰਮਾ)

ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਪ੍ਰੋਗਰਾਮ ਤਹਿਤ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ‘ਪਾਰਟੀਸ਼ਨ ਹੌਰਰਸ ਰੀਮੇਮਬਰੈਂਸ ਡੇ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰੋ. ਮਨੂ ਸ਼ਰਮਾ ਨੇ ਪ੍ਰੋਗਰਾਮ ਵਿੱਚ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।

ਆਪਣੇ ਸੰਬੋਧਨ ਵਿੱਚ ਪ੍ਰੋ. ਮਨੂ ਸ਼ਰਮਾ ਨੇ ਦੱਸਿਆ ਕਿ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਪਾਰ ਦੇ ਮਕਸਦ ਨਾਲ ਭਾਰਤ ਆਈ ਸੀ। 1857 ਦੇ ਵਿਦਰੋਹ ਜਿਸ ਵਿੱਚ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਲੜੇ, ਨੇ ਬ੍ਰਿਟਿਸ਼ ਸਾਮਰਾਜ ਨੂੰ ਹਿਲਾ ਕੇ ਰੱਖ ਦਿੱਤਾ। ਇਸਨੇ ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਦੀ ਫੁੱਟ ਪਾਓ ਅਤੇ ਰਾਜ ਕਰੋ ਦੀ ਨੀਤੀ ਨੂੰ ਮਜ਼ਬੂਤ ਕੀਤਾ। ਅਗਸਤ 1947 ਵਿਚ ਅੰਗਰੇਜ਼ਾਂ ਦੇ ਭਾਰਤ ਤੋਂ ਬਾਹਰ ਨਿਕਲਣ ‘ਤੇ, ਦੇਸ਼ ਦੋ ਅਜ਼ਾਦ ਰਾਜਾਂ ਵਿਚ ਵੰਡਿਆ ਗਿਆ ਸੀ। ਉਨ੍ਹਾਂ ਕਿਹਾ ਕਿ ਵੰਡ ਦਾ ਸਮਾਂ ਦੁਖਦਾਈ ਸੀ ਕਿਉਂਕਿ ਉਸ ਸਮੇਂ ਦੌਰਾਨ ਸਾਡੇ ਦੇਸ਼ ਦੇ ਲੋਕਾਂ ਨੂੰ ਜ਼ਬਰਦਸਤ ਹਿੰਸਾ ਅਤੇ ਆਬਾਦੀ ਦੇ ਤਬਾਦਲੇ ਦਾ ਸਾਹਮਣਾ ਕਰਨਾ ਪਿਆ ਸੀ। ਵੰਡ ਦੌਰਾਨ 1 ਕਰੋੜ ਤੋਂ ਵੱਧ ਲੋਕ ਬੇਘਰ ਹੋਏ ਅਤੇ ਲੱਖਾਂ ਦੀ ਮੌਤ ਹੋ ਗਈ।

ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾਰੀ ਨੇ ਵਿਨਾਸ਼ਕਾਰੀ ਵੰਡ ਦੀ ਭਿਆਨਕਤਾ ਨੂੰ ਯਾਦ ਕਰਦਿਆਂ ਕਿਹਾ ਕਿ ਵੰਡ ਨੇ ਲੱਖਾਂ ਜਾਨਾਂ ਤਬਾਹ ਕਰ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਵੰਡ ਤੋਂ ਬਾਅਦ, ਇਸ ਦੇ ਸਦਮੇ ਅੱਜ ਤੱਕ ਮਹਿਸੂਸ ਕੀਤੇ ਜਾਂਦੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਦੇਸ਼ ਪ੍ਰਤੀ ਆਪਣਾ ਫਰਜ਼ ਸਮਝਣ, ਸਮਾਜਿਕ ਸਦਭਾਵਨਾ ਬਣਾਈ ਰੱਖਣ ਅਤੇ ਇਕਜੁੱਟ ਰਹਿਣ ਦਾ ਸੰਦੇਸ਼ ਦਿੱਤਾ ਕਿਉਂਕਿ ਸਾਡੀ ਅਜ਼ਾਦੀ ਲੱਖਾਂ ਲੋਕਾਂ ਦੀਆਂ ਕੁਰਬਾਨੀਆਂ ਦੇ ਨਤੀਜੇ ਵਜੋਂ ਪ੍ਰਾਪਤ ਹੋਈ ਹੈ।

ਇਸ ਪ੍ਰੋਗਰਾਮ ਦੌਰਾਨ ਕਈ ਵਿਦਿਆਰਥੀਆਂ ਅਤੇ ਖੋਜ ਵਿਦਵਾਨਾਂ ਨੇ ਲੇਖ ਲਿਖਣ ਅਤੇ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਭਾਗ ਲਿਆ। ਪ੍ਰੋਗਰਾਮ ਦਾ ਸੰਚਾਲਨ ਇਤਿਹਾਸ ਵਿਭਾਗ ਦੇ ਮੁਖੀ ਡਾ. ਹਰਿਤ ਕੁਮਾਰ ਮੀਨਾ ਅਤੇ ਸਮਾਜ ਸ਼ਾਸਤਰ ਵਿਭਾਗ ਦੇ ਮੁਖੀ ਡਾ. ਬਲੀ ਬਹਾਦਰ ਨੇ ਕੀਤਾ| ਇਸ ਪ੍ਰੋਗਰਾਮ ਵਿੱਚ ਪ੍ਰੀਖਿਆਵਾਂ ਕੰਟਰੋਲਰ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ. ਬੀ.ਪੀ. ਗਰਗ ਅਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਵਿਨੋਦ ਕੁਮਾਰ ਗਰਗ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ, ਖੋਜ ਵਿਦਵਾਨਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।


Spread the love
Scroll to Top