ਹਿਮਾਂਸ਼ੂ ਕੁਮਾਰ ਨੇ ਕਿਹਾ, ਜੇਲ੍ਹ ਭੇਜਣਾ ਤਾਂ ਭੇਜ਼ ਦੋ, ਪਰ ਨਹੀਂ ਭਰਾਂਗਾ ਜੁਰਮਾਨਾ

Spread the love

ਦੁਰਗਾ ਭਾਬੀ ਸਮੇਤ ਸ਼ਹੀਦ ਭਗਤ ਸਿੰਘ ਦੇ ਸਾਥੀਆਂ ਦੀਆਂ ਕੁਰਬਾਨੀਆਂ ਨੂੰ ਚੇਤੇ ਰੱਖਣ ਤੇ ਸੇਧ ਲੈਣ ਦੀ ਜਰੂਰਤ : ਪ੍ਰਿਤਪਾਲ ਸਿੰਘ ਬਠਿੰਡਾ 

ਸੁਪਰੀਮ ਕੋਰਟ ਵੱਲੋਂ ਪ੍ਰੋਫੈਸਰ ਜੀ ਐਨ ਸਾਈਬਾਬਾ ਦੀ ਰਿਹਾਈ ‘ਤੇ ਰੋਕ ਲਾਉਣ ਵਾਲਾ ਫੈਸਲਾ ਅਤਿ- ਨਿੰਦਣਯੋਗ ਅਤੇ ਅਨਿਆਂਪੂਰਨ: ਠੁੱਲੀਵਾਲ


ਹਰਿੰਦਰ ਨਿੱਕਾ , ਬਰਨਾਲਾ : 15 ਅਕਤੂਬਰ, 2022
    ਜਮਹੂਰੀ ਅਧਿਕਾਰ ਸਭਾ ਬਰਨਾਲਾ ਦੁਆਰਾ ਅੱਜ ਸ਼ਹੀਦ ਭਗਤ ਸਿੰਘ ਤੇ ਦੁਰਗਾ ਭਾਬੀ ਦੇ ਜਨਮ ਦਿਨਾਂ ਨੂੰ ਸਮਰਪਿਤ ਸੈਮੀਨਾਰ ਤਰਕਸ਼ੀਲ ਭਵਨ ਬਰਨਾਲਾ ਵਿਖੇ ਕਰਵਾਇਆ ਗਿਆ । ਜਿਸ ਨੂੰ ਉਘੇ ਜਮਹੂਰੀ ਕਾਰਕੁੰਨ ਹਿਮਾਂਸ਼ੂ ਕੁਮਾਰ ਅਤੇ ਸਭਾ ਦੇ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਬਠਿੰਡਾ ਨੇ ਸੰਬੋਧਨ ਕੀਤਾ। ਬੁਲਾਰਿਆਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ, ਚਰਨਜੀਤ ਕੌਰ ਤੇ ਪ੍ਰੇਮਪਾਲ ਕੌਰ ਸੁਸ਼ੋਭਿਤ ਸਨ।                                 
   ਹਿਮਾਂਸ਼ੂ ਕੁਮਾਰ ਨੇ ਕਿਹਾ ਕਿ ਆਏ ਦਿਨ ਲੋਕਾਂ ਦੇ ਜਮਹੂਰੀ ਅਧਿਕਾਰਾਂ ਉਪਰ ਹਮਲੇ ਤਿੱਖੇ ਤੇ ਹਿੰਸਕ ਹੋ ਰਹੇ ਹਨ। ਆਦਿਵਾਸੀਆਂ ਤੋਂ ਜਲ ਜੰਗਲ ‘ਤੇ ਜ਼ਮੀਨ ਖੋਹ ਕੇ ਕਾਰਪੋਰੇਟਾਂ ਦੇ ਹਵਾਲੇ ਕੀਤੇ ਜਾ ਰਹੇ ਹਨ ਤਾਂ ਜੋ  ਉਸ ਧਰਤੀ  ਹੇਠਲੇ ਖਣਿਜ ਪਦਾਰਥਾਂ ਦੀ ਲੁੱਟ ਕੀਤੀ ਜਾ ਸਕੇ। ਆਦਿਵਾਸੀਆਂ ਦਰਮਿਆਨ ਕੰਮ ਕਰਨ ਵਾਲੇ ਕਾਰਕੁੰਨਾਂ ਦੇ ਆਸ਼ਰਮ ਢਾਹੇ ਜਾ ਰਹੇ ਸਨ ਅਤੇ ਉਨ੍ਹਾਂ ਨੂੰ ਉਸ ਇਲਾਕੇ ਵਿਚੋਂ ਬਾਹਰ ਖਦੇੜਿਆ ਜਾ ਰਿਹਾ ਹੈ। ਆਪਣੀ ਖੁਦ ਦੀ ਮਿਸਾਲ ਦਿੰਦੇ ਹੋਏ ਉਨ੍ਹਾਂ ਕਿਹਾ ਕਿ ‘ਮੇਰਾ ਕਸੂਰ ਸਿਰਫ ਇਤਨਾ ਸੀ ਕਿ ਮੈਂ, 12 ਹੋਰ ਆਦਿਵਾਸੀਆਂ ਨਾਲ ਮਿਲ ਕੇ, ਝੂਠੇ ਪੁਲਿਸ ਮੁਕਾਬਲੇ ਦੀ ਨਿਰਪੱਖ ਜਾਂਚ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ,ਜਿਸ ‘ਗੁਸਤਾਖੀ’ ਬਦਲੇ ਮੈਨੂੰ ਪੰਜ ਲੱਖ ਜੁਰਮਾਨਾ ਭਰਨ ਦੀ ਸਜ਼ਾ ਸੁਣਾਈ ਗਈ। ਮੈਨੂੰ ਜੇਲ੍ਹ ਜਾਣਾ ਮੰਨਜੂਰ ਹੈ ਪਰ ਮੈਂ ਜੁਰਮਾਨਾ ਨਹੀਂ ਭਰਾਂਗਾ ਅਤੇ ਨਾ ਹੀ ਇਨਸਾਫ ਮੰਗਣਾ ਛੱਡਾਂਗਾ। ਮੇਰੇ ਫੈਸਲੇ ਦੇ ਚੰਦ ਦਿਨ ਪਹਿਲਾਂ ਉਘੀ ਜਮਹੂਰੀ ਕਾਰਕੁੰਨ ਤੀਸਤਾ ਸੀਤਲਵਾਡ  ਵਿਰੁੱਧ ਦੀ ਸੁਪਰੀਮ ਕੋਰਟ ਨੇ ਅਜਿਹਾ ਹੀ ਰਵੱਈਆ ਦਿਖਾਇਆ। ਭਾਰਤੀ ਨਿਆਂਤੰਤਰ ਦਾ ਫਰਿਆਦੀਆਂ ਨੂੰ ਹੀ ਦੰਡਿਤ ਕਰਨ ਦਾ ਇਹ ਨਵਾਂ ਰੁਝਾਨ ਬਹੁਤ ਖਤਰਨਾਕ ਹੈ, ਜਿਸ ਦਾ ਸਾਰੇ ਚੇਤਨ ਹਲਕਿਆਂ ਨੂੰ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ।                                     
   ਸਭਾ ਦੇ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਬਠਿੰਡਾ ਨੇ ਇਸ ਮੌਕੇ ਆਪਣੀ ਤਕਰੀਰ ਵਿੱਚ ਸ਼ਹੀਦ ਭਗਤ ਸਿੰਘ, ਉਸ ਦੇ ਸਾਥੀਆਂ, ਖਾਸਕਰ ਦੁਰਗਾ ਭਾਬੀ, ਦੀਆਂ ਕੁਰਬਾਨੀਆਂ ਬਾਰੇ ਖੁੱਲ ਕੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਦੁਰਗਾ ਭਾਬੀ ਨੇ ਇਨਕਲਾਬੀ ਸਰਗਰਮੀਆਂ ਵਿੱਚ ਵਧ ਚੜ ਕੇ ਹਿੱਸਾ ਲਿਆ। ਭੇਸ ਬਦਲ ਕੇ  ਸ਼ਹੀਦ ਭਗਤ ਸਿੰਘ ਨੂੰ ਲਾਹੌਰ ਵਿਚੋਂ ਬਾਹਰ ਕੱਢਣ ਵਾਲੇ ਉਨ੍ਹਾਂ ਦੇ ਜੋਖਮ ਭਰੇ ਕਾਰਨਾਮੇ ਨੂੰ ਭੁਲਾਇਆ ਨਹੀਂ ਜਾ ਸਕਦਾ। ਸਾਨੂੰ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਕੁਰਬਾਨੀਆਂ ਨੂੰ ਸਿਰਫ ਯਾਦ ਹੀ ਨਹੀਂ ਰੱਖਣਾ ਚਾਹੀਦਾ ਸਗੋਂ ਇਨ੍ਹਾਂ ਤੋਂ ਸੇਧ ਲੈਣੀ ਚਾਹੀਦੀ ਹੈ।                               
    ਇਸ ਮੌਕੇ ਅਜਮੇਰ ਅਕਲੀਆ, ਜਗਰਾਜ ਧੌਲਾ, ਪ੍ਰੇਮਪਾਲ ਕੌਰ, ਗੋਪੀ ਰਾਏਸਰ ਅਤੇ ਦਲਵਾਰਾ ਸਿੰਘ ਨੇ ਇਨਕਲਾਬੀ ਕਵਿਤਾਵਾਂ ਤੇ ਗੀਤ ਸੁਣਾਏ । ਮਤੇ ਪਾ ਕੇ ਜੇਲ੍ਹਾਂ ‘ਚ ਬੰਦ ਬੁਧੀਜੀਵੀਆਂ ਨੂੰ ਰਿਹਾ ਕਰਨ, ਪੰਜਾਬ ਦੇ  ਸਦਭਾਵਨਾ ਮਾਹੌਲ ਨੂੰ ਖਰਾਬ ਕਰਨ ਵਾਲੀਆਂ ਫਿਰਕੂ ਤਾਕਤਾਂ ਨੂੰ ਨਕੇਲ ਪਾਉਣ, ਟੋਲ ਪਲਾਜ਼ਿਆਂ ਦੀ ਲੁੱਟ ਬੰਦ ਕਰਨ,ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਨੂੰ ਤੁਰੰਤ ਸਵੀਕਾਰ ਕਰਨ ਦੀ ਮੰਗ ਕੀਤੀ ਗਈ। ਸਭਾ ਦੇ ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ ਨੇ ਆਏ ਸਰੋਤਿਆਂ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਜਿਲ੍ਹਾ ਸਕੱਤਰ ਸੋਹਣ ਸਿੰਘ ਮਾਝੀ ਨੇ ਬਾਖੂਬੀ ਨਿਭਾਈ। 

Spread the love
Scroll to Top