Skip to content
ਆਪਣੀ ਮੰਜ਼ਿਲ ਵੱਲ ਵੱਧਣ ਲਈ ਨਵੇਂ ਬੱਸ ਅੱਡੇ ‘ਚ ਪੁੱਜੀਆਂ ਸਵਾਰੀਆਂ ਦਾ ਅਤਿ-ਆਧੁਨਿਕ ਸਹੂਲਤਾਂ ਨੇ ਕੀਤਾ ਸਵਾਗਤ
ਰਾਜੇਸ਼ ਗੋਤਮ , ਪਟਿਆਲਾ, 18 ਮਈ 2023
ਪਟਿਆਲਾ ਵਿਖੇ ਨਵੇਂ ਬਣੇ ਅਲਟਰਾ ਮਾਡਰਨ ਬੱਸ ਟਰਮੀਨਲ ਦੇ ਅੱਜ ਰਸਮੀ ਤੌਰ ‘ਤੇ ਪਹਿਲੇ ਦਿਨ ਆਗਾਜ਼ ਹੋਣ ਮਗਰੋਂ ਆਪਣੀ ਮੰਜ਼ਿਲ ਵੱਲ ਅੱਗੇ ਵੱਧਣ ਲਈ ਇੱਥੇ ਪੁੱਜੀਆਂ ਸਵਾਰੀਆਂ ਇਸ ਨਵੇਂ ਬੱਸ ਅੱਡੇ ਨੂੰ ਦੇਖਕੇ ਦੰਗ ਰਹਿ ਗਈਆਂ। ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 60.67 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਇਸ ਬੱਸ ਅੱਡੇ ਨੂੰ ਪਟਿਆਲਾ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ ਸੀ। ਇੱਥੇ ਸਵਾਰੀਆਂ ਲਈ ਉਪਲਬੱਧ ਅਤਿ-ਆਧੁਨਿਕ ਸਹੂਲਤਾਂ ਨੇ ਸਵਾਰੀਆਂ ਦਾ ਸਵਾਗਤ ਕੀਤਾ।
ਅੱਜ ਪਹਿਲੇ ਦਿਨ ਇੱਥੋਂ ਸਵੇਰੇ 4.15 ਵਜੇ ਪਹਿਲੀ ਬੱਸ ਚੰਡੀਗੜ੍ਹ ਲਈ ਅਤੇ ਇਸ ਤੋਂ ਬਾਅਦ 4.40 ਵਜੇ ਦਿੱਲੀ-ਜੈਪੁਰ ਲਈ ਅਗਲੀ ਬੱਸ ਲਈ ਰਵਾਨਾ ਹੋਈ । ਜਦਕਿ ਪੂਰੇ ਦਿਨ ਵਿੱਚ 1000 ਤੋਂ ਵਧੇਰੇ ਬੱਸਾਂ ਦੀ ਆਵਾਜਾਈ ਬਣੀ ਰਹੀ। ਇਨ੍ਹਾਂ ਬੱਸਾਂ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਲਈ ਪੀ.ਆਰ.ਟੀ.ਸੀ. ਨੇ ਆਪਣੇ ਅਮਲੇ ਨੂੰ ਸਵੇਰ ਤੋਂ ਹੀ ਤਾਇਨਾਤ ਕੀਤਾ ਹੋਇਆ ਸੀ।
ਆਪਣੀ ਯਾਤਰਾ ਦੇ ਅਗਲੇ ਪੜਾਅ ‘ਤੇ ਜਾਣ ਲਈ ਇੱਥੇ ਪੁੱਜੇ ਪਟਿਆਲਾ ਸ਼ਹਿਰ ਦੇ ਵਸਨੀਕਾਂ ਸਮੇਤ ਮਾਨਸਾ, ਸੁਨਾਮ, ਸੰਗਰੂਰ, ਫ਼ਿਰੋਜਪੁਰ, ਸਮਾਣਾ, ਪਾਤੜਾਂ, ਦਿੱਲੀ ਅਤੇ ਹਰਿਆਣਾ ਦੇ ਚੀਕਾ ਆਦਿ ਇਲਾਕਿਆਂ ਤੋਂ ਆਈਆਂ ਸਵਾਰੀਆਂ ਨੇ ਇਸ ਨਵੇਂ ਬੱਸ ਅੱਡੇ ਵਿੱਚ ਸਵਾਰੀਆਂ ਲਈ ਪ੍ਰਦਾਨ ਕੀਤੀਆਂ ਜਾ ਰਹੀਆਂ ਅਤਿ-ਆਧੁਨਿਕ ਸਹੂਲਤਾਂ ਦੀ ਸ਼ਲਾਘਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਇਸ ਅੱਡੇ ਨੂੰ ਸ਼ੁਰੂ ਕਰਨ ਲਈ ਧੰਨਵਾਦ ਵੀ ਕੀਤਾ।
ਇਸੇ ਦੌਰਾਨ ਬੱਸਾਂ ਦੇ ਡਰਾਇਵਰਾਂ ਤੇ ਕੰਡਕਟਰਾਂ ਨੇ ਵੀ ਇਸ ਬੱਸ ਵਿਖੇ ਉਨ੍ਹਾਂ ਲਈ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਲਈ ਪੰਜਾਬ ਦੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਆਰਾਮ ਕਰਨ ਲਈ ਕੋਈ ਵਿਸ਼ੇਸ਼ ਸੁਵਿਧਾ ਨਹੀਂ ਸੀ ਮਿਲਦੀ ਪਰੰਤੂ ਇਸ ਬੱਸ ਅੱਡੇ ਵਿਚ ਆਰਾਮਦਾਇਕ ਸਹੂਲਤ ਉਪਲਬੱਧ ਹੈ। ਜਦੋਂਕਿ ਇਸ ਨਵੇਂ ਬੱਸ ਅੱਡੇ ਵਿਖੇ ਵੱਖ-ਵੱਖ ਉਮਰ ਵਰਗ ਦੀਆਂ ਸਵਾਰੀਆਂ ਅਤੇ ਖਾਸ ਕਰਕੇ ਨੌਜਵਾਨ ਵਰਗ ਦੇ ਵਿਦਿਆਰਥੀ ਆਦਿ ਆਪਣੀਆਂ ਸੈਲਫ਼ੀਆਂ ਲੈਂਦੇ ਵੀ ਦੇਖੇ ਗਏ। ਇਨ੍ਹਾਂ ਦਾ ਕਹਿਣਾਂ ਸੀ ਕਿ ਇਹ ਨਵਾਂ ਬੱਸ ਅੱਡਾ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਭੁਲੇਖਾ ਪਾਉਂਦਾ ਅਤੇ ਇਸਦੀ ਖ਼ੂਬਸੂਰਤੀ ਮਨ ਨੂੰ ਭਾਂਉਂਦੀ ਹੈ।