ਸੰਗਰੂਰ police ਵਿਰੁੱਧ ਵਧ ਗਿਆ ਰੋਸ,

Spread the love

ਡੀ ਟੀ ਐੱਫ ਆਗੂ ਰਾਜੀਵ ਬਰਨਾਲਾ ਸਮੇਤ ਹੋਰ ਵੀ ਆਗੂ ਗਿਰਫਤਾਰ

ਮੰਗ-ਪੂਰੇ ਲਾਭਾਂ ਸਮੇਤ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰੇ ਸਰਕਾਰ

ਸੋਨੀ ਪਨੇਸਰ , ਬਰਨਾਲਾ 2 ਜੁਲਾਈ 2023
       ਆਪਣੀਆਂ ਸੇਵਾਵਾਂ ਪੂਰੇ ਲਾਭ ਸਮੇਤ ਰੈਗੂਲਰ ਕਰਵਾਉਣ ਲਈ ਸੰਘਰਸ਼ਸ਼ੀਲ 8736 ਕੱਚੇ ਅਧਿਆਪਕਾਂ ਉੱਤੇ ਅੰਨ੍ਹੇਵਾਹ ਲਾਠੀਚਾਰਜ ਖਿਲਾਫ ਰੋਸ ਵਧਦਾ ਜਾ ਰਿਹਾ ਹੈ। ਅੱਜ ਮੁਲਾਜਮ ,ਕਿਸਾਨ ਅਅਤੇ ਹੋਰ ਜਨਤਕ ਜਥੇਬੰਦੀਆਂ ਨੇ ਹੰਡਿਆਇਆ ਚੌਂਕ ਬਰਨਾਲਾ ਵਿਖੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਮੁਜਾਹਿਰਾ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਆਪਣੀਆਂ ਸੇਵਾਵਾਂ ਪੂਰੇ ਲਾਭ ਸਮੇਤ ਰੈਗੂਲਰ ਕਰਵਾਉਣ ਲਈ ਸੰਘਰਸ਼ੀਲ 8736 ਕੱਚੇ ਅਧਿਆਪਕਾਂ ਦਾ ਪੱਕਾ ਮੋਰਚਾ ਪਿਛਲੇ ਦਿਨਾਂ ਤੋਂ ਸੰਗਰੂਰ ਵਿਖੇ ਚੱਲ ਰਿਹਾ ਹੈ। ਲੰਘੀ ਕੱਲ੍ਹ ਸੰਘਰਸ਼ਸ਼ੀਲ ਅਧਿਆਪਕਾਂ ਨੇ ਆਪਣੇ ਸੰਘਰਸ਼ ਦੀ ਲੜੀ ਨੂੰ ਅੱਗੇ ਵਧਾਉਂਦਿਆ ਪਿੰਡ ਖੁਰਾਣਾ ਵਿਖੇ ਵਿਸ਼ਾਲ ਰੈਲੀ ਕਰਨ ਉਪਰੰਤ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਸ਼ੁਰੂ ਕੀਤਾ ਸੀ । ਇਸ ਦੌਰਾਨ ਪੁਲਿਸ ਅਤੇ ਅਧਿਆਪਕਾਂ ਵਿੱਚ ਝੜੱਪ ਹੋਈ ਤੇ ਸੰਗਰੂਰ ਦੀ ਪੁਲਿਸ ਨੇ ਸ਼ਾਤਮਈ ਸੰਘਰਸ਼ ਕਰਦੇ ਅਧਿਆਪਕਾਂ ਉੱਪਰ ਅੰਨ੍ਹੇਵਾਹ ਲਾਠੀਚਾਰਜ ਕੀਤਾ। ਇਸ ਲਾਠੀਚਾਰਜ ਵਿੱਚ ਕਈ ਅਧਿਆਪਕ ਭੈਣਾਂ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਪੁਰਸ਼ ਅਧਿਆਪਕਾਂ ਦੀਆਂ ਪੱਗਾਂ ਲਾਹੀਆਂ ਗਈਆਂ ਅਤੇ ਧੂਹ ਘੜੀਸ ਕੀਤੀ ਗਈ।
      ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ  ਬਰਨਾਲਾ ਤੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਹੰਢਿਆਇਆ ਕੈਂਚੀਆਂ ਤੇ ਅੱਜ ਪੰਜਾਬ ਸਰਕਾਰ ਦੀ ਅਰਥੀ ਫੂਕਦਿਆਂ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਜੁਗਰਾਜ ਟੱਲੇਵਾਲ,ਖੁਸ਼ਮਿੰਦਰਪਾਲ ਹੰਡਿਆਇਆ,ਮੈਡਮ ਪ੍ਰੇਮਪਾਲ , ਰਾਜਿੰਦਰਪਾਲ ਸੁਖਪੁਰ, ਅੰਮ੍ਰਿਤਪਾਲ ਕੋਟਦੁੱਨਾ ,ਰਮਨ ਸਿੰਗਲਾ ਨੇ ਕਿਹਾ ਕਿ ਪੰਜਾਬ  ਸਰਕਾਰ ਦੀ ਸ਼ੈਅ ਤੇ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਤੇ ਢਾਹੇ ਗਏ ਇਸ ਤਸ਼ੱਦਦ ਨਾਲ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਆਗੂਆਂ ਨੇ ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਦੱਸਿਆ ਕਿ ਕੱਚੇ ਅਧਿਆਪਕਾ ਦੇ ਰੈਗੂਲਰ ਹੋਣ ਲਈ ਲਗਾਏ ਪੱਕੇ ਮੋਰਚੇ ਦੀ ਹਮਾਇਤ ਲਈ ਡੈਮੋਕ੍ਰੇਟਿਕ ਟੀਚਰ ਫਰੰਟ ਨੇ ਪੂਰਨ ਸਮਰਥਨ ਕਰਦਿਆਂ ਇਸ ਮਾਰਚ ਵਿੱਚ ਸ਼ਮੂਲੀਅਤ ਕੀਤੀ ਸੀ, ਪੁਲਿਸ ਵੱਲੋ ਲਾਠੀਚਾਰਜ ਉਪਰੰਤ ਅਨੇਕਾਂ ਅਧਿਆਪਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਜਿਸ ਵਿੱਚ ਬਰਨਾਲਾ ਤੋਂ ਡੀ.ਟੀ.ਐੱਫ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਾਜੀਵ ਬਰਨਾਲਾ ਸਮੇਤ ਅਨੇਕਾਂ ਕੱਚੇ ਅਧਿਆਪਕਾਂ ਨੂੰ ਗ੍ਰਿਫਤਾਰ ਕਰਕੇ ਆਪਣਾ ਅਸਲ ਚਿਹਰਾ ਦਿਖਾ ਦਿੱਤਾ ਹੈ।
     ਆਗੂਆਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਅਤੇ ਕੇਜਰੀਵਾਲ ਨੇ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ । ਪਰ ਸਰਕਾਰ ਨੇ ਅਧਿਆਪਕਾਂ ਨੂੰ ਰੈਗੂਲਰ ਕਰਕੇ ਸਾਰੇ ਭੱਤੇ ਦੇਣ ਦੀ ਬਜਾਏ ਤਨਖਾਹ ਵਿੱਚ ਉਕਾ ਪੁੱਕਾ ਵਾਧਾ ਕਰਕੇ ਵਾਅਦਾ ਖਿਲਾਫੀ ਕੀਤੀ ਹੈ । ਆਗੂਆਂ ਨੇ ਕਿਹਾ ਕਿ ਸਰਕਾਰ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਕਰਕੇ ਟੈਂਕੀ ਉੱਪਰ ਚੜ੍ਹੇ ਅਧਿਆਪਕਾਂ ਨੂੰ ਹੇਠਾਂ ਉਤਾਰ ਕੇ ਸਕੂਲ ਭੇਜਣ ਵੱਲ ਕਦਮ ਵਧਾਵੇ ਨਾ ਕਿ ਡਾਂਗਾ ਦੇ ਜੋਰ ਤੇ ਅਧਿਆਪਕਾਂ ਦੀਆਂ ਮੰਗਾਂ ਨੂੰ ਦਰੜਨ ਦੀ ਚਾਲ ਚੱਲੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮਨਮੋਹਨ ਭੱਠਲ,ਦਰਸ਼ਨ ਜੈਤੋ,ਜਗਜੀਤ ਢਿੱਲਵਾਂ,ਗੋਪੀ ਰਾਏਸਰ,ਭੁਪਿੰਦਰ ਸੇਖਾ,ਰਾਜ ਕੌਰ,ਬਿਮਲਾ ਦੇਵੀ,ਕਿਰਨਪਾਲ ਕੌਰ,ਮਨਜੀਤ ਰਾਜ ,ਹਰਚਰਨ ਪੱਤੀ,ਅਸ਼ੋਕ ਕੁਮਾਰ ,ਬਲਦੇਵ ਮੰਡੇਰ ਜਸਵੀਰ ਭੋਤਨਾ ਹਾਜਰ ਸਨ।

Spread the love
Scroll to Top